ਬਿਉਰੋ ਰਿਪੋਰਟ – ਜਗਜੀਤ ਸਿੰਘ ਡੱਲੇਵਾਲ ਪਿਛਲੇ 42 ਦਿਨਾਂ ਤੋਂ ਮਰਨ ਵਰਤ ‘ਤੇ ਬੈਠੇ ਹੋਏ ਹਨ ਪਰ ਦੇਸ਼ ਦੀ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ। ਡੱਲੇਵਾਲ ਦੀ ਸਿਹਤ ਦਾ ਹਾਲ ਦੱਸਦਿਆਂ ਡਾ. ਸਵੈਮਾਨ ਸਿੰਘ ਦੀ ਟੀਮ ਦੇ ਲੀਡਰ ਅਵਤਾਰ ਸਿੰਘ ਨੇ ਕਿਹਾ ਕਿ ਬੀਤੇ ਦਿਨ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਕਾਫੀ ਖਰਾਬ ਹੋ ਗਈ ਸੀ, ਇਕ ਵਾਰ ਇਸ ਤਰਾਂ ਲੱਗਾ ਸੀ ਕਿ ਉਹ ਸਾਥ ਛੱਡ ਗਏ ਹਨ, ਉਨ੍ਹਾਂ ਕਰੀਬ ਅੱਧਾ ਘੰਟਾ ਕੋਈ ਜਵਾਬ ਨਹੀਂ ਦਿੱਤਾ। ਕੱਲ੍ਹ ਲੰਮੇ ਪਏ ਹੀ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਸਨ। ਉਨ੍ਹਾਂ ਕਿਹਾ ਜਦੋਂ ਡੱਲੇਵਾਲ ਦੀਆਂ ਲੱਤਾਂ ਸਿਰ ਤੋਂ ਉੱਪਰ ਕਰਦੇ ਹਾਂ ਤਾਂ ਡੱਲੇਵਾਲ ਦਾ ਬੀਪੀ ਸਹੀ ਰਹਿੰਦਾ ਹੈ ਤੇ ਜਦੋਂ ਹੇਠਾਂ ਕਰਦੇ ਹਾਂ ਤਾਂ ਬੀਪੀ ਘੱਟ ਜਾਦਾ ਹੈ ਅਤੇ ਹੁਣ ਵੀ ਉਨ੍ਹਾਂ ਦੀ ਲੱਤਾ ਸਿਰ ਦੇ ਉੱਪਰ ਰੱਖੀਆਂ ਹਨ। ਸਿਹਤ ਬਹੁਤ ਡਾਊਨ ਹੈ। ਸਿਹਤ ਇੰਨੀ ਮਾੜੀ ਹੈ ਕਿ ਕਿਸੇ ਸਮੇ ਕੁਝ ਵੀ ਹੋ ਸਕਦਾ ਹੈ।
ਕਿਸਾਨ ਲੀਡਰ ਅਭਿਮਨਿਉ ਕੋਹਾੜ ਨੇ ਕਿਹਾ ਕਿ ਵੱਖ-ਵੱਖ ਸਰਕਾਰਾਂ ਵੱਲ਼ੋਂ ਕੀਤਾ ਵਾਅਦਿਆਂ ਨੂੰ ਪੂਰਾ ਕਰਵਾਉਣ ਲਈ ਕੈਂਸਰ ਤੋਂ ਪੀੜਤ ਕਿਸਾਨ ਲੀਡਰ ਇੰਨੀ ਵੱਡੀ ਉਮਰ ਵਿਚ ਲੜਾਈ ਲੜ ਰਿਹਾ ਹੈ ਪਰ ਦੇਸ਼ ਦੇ ਪ੍ਰਧਾਨ ਮੰਤਰੀ ਦਾ ਦਿਲ ਫਿਰ ਵੀ ਨਹੀਂ ਪਸੀਜਿਆ। ਪ੍ਰਧਾਨ ਮੰਤਰੀ ਨੂੰ ਨੈਤਿਕਤਾ ਤੇ ਇਨਸਾਨਿਤ ਦੇ ਨਾਤੇ ਡੱਲੇਵਾਲ ਦੀ ਸਥਿਤੀ ਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ। ਕੋਹਾੜ ਨੇ ਕਿਹਾ ਕਿ ਡੱਲੇਵਾਲ ਦੀ ਇਕ ਆਵਾਜ਼ ਤੇ 4 ਜਨਵਰੀ ਨੂੰ ਲੱਖਾਂ ਲੋਕ ਇਕੱਠੇ ਹੋ ਗਏ ਸਨ ਤੇ ਜੇਕਰ ਡੱਲੇਵਾਲ ਨੂੰ ਕੁਝ ਹੋ ਗਿਆ ਤਾਂ ਕੇਂਦਰ ਸਰਕਾਰ ਸਥਿਤੀ ਨੂੰ ਸੰਭਾਲ ਨਹੀਂ ਸਕੇਗੀ। ਕੇਂਦਰ ਸਰਕਾਰ ਨੂੰ ਸਥਿਤੀ ਸੰਭਾਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇਕਰ ਡੱਲੇਵਾਲ ਨੂੰ ਕੁਝ ਹੁੰਦਾ ਹੈ ਤਾਂ ਸਰਕਾਰ ਆਪਣੇ ‘ਤੇ ਲੱਗੇ ਇਸ ਦਾਗ ਨੂੰ ਕਦੀ ਸਾਫ ਨਹੀਂ ਕਰ ਸਕੇਗੀ। ਇਸ ਤਰ੍ਹਾਂ ਕਦੀ ਅੰਗਰੇਜਾ ਅਤੇ ਆਜਾਦੀ ਤੋਂ ਬਾਅਦ ਵੀ ਨਹੀਂ ਹੋਇਆ ਕਿ ਕੋਈ ਅੰਦੋਲਨ ‘ਤੇ ਬੈਠਾ ਹੋਵੇ ਤੇ ਸਰਕਾਰ ਕੋਈ ਗੱਲ ਨਾ ਸੁਣੇ। ਕੋਹਾੜ ਨੇ ਕਿਹਾ ਕਿ ਪੂਰੇ ਦੇਸ ਵਿਚ 10 ਜਨਵਰੀ ਨੂੰ ਮੋਦੀ ਸਰਕਾਰ ਦੇ ਪੁਤਲੇ ਸਾੜੇ ਜਾਣਗੇ ਅਤੇ 13 ਨੰ ਨਵੀ ਖੇਤੀ ਨੀਤੀ ਦੇ ਡਰਾਫਟ ਸਾੜੇ ਜਾਣਗੇ, 26 ਜਨਵਰੀ ਨੂੰ ਦੇਸ਼ ਵਿਚ ਕਿਸਾਨਾ ਦੇ ਟਰੈਕਟਰ ਸੜਕਾਂ ‘ਤੇ ਹੋਣਗੇ।
ਇਹ ਵੀ ਪੜ੍ਹੋ – ਦਿੱਲੀ ਚੋਣਾਂ ‘ਚ ‘ਸਮਾਜਵਾਦੀ ਪਾਰਟੀ’ ਨੇ ‘ਆਪ’ ਨੂੰ ਦਿੱਤਾ ਸਮਰਥਨ