ਬਿਊਰੋ ਰਿਪੋਰਟ (ਲੁਧਿਆਣਾ, 25 ਸਤੰਬਰ 2025): ਲੁਧਿਆਣਾ ਦੇ ਬਸਤੀ ਜੋਧੇਵਾਲ ਇਲਾਕੇ ’ਚ ਇੱਕ ਬੈਗ ਦੀ ਦੁਕਾਨ ਤੋਂ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (IED) ਬਰਾਮਦ ਹੋਣ ਨਾਲ ਸ਼ਹਿਰ ਵਿੱਚ ਹੜਕੰਪ ਮਚ ਗਿਆ। ਪੁਲਿਸ ਨੇ ਦੱਸਿਆ ਕਿ ਇਹ ਬੈਗ ਬੁੱਧਵਾਰ ਰਾਤ ਤੋਂ ਸ਼ੱਕ ਦੇ ਘੇਰੇ ’ਚ ਸੀ ਅਤੇ ਵੀਰਵਾਰ ਦੁਪਹਿਰ ਨੂੰ ਪੁਸ਼ਟੀ ਹੋਈ ਕਿ ਇਸ ਵਿੱਚ ਧਮਾਕੇਖੇਜ਼ ਸਮੱਗਰੀ ਮੌਜੂਦ ਹੈ।
ਦੁਕਾਨਦਾਰ ਦੇ ਮੁਤਾਬਕ, ਲਗਭਗ ਚਾਰ ਦਿਨ ਪਹਿਲਾਂ ਇੱਕ ਸ਼ੱਕੀ ਵਿਅਕਤੀ ਅਟੈਚੀ ਖਰੀਦਣ ਆਇਆ ਸੀ। ਉਸਨੇ 500 ਰੁਪਏ ਐਡਵਾਂਸ ਦੇ ਕੇ ਆਪਣਾ ਬੈਗ ਉੱਥੇ ਹੀ ਛੱਡ ਦਿੱਤਾ ਅਤੇ ਕਿਹਾ ਸੀ ਕਿ ਥੋੜ੍ਹੀ ਦੇਰ ’ਚ ਵਾਪਸ ਆਵੇਗਾ। ਬਾਅਦ ਵਿੱਚ ਜਦੋਂ ਬੈਗ ਤੋਂ ਪੈਟਰੋਲ ਦੀ ਬੂ ਆਈ ਤਾਂ ਦੁਕਾਨਦਾਰ ਨੇ ਬਿਲਡਿੰਗ ਮਾਲਕ ਰਾਹੀਂ ਥਾਣਾ ਦਰੇਸੀ ਪੁਲਿਸ ਨੂੰ ਸੂਚਿਤ ਕੀਤਾ।
ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਖੁਦ ਮੌਕੇ ’ਤੇ ਪਹੁੰਚੇ ਅਤੇ ਮਾਮਲੇ ਦੀ ਜਾਣਕਾਰੀ ਲਈ। ਪੁਲਿਸ ਨੇ ਦੋ ਸ਼ੱਕੀ ਲੋਕਾਂ ਨੂੰ ਹਿਰਾਸਤ ’ਚ ਲਿਆ ਹੈ ਜੋ ਯੂਟਿਊਬ ਦੇ ਜ਼ਰੀਏ ਬੰਬ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ।
ਜਾਂਚ ਦੌਰਾਨ ਬੈਗ ਵਿੱਚੋਂ 5 ਤੋਂ 6 ਲੀਟਰ ਪੈਟਰੋਲ, ਬੈਟਰੀ, ਤਾਰਾਂ ਅਤੇ ਇੱਕ ਡਾਇਲਰ ਬਰਾਮਦ ਹੋਇਆ। ਬੰਬ ਸਕਵਾਇਡ ਦੀ ਟੀਮ ਨੇ ਪੂਰੀ ਤਰ੍ਹਾਂ ਜਾਂਚ ਕੀਤੀ। ਇਸ ਸਮੇਂ ਪੁਲਿਸ ਇਲਾਕੇ ਦੇ CCTV ਫੁਟੇਜ ਖੰਗਾਲ ਰਹੀ ਹੈ ਅਤੇ ਦੁਕਾਨਦਾਰ ਨਾਲ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।