Punjab

IAS ਅਫ਼ਸਰ ਦਾ ਅਸਤੀਫਾ ! ਬੀਜੇਪੀ ਵੱਲੋਂ ਚੋਣ ਲੜਨਗੇ ! ਬਾਦਲ ਪਰਿਵਾਰ ਦੇ ਕਰੀਬੀ ਆਗੂ ਦੀ ਨੂੰਹ !

ਬਿਉਰੋ ਰਿਪੋਰਟ : ਅਕਾਲੀ ਦਲ ਦੇ ਟਕਸਾਲੀ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਅਤੇ IAS ਅਫਸਰ ਪਰਮਪਾਲ ਕੌਰ ਬੀਜੇਪੀ ਵਿੱਚ ਸ਼ਾਮਲ ਹੋ ਸਕਦੀ ਹਨ । ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ । 2015 ਵਿੱਚ ਪਰਮਪਾਲ ਕੌਰ PCS ਤੋਂ ਪਰਮੋਟ ਹੋਕੇ IAS ਬਣੀ ਸਨ। ਉਹ ਪੰਜਾਬ ਦੇ ਕਈ ਅਹਿਮ ਅਹੁਦਿਆਂ ‘ਤੇ ਰਹੀ ਹਨ । ਮੰਨਿਆ ਜਾ ਰਿਹਾ ਹੈ ਕਿ ਬੀਜੇਪੀ ਬਠਿੰਡਾ ਲੋਕਸਭਾ ਹਲਕੇ ਤੋਂ ਉਨ੍ਹਾਂ ਨੂੰ ਆਪਣਾ ਉਮੀਦਵਾਰ ਐਲਾਨ ਸਕਦੀ ਹੈ । ਜੇਕਰ ਇਹ ਹੁੰਦਾ ਹੈ ਤਾਂ ਬਾਦਲ ਅਤੇ ਮਲੂਕਾ ਪਰਿਵਾਰ ਵਿਚਾਲੇ ਮੁਕਾਬਲਾ ਹੋਵੇਗਾ । ਦੱਸਿਆ ਜਾ ਰਿਹਾ ਹੈ ਕਿ ਬੀਜੇਪੀ ਕੁਝ ਸਮੇਂ ਤੋਂ ਮਲੂਕਾ ਪਰਿਵਾਰ ਦੇ ਸੰਪਰਕ ਵਿੱਚ ਹੈ ।

ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਬਾਦਲ ਪਰਿਵਾਰ ਦੇ ਕਾਫੀ ਨਜ਼ਦੀਕ ਹਨ। ਉਨ੍ਹਾਂ ਦੇ ਪਾਲਾ ਬਦਲਣ ਦੀ ਚਰਚਾਵਾਂ ਲੰਮੇ ਸਮੇਂ ਤੋਂ ਚੱਲ ਰਹੀਆਂ ਸਨ । 2022 ਦੀਆਂ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਉਹ ਦਿੱਲੀ ਬੀਜੇਪੀ ਵਿੱਚ ਸ਼ਾਮਲ ਹੋਣ ਲਈ ਪਹੁੰਚ ਗਏ ਸਨ । ਪਰ ਪ੍ਰਕਾਸ਼ ਸਿੰਘ ਬਾਦਲ ਦੇ ਇੱਕ ਫੋਨ ਨੇ ਉਨ੍ਹਾਂ ਨੂੰ ਫੈਸਲਾ ਬਦਲਣ ਲਈ ਮਜ਼ਬੂਰ ਕਰ ਦਿੱਤਾ । ਇਸ ਤੋਂ ਇਲਾਵਾ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸੁਰਜੀਤ ਸਿੰਘ ਰੱਖੜਾ ਦੇ ਵੀ ਬੀਜੇਪੀ ਵਿੱਚ ਜਾਣ ਦੀਆਂ ਚਰਚਾਵਾਂ ਸਨ ਹਾਲਾਂਕਿ ਅੱਜ ਚੰਦੂਮਾਜਰਾ ਸੁਖਬੀਰ ਬਾਦਲ ਦੇ ਨਾਲ ਪੰਜਾਬ ਬਚਾਓ ਯਾਤਰਾ ਵਿੱਚ ਵੇਖੇ ਗਏ ਸਨ । ਪਰ ਚੋਣਾਂ ਦੌਰਾਨ ਸਿਆਸਤ ਹਰ ਪਲ ਬਦਲ ਦੀ ਹੈ ।

ਇਸ ਵਕਤ ਪਰਮਪਾਲ ਕੌਰ ਪੰਜਾਬ ਸਨਅਤੀ ਵਿਕਾਸ ਨਿਗਮ ਦੀ ਮੈਨੇਜਿੰਗ ਡਾਇਰੈਕਟਰ ਦੇ ਅਹੁਦੇ ‘ਤੇ ਤਾਇਨਾਤ ਸੀ । ਪਰਮਪਾਲ ਕੌਰ ਨੇ ਆਪਣੀ ਅਸਤੀਫਾ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਭੇਜ ਦਿੱਤਾ ਹੈ । ਮੁੱਖ ਮੰਤਰੀ ਮਾਨ ਨੇ ਅਸਤੀਫਾ ਮਨਜ਼ੂਰ ਕਰ ਲਿਆ ਤਾਂ ਇਸ ਨੂੰ ਕੇਂਦਰ ਪਰਸਨਲ ਐਂਡ ਟ੍ਰੇਨਿੰਗ ਵਿਭਾਗ ਕੋਲ ਭੇਜ ਦਿੱਤਾ ਜਾਵੇਗਾ । ਖਬਰਾਂ ਮੁਤਾਬਿਕ ਪਰਮਪਾਲ ਕੌਰ ਨੇ ਅਕਤੂਬਰ ਵਿੱਚ ਰਿਟਾਇਡ ਹੋਣਾ ਸੀ । ਸਿਕੰਦਰ ਸਿੰਘ ਮਲੂਕਾ ਆਪ ਲੋਕਸਭਾ ਚੋਣ ਲੜਨ ਚਾਹੁੰਦੇ ਸਨ । ਪਰ ਉਨ੍ਹਾਂ ਨੂੰ ਟਿਕਟ ਮਿਲਣ ਦੀ ਉਮੀਦ ਘੱਟ ਹੀ ਸੀ ਇਸੇ ਲਈ ਉਨ੍ਹਾਂ ਨੇ ਨੂੰਹ ਦੇ ਜ਼ਰੀਏ ਬੀਜੇਪੀ ਵਿੱਚ ਦਾਖਲ ਹੋਣ ਦਾ ਰਸਤਾ ਚੁਣਿਆ ਹੈ ।