Punjab

ਮੈਂ ਨੌਕਰੀ ਛੱਡਣ ਲਈ ਕੈਪਟਨ ਨੂੰ ਮਨਾ ਲਿਆ ਹੈ, ਅਫਸਰੀ ਛੱਡਣ ‘ਤੇ ਅੜੇ IG ਕੁੰਵਰ ਵਿਜੇ ਪ੍ਰਤਾਪ ਸਿੰਘ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਅੱਜ ਰਾਜਪਾਲ ਨਾਲ ਮੁਲਾਕਾਤ ਕਰਨ ਲਈ ਪੰਜਾਬ ਰਾਜ ਭਵਨ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਮੇਰੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਦੋ-ਤਿੰਨ ਵਾਰ ਮੁਲਾਕਾਤ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ‘ਮੁੱਖ ਮੰਤਰੀ ਨੇ ਮੈਨੂੰ ਮਨਾਉਣ ਲਈ ਬੁਲਾਇਆ ਸੀ ਪਰ ਮੈਂ ਹੀ ਮੁੱਖ ਮੰਤਰੀ ਨੂੰ ਮਨਾ ਲਿਆ ਹੈ। ਮੈਂ ਨੌਕਰੀ ਤੋਂ ਬਾਅਦ ਵੀ ਸਰਕਾਰ ਦੀ ਮਦਦ ਕਰਾਂਗਾ। ਜੇਕਰ ਇਸ ਮਾਮਲੇ ਨੂੰ ਲੈ ਕੇ ਕੋਈ ਸਾਰਥਕ ਕਦਮ ਸਰਕਾਰ ਵੱਲੋਂ ਚੁੱਕਿਆ ਜਾਂਦਾ ਹੈ, ਤਾਂ ਮੈਂ ਨੌਕਰੀ ਤੋਂ ਬਾਹਰ ਹੋ ਕੇ ਵੀ ਸਰਕਾਰ ਦੀ ਮਦਦ ਕਰਾਂਗਾ’।

ਰਾਜਪਾਲ ਨੂੰ ਮਿਲਣ ਸਬੰਧੀ ਉਨ੍ਹਾਂ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ‘ਉਹ ਰਾਜਪਾਲ ਨੂੰ ਅਸਤੀਫਾ ਦੇਣ ਲਈ ਪਹੁੰਚੇ ਹਨ ਪਰ ਵਿਜੇ ਪ੍ਰਤਾਪ ਨੇ ਸਾਫ ਕਰਦਿਆਂ ਕਿਹਾ ਕਿ ਉਹ ਹਰ ਮਹੀਨੇ ਰਾਜਪਾਲ ਨੂੰ ਮਿਲਦੇ ਹਨ। ਉਨ੍ਹਾਂ ਨੇ ਬਹਿਬਲ ਕਲਾ ਗੋਲੀਕਾਂਡ ਮਾਮਲੇ ਵਿੱਚ ਜਾਂਚ ਕਰ ਰਹੇ ਐੱਸਆਈਟੀ ਦੀ ਜਾਂਚ ਰਿਪੋਰਟ ਬਾਰੇ ਕਿਹਾ ਕਿ ਰਿਪੋਰਟ ਪਹਿਲਾਂ ਹੀ ਜਨਤਕ ਹੋ ਚੁੱਕੀ ਹੈ ਕਿਉਂਕਿ ਅਦਾਲਤ ਵਿੱਚ ਚਲਾਨ ਦੇ ਰੂਪ ਵਿੱਚ ਜੋ ਦਿੱਤਾ ਜਾਂਦਾ ਹੈ, ਉਹ ਪਬਲਿਕ ਡਾਕੂਮੈਂਟ ਹੁੰਦਾ ਹੈ। ਜੋ ਲੋਕ ਇਸ ਰਿਪੋਰਟ ਨੂੰ ਜਨਤਕ ਕਰਨ ਦੀ ਮੰਗ ਕਰ ਰਹੇ ਹਨ, ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ’।