ਚੰਡੀਗੜ੍ਹ — ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਸ਼ਨੀਵਾਰ ਨੂੰ ਪੰਜਾਬ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ। ਮੁਲਾਕਾਤ ਵਿੱਚ ਕਾਨੂੰਨ-ਵਿਵਸਥਾ ਸਮੇਤ ਚਾਰ ਮੁੱਖ ਮੁੱਦੇ ਚੁੱਕੇ ਗਏ।
ਪਤਨੀ ਨਵਜੋਤ ਕੌਰ ਸਿੱਧੂ ਦੇ ਬਿਆਨ ਨੇ ਇਕ ਵਾਰ ਫ਼ਿਰ ਸਿਆਸਤ ‘ਚ ਹਲਚਲ ਮਚਾ ਕੇ ਰੱਖ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਸਿਆਸਤ ਵਿਚ ਤਾਂ ਹੀ ਵਾਪਸ ਆਉਣਗੇ, ਜਦੋਂ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਵੇ।
ਮੀਡੀਆ ਨਾਲ ਗੱਲਬਾਤ ਵਿੱਚ ਨਵਜੋਤ ਕੌਰ ਨੇ ਸਪੱਸ਼ਟ ਕਿਹਾ ਕਿ ਸਿੱਧੂ ਸਾਹਿਬ ਤਦੋਂ ਹੀ ਸਿਆਸਤ ਵਿੱਚ ਪੂਰੀ ਤਰ੍ਹਾਂ ਸਰਗਰਮ ਹੋਣਗੇ ਜੇਕਰ ਕਾਂਗਰਸ ਉਨ੍ਹਾਂ ਨੂੰ 2027 ਲਈ ਮੁੱਖ ਮੰਤਰੀ ਦਾ ਚਿਹਰਾ ਐਲਾਨ ਦੇਵੇ। ਉਨ੍ਹਾਂ ਕਿਹਾ, “ਅਸੀਂ ਕਾਂਗਰਸ ਤੇ ਪ੍ਰਿਯੰਕਾ ਗਾਂਧੀ ਨਾਲ ਜੁੜੇ ਹੋਏ ਹਾਂ, ਪਰ ਪੰਜ ਮੁੱਖ ਮੰਤਰੀ ਬਦਲਣ ਤੋਂ ਬਾਅਦ ਵੀ ਸਿੱਧੂ ਨੂੰ ਅੱਗੇ ਨਹੀਂ ਲਿਆਂਦਾ ਗਿਆ।”
ਉਨ੍ਹਾਂ ਤੰਜ ਕੱਸਿਆ ਕਿ “ਜਿਹੜਾ 500 ਕਰੋੜ ਦਾ ਬ੍ਰੀਫਕੇਸ ਦਿੰਦਾ ਏ, ਉਹ ਮੁੱਖ ਮੰਤਰੀ ਬਣ ਜਾਂਦਾ ਏ। ਸਾਡੇ ਕੋਲ ਪੈਸੇ ਨਹੀਂ, ਪਰ ਨਤੀਜੇ ਦੇਣ ਦੀ ਤਾਕਤ ਜ਼ਰੂਰ ਏ। ਕੋਈ ਵੀ ਪਾਰਟੀ ਸਾਨੂੰ ਪੰਜਾਬ ਸੁਧਾਰਨ ਦੀ ਜ਼ਿੰਮੇਵਾਰੀ ਦੇਵੇ, ਅਸੀਂ ਪੰਜਾਬ ਨੂੰ ਸੁਨਹਿਰੀ ਰਾਜ ਬਣਾ ਦਿਆਂਗੇ।”
ਭਾਜਪਾ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ, “ਮੈਂ ਸਿੱਧੂ ਸਾਹਿਬ ਵੱਲੋਂ ਨਹੀਂ ਬੋਲ ਸਕਦੀ।” ਪਰ ਕਾਂਗਰਸ ਵੱਲੋਂ ਜ਼ਿੰਮੇਵਾਰੀ ਮਿਲਣ ’ਤੇ ਸਪੱਸ਼ਟ ਜਵਾਬ ਦਿੱਤਾ, “ਹਾਂ, ਉਹ ਜ਼ਰੂਰ ਵਾਪਸ ਆਉਣਗੇ।”ਇਸ ਬਿਆਨ ਨਾਲ ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਸਿੱਧੂ ਦੀ ਵਾਪਸੀ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਹਨ।

