‘ਦ ਖ਼ਾਲਸ ਬਿਊਰੋ : ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਨੈਸ਼ਨਲ ਅਚੀਵਮੈਂਟ ਸਰਵੇ (ਐਨਏਐਸ) 2021 ਦੀ ਰਿਪੋਰਟ ਵਿੱਚ ਪੰਜਾਬ ਬਾਕੀ ਰਾਜਾਂ ਵਿੱਚੋਂ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ ਰਾਜ ਬਣਿਆ ਹੈ। 2021 ਦੀ ਜਾਰੀ ਰਿਪੋਰਟ ਮੁਤਾਬਕ ਤੀਜੀ, ਪੰਜਵੀਂ, ਅੱਠਵੀਂ ਤੇ ਦਸਵੀਂ ਜਮਾਤ ਸਬੰਧੀ ਕਰਵਾਏ ਸਰਵੇਖਣ ਵਿੱਚ ਪੰਜਾਬ ਕੌਮੀ ਪੱਧਰ ’ਤੇ ਅੱਗੇ ਰਿਹਾ ਹੈ।
ਇਸ ਰਿਪੋਰਟ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਪੰਜਾਬ ਸਰਕਾਰ ‘ਤੇ ਸਵਾਲ ਉਠਾਏ ਹਨ ਕਿ ਜੇਕਰ ਪੰਜਾਬ ਦੇਸ਼ ਭਰ ਵਿੱਚੋਂ ਮੋਹਰੀ ਹੈ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਮਾਡਲ ਕਿਉਂ ਥੋਪਣਾ ਚਾਹੁੰਦੀ ਹੈ।ਜੇਕਰ ਪ੍ਰਤੀਕਰਮਾਂ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਪੰਜਾਬ ਸਰਕਾਰ ‘ਤੇ ਵਰ੍ਹਦਿਆਂ ਕਿਹਾ ਹੈ ਕਿ ਜੇਕਰ ਉਹ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੁੰ ਪ੍ਰਾਪਤੀਆਂ ਲਈ ਵਧਾਈ ਦੇਣ ਅਤੇ ਉਹਨਾਂ ਦੀ ਬਦਨਾਮੀ ਕਰਨ ਲਈ ਉਹਨਾਂ ਤੋਂ ਮੁਆਫੀ ਮੰਗਣ।
ਉਨ੍ਹਾਂ ਨੇ ਕਿਹਾ ਕਿ ਸਰਵੇਖਣ ਵਿਚ ਪੰਜਾਬ ਦੇ ਵਿਦਿਆਰਥੀਆਂ ਨੇ ਦਿੱਲੀ ਤੇ ਸਾਰੇ ਦੇਸ਼ ਦੀ ਸਿੱਖਿਆ ਪ੍ਰਣਾਲੀ ਨਾਲੋਂ ਚੰਗਾ ਪ੍ਰਦਰਸ਼ਨ ਕੀਤਾ ਹੈ। ਪੰਜਾਬ ਦੇ ਲੋਕਾਂ ਨੂੰ ਦਿੱਲੀ ਮਾਡਲ ਦਾ ਝੂਠ ਬੋਲ ਕੇ ਗੁੰਮਰਾਹ ਕੀਤਾ ਗਿਆ ਅਤੇ ਆਮ ਆਦਮੀ ਪਾਰਟੀ ਵੱਲੋਂ ਝੂਠ ਬੋਲ ਕੇ ਪੰਜਾਬ ਦੇ ਸਕੂਲਾਂ ਨੂੰ ਅਪਮਾਨਿਤ ਕੀਤਾ ਜਾ ਰਿਹਾ ਸੀ।
ਚੀਮਾ ਨੇ ਇਹ ਵੀ ਗੱਲ ਸਭ ਦੇ ਸਾਹਮਣੇ ਰੱਖੀ ਹੈ ਕਿ ਦਿੱਲੀ ਦੇ ਸਕੂਲ ਸਿੱਖਿਆ ਮਾਡਲ ਨੂੰ ਆਪ ਨੇ ਪੰਜਾਬ ਦੇ ਨਾਲ ਨਾਲ ਦੇਸ਼ ਵਿਚ ਸਿਰਫ ਪ੍ਰਾਪੇਗੰਡੇ ਵਾਸਤੇ ਵਰਤਿਆ ਜਦੋਂ ਇਹ ਪੂਰੀ ਤਰ੍ਹਾਂ ਫੇਲ੍ਹ ਸਿਸਟਮ ਹੈ। ਉਹਨਾਂ ਕਿਹਾ ਕਿ ਸ੍ਰੀ ਭਗਵੰਤ ਮਾਨ ਨੁੰ ਇਹ ਮੰਨਣਾ ਚਾਹੀਦਾ ਹੈ ਤੇ ਪੰਜਾਬੀਆਂ ਸਿਰ ਦਿੱਲੀ ਮਾਡਲ ਮੜ੍ਹਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਤੇ ਇਸ ਤੋਂ ਇਲਾਵਾ ਮੌਜੂਦਾ ਪੰਜਾਬ ਮਾਡਲ ਜਿਸਨੇ ਕੌਮੀ ਸਰਵੇਖਣ ਵਿਚ ਪੰਜਾਬ ਨੂੰ ਚੌਖਾ ਲਾਭ ਦਿੱਤਾ ਹੈ, ਨੁੰ ਮਜ਼ਬੂਤ ਕਰਨ ਵਾਸਤੇ ਕੰਮ ਕਰਨਾ ਚਾਹੀਦਾ ਹੈ।
ਇਸ ਤੋਂ ਇਲਾਵਾ ਉਹਨਾਂ ਆਪਣੇ ਇੱਕ ਹੋਰ ਟਵੀਟ ਵਿੱਚ ਲਿਖਿਆ ਹੈ ਕਿ ਮੈਂ ਹੈਰਾਨ ਹਾਂ ਕਿਉਂ ਮੁੱਖ ਮੰਤਰੀ ਭਗਵੰਤ ਮਾਨ ਤੇ ਸਿੱਖਿਆ ਮੰਤਰੀ
ਮੀਤ ਹੇਅਰ ਪੰਜਾਬ ਦੀ ਭਾਰਤ ਸਰਕਾਰ ਦੀ ਨੈਸ਼ਨਲ ਅਚੀਵਮੈਂਟ ਸਰਵੇ
ਵਿੱਚ ਨੰਬਰ 1 ਹੋਣ ਦੀ ਮਹਾਨ ਪ੍ਰਾਪਤੀ ‘ਤੇ ਚੁੱਪ ਧਾਰੀ ਬੈਠੇ ਹਨ? ਉਹਨਾਂ ਨੂੰ ਘੱਟੋ-ਘੱਟ ਪੰਜਾਬ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦੇਣੀ ਚਾਹੀਦੀ ਹੈ ਤੇ ਹੁਣ ਦਿੱਲੀ ਮਾਡਲ ਦੀ ਬਜਾਏ ਪੰਜਾਬ ਮਾਡਲ ਦਾ ਪ੍ਰਚਾਰ ਕਰਨਾ ਚਾਹੀਦਾ ਹੈ।
ਇਸੇ ਮਾਮਲੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਵੀ ਟਵੀਟ ਕੀਤਾ ਹੈ ਕਿ ਇਹ ਇਤਿਹਾਸ ਵਿੱਚ ਸ਼ਾਇਦ ਪਹਿਲੀ ਵਾਰ ਹੋਇਆ ਹੈ ਕਿ ਕੋਈ ਮੁੱਖ ਮੰਤਰੀ ਆਪਣੇ ਸੂਬੇ ਦੀ ਬੇਮਿਸਾਲ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਹੈ। ਪੰਜਾਬ ਨੇ ਰਾਸ਼ਟਰੀ ਸਿੱਖਿਆ ਸਰਵੇਖਣ ਵਿੱਚ ਨੰਬਰ 1 ਸਥਾਨ ਹਾਸਲ ਕੀਤਾ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਸਾਡੇ ਅਧਿਆਪਕਾਂ ਦੀ ਮਿਹਨਤ ਨੂੰ ਵਧਾਈ ਦੇਣ ਲਈ ਕੁਝ ਨਹੀਂ ਕਿਹਾ ਹੈ।
ਆਪਣੇ ਇੱਕ ਹੋਰ ਟਵੀਟ ਵਿੱਚ ਉਹਨਾਂ ਨੇ ਕਿਹਾ ਹੈ ਕਿ ਜੇ ਇਹ ਦਿੱਲੀ ਹੋਇਆ ਹੁੰਦਾ ਤਾਂ ਆਮ ਆਦਮੀ ਪਾਰਟੀ ਨੇ ਹੁਣ ਤੱਕ ਆਪਣੇ ਸਿੱਖਿਆ ਮਾਡਲ ਨੂੰ ਪ੍ਰਚਾਰੀ ਜਾਣਾ ਸੀ ਪਰ ਅਸੀਂ ਹਰ ਪੰਜਾਬੀ ਅਧਿਆਪਕ ਦੀ ਸਖ਼ਤ ਮਿਹਨਤ ਅਤੇ ਸਮਰਪਣ ਲਈ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਨੂੰ ਸੰਭਵ ਬਣਾਉਣ ਲਈ ਸਖ਼ਤ ਮਿਹਨਤ ਕੀਤੀ ਹੈ ।
ਵਿਰੋਧੀ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਇਸ਼ ਮਾਮਲੇ ਵਿੱਚ ਟਵੀਟ ਕਰ ਕੇ ਪੰਜਾਬ ਦੇ ਸਕੂਲੀ ਮਾਡਲ ਦੀ ਤਾਰੀਫ਼ ਕੀਤੀ ਹੈ।ਉਹਨਾਂ ਖੁਸ਼ੀ ਜ਼ਾਹਿਰ ਕਰਦਿਆਂ ਲਿਖਿਆ ਹੈ ਕਿ ਪੰਜਾਬ ਦੇ ਸਕੂਲ ਦਿੱਲੀ ਨੂੰ ਪਛਾੜ ਰਹੇ ਹਨ।ਮੁੱਖ ਮੰਤਰੀ ਭਗਵੰਤ ਮਾਨ ਜੀ,ਪੰਜਾਬ ਦੇ ਸਿੱਖਿਆ ਮਾਡਲ ਦਾ ਦਿੱਲੀ ਜਾਣ ਦਾ ਸਮਾਂ ਆ ਗਿਆ ਹੈ।ਉਹਨਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਨੂੰ ਵੀ ਬੇਨਤੀ ਕਰਦੇ ਹੋਏ ਲਿੱਖਿਆ ਹੈ ਕਿ ਕਿਰਪਾ ਕਰਕੇ ਪੰਜਾਬੀਆਂ ਨੂੰ ਬਦਨਾਮ ਨਾ ਕਰੋ।
ਦੇਖਿਆ ਜਾਵੇ ਤਾਂ ਪੰਜਾਬ ਦੀ ਸਿੱਖਿਆ ਪ੍ਰਣਾਲੀ ਦੀ ਇਹ ਪ੍ਰਾਪਤੀ ਤੇ ਮਾਣ ਕਰਨਾ ਬਣਦਾ ਹੈ ਤੇ ਉਹਨਾਂ ਅਧਿਆਪਕਾਂ ਤੇ ਵੀ ਜਿਹਨਾਂ ਦੀ ਮਿਹਨਤ ਸਦਕਾ ਇਹ ਪ੍ਰਾਪਤੀ ਪੰਜਾਬ ਦੇ ਹਿੱਸੇ ਆਈ ਹੈ। ਇਸ ਪ੍ਰਾਪਤੀ ਦੇ ਸਦਕਾ ਹੁਣ ਪੰਜਾਬ ਦਾ ਸਿੱਖਿਆ ਮਾਡਲ ਵੀ ਚਰਚਾ ਵਿੱਚ ਹੈ ਹਾਲਾਂਕਿ ਹੁਣ ਤੱਕ ਦਿੱਲੀ ਮਾਡਲ ਹੀ ਵੱਧ ਪ੍ਰਚਾਰਿਆ ਗਿਆ ਸੀ।