ਲੋਕ ਸਭਾ ਚੋਣਾਂ (Lok Sabha Elections 2024) ਨੂੰ ਲੈ ਕੇ ਸਿਆਸੀ ਪਾਰਟੀਆਂ ਪੂਰਾ ਜ਼ੋਰ ਲਗਾ ਰਹੀਆਂ ਹਨ। ਹਰ ਪਾਰਟੀ ਵੱਲੋਂ ਆਪਣੇ ਚੋਣ ਮਨੋਰਥ ਪੱਤਰ ਜਾਰੀ ਕੀਤੇ ਜਾ ਰਹੇ ਹਨ। ਪਰ ਇੰਡੀਆ ਗਠਜੋੜ (India Alliance) ਚੰਡੀਗੜ੍ਹ ਲਈ ਇੱਕ ਵੱਖਰਾ ਚੋਣ ਮਨੋਰਥ ਪੱਤਰ ਜਾਰੀ ਕਰਨ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ‘ਆਪ’ ਦੇ ਚੰਡੀਗੜ੍ਹ ਸਹਿ-ਇੰਚਾਰਜ ਸੰਨੀ ਆਹਲੂਵਾਲੀਆ ਨੇ ਕਿਹਾ ਕਿ ਚੋਣ ਮਨੋਰਥ ਪੱਤਰ ਤਿਆਰ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਨਾਮਜ਼ਦਗੀ ਪ੍ਰਕਿਰਿਆ ਪੂਰੀ ਹੁੰਦੇ ਹੀ ਇਸ ਨੂੰ ਜਾਰੀ ਕਰ ਦਿੱਤਾ ਜਾਵੇਗਾ। ਇਹ ਪੂਰੀ ਤਰ੍ਹਾਂ ਸਥਾਨਕ ਮੁੱਦਿਆਂ ‘ਤੇ ਆਧਾਰਿਤ ਹੋਵੇਗਾ।
‘ਆਪ’ ਅਤੇ ਕਾਂਗਰਸ ਵੱਲੋਂ ਚੋਣ ਮਨੋਰਥ ਪੱਤਰ ਤਿਆਰ ਕਰਨ ਲਈ ਸਾਂਝੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ। ਜਿਸ ਵਿੱਚ ਲੋਕਾਂ ਵੱਲੋਂ ਦਿੱਤੇ ਗਏ ਸੁਝਾਵਾਂ ਅਤੇ ਲਟਕਦੇ ਮਸਲਿਆਂ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕਮੇਟੀ ਵੱਖ-ਵੱਖ ਲੋਕਾਂ ਨਾਲ ਮੀਟਿੰਗ ਕਰਕੇ ਲੋਕਾਂ ਤੋਂ ਸੁਝਾਅ ਮੰਗ ਰਹੀ ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਐਲਾਨੇ ਮੁੱਦਿਆਂ ਨੂੰ ਵੀ ਚੋਣ ਮਨੋਰਥ ਪੱਤਰ ‘ਚ ਸ਼ਾਮਲ ਕੀਤਾ ਜਾਵੇਗਾ। ਇਸ ਵਿੱਚ ਹਰ ਘਰ ਨੂੰ 20,000 ਲੀਟਰ ਮੁਫ਼ਤ ਪਾਣੀ, ਚੰਡੀਗੜ੍ਹ ਵਿੱਚ ਮੁਫ਼ਤ ਪਾਰਕਿੰਗ ਤੇ ਮੁਫ਼ਤ ਬਿਜਲੀ ਦੇਣ ਵਰਗੇ ਵਾਅਦੇ ਸ਼ਾਮਲ ਹੋਣਗੇ।