India

ਅਮਿਤਾਬ ਬੱਚਨ ਤੋਂ ਲਏ ਪੈਸਿਆਂ ਦਾ ਮੈਨੂੰ ਨਹੀਂ ਸੀ ਪਤਾ – ਸਿਰਸਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਫੇਸਬੁੱਕ ਪੇਜ ਤੋਂ ਲਾਈਵ ਹੋ ਕੇ ਅਮਿਤਾਬ ਬੱਚਨ ਵੱਲੋਂ ਲਏ ਗਏ 2 ਕਰੋੜ ਪੈਸਿਆਂ ਨੂੰ ਲੈ ਕੇ ਛਿੜੇ ਵਿਵਾਦ ਦਾ ਜਵਾਬ ਦਿੰਦਿਆਂ ਕਿਹਾ ਕਿ ‘ਉਹ ਪਿਛਲੇ ਦਿਨੀਂ ਸੋਸ਼ਲ ਮੀਡੀਆ ਤੋਂ ਇਸ ਕਰਕੇ ਦੂਰ ਸਨ ਕਿਉਂਕਿ ਉਨ੍ਹਾਂ ਦੀ ਕਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ ਅਤੇ ਡਾਕਟਰਾਂ ਨੇ ਉਨ੍ਹਾਂ ਨੂੰ ਸਿਰਫ ਆਰਾਮ ਕਰਨ ਲਈ ਕਿਹਾ ਸੀ, ਜਿਸ ਕਰਕੇ ਉਨ੍ਹਾਂ ਨੇ ਕੁੱਝ ਸਮਾਂ ਸੋਸ਼ਲ ਮੀਡੀਆ ਤੋਂ ਦੂਰੀ ਬਣਾਈ ਹੋਈ ਸੀ’।

ਸਿਰਸਾ ਨੇ ਕਿਹਾ ਕਿ ‘ਅੱਜ ਮੈਨੂੰ ਲਾਈਵ ਇਸ ਲਈ ਹੋਣਾ ਪਿਆ ਕਿਉਂਕਿ ਮੈਂ ਅਮਿਤਾਬ ਬੱਚਨ ਵਾਲੇ ਵਿਵਾਦ ਦਾ ਸੰਗਤ ਨੂੰ ਜਵਾਬ ਦੇਣਾ ਚਾਹੁੰਦਾ ਹਾਂ, ਨਹੀਂ ਤਾਂ ਕਈ ਵਾਰ ਸੰਗਤ ਨੂੰ ਮਾਮਲੇ ਸਬੰਧੀ ਭੁਲੇਖੇ ਰਹਿ ਜਾਂਦੇ ਹਨ’। ਸਿਰਸਾ ਨੇ ਕਿਹਾ ਕਿ ਅਮਿਤਾਬ ਬੱਚਨ ਵੱਲੋਂ 2 ਕਰੋੜ ਰੁਪਏ ਲਏ ਜਾਣ ‘ਤੇ ਵਿਰੋਧੀਆਂ ਵੱਲੋਂ ਮੇਰੇ ਖਿਲਾਫ ਇਸ ਤਰ੍ਹਾਂ ਦੇ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਜਿਵੇਂ ਉਹ ਪੈਸਾ ਮੈਂ ਅਮਿਤਾਬ ਬੱਚਨ ਤੋਂ ਮੰਗਣ ਗਿਆ ਸੀ ਜਾਂ ਮੈਂ ਇਹ ਕੋਈ ਪਾਪ ਕੀਤਾ’।

ਸਿਰਸਾ ਨੇ ਕਿਹਾ ਕਿ ‘3 ਮਈ ਨੂੰ ਮੇਰੇ ਅਕਾਊਂਟ ਵਿੱਚ 2 ਕਰੋੜ ਰੁਪਏ ਆਏ। ਮੈਂ ਉਸਦੇ ਸਕਰੀਨਸ਼ਾਟ ਵੀ ਲਏ ਹਨ। ਮੈਨੂੰ ਬਿਲਕੁਲ ਵੀ ਪਤਾ ਨਹੀਂ ਸੀ ਕਿ ਉਹ ਪੈਸੇ ਕਿੱਥੋ ਆਏ ਹਨ। ਮੈਂ ਇਸਦੀ ਪੜਤਾਲ ਕੀਤੀ ਤਾਂ ਮੈਨੂੰ ਪਤਾ ਲੱਗਾ ਕਿ ਉਹ ਪੈਸੇ ਮੈਨੂੰ ਅਮਿਤਾਬ ਬੱਚਨ ਨੇ ਭੇਜੇ ਹਨ। ਮੇਰੀ ਤਾਂ ਉਸ ਨਾਲ ਕਦੇ ਗੱਲ ਵੀ ਨਹੀਂ ਹੋਈ। 10 ਮਈ ਨੂੰ ਅਮਿਤਾਬ ਬੱਚਨ ਦਾ ਸਟਾਫ ਮੇਰੀ ਉਨ੍ਹਾਂ ਨਾਲ ਗੱਲ ਕਰਵਾਉਂਦਾ ਹੈ। ਉਨ੍ਹਾਂ ਨੇ ਮੈਨੂੰ ਕਿਹਾ ਸੀ ਕਿ ਉਹ ਸਿੱਖਾਂ ਦੀ ਸੇਵਾ ਨੂੰ ਸਲਾਮ ਕਰਦਾ ਹਾਂ ਅਤੇ ਉਸਨੇ ਅੰਗਰੇਜ਼ੀ ਵਿੱਚ ਕਿਹਾ ਸੀ ਕਿ ‘Sikhs are true legends’. ਇਨ੍ਹਾਂ ਸ਼ਬਦਾਂ ਨੂੰ ਮੈਂ ਉਸੇ ਤਰ੍ਹਾਂ ਹੀ ਆਪਣੇ ਸੋਸ਼ਲ ਅਕਾਊਂਟ ਉੱਤੇ ਪਾ ਦਿੱਤਾ ਸੀ’।

ਸਿਰਸਾ ਨੇ ਕਿਹਾ ਕਿ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਵੀ ਇਸ ਮਾਮਲੇ ਬਾਰੇ ਪਤਾ ਨਹੀਂ ਲੱਗਾ ਸੀ, ਜਿਸ ਕਰਕੇ ਮੈਨੂੰ ਜਲਦੀ ਹੀ ਇਸ ਗੱਲ ਦਾ ਜਵਾਬ ਦੇਣਾ ਪੈ ਰਿਹਾ ਹੈ। ਮੇਰੇ ਖਿਲਾਫ ਜੋ ਪ੍ਰਚਾਰ ਕੀਤਾ ਗਿਆ, ਮੈਨੂੰ ਦੱਸਿਆ ਜਾਵੇ ਕਿ ਮੈਂ ਕਿੱਥੇ ਗਲਤ ਹਾਂ। ਮੈਨੂੰ ਇਕੱਲੇ ਨੂੰ ਈਰਖਾ ਭਾਵਨਾ ਦੇ ਨਾਲ ਕਟਹਿਰੇ ਵਿੱਚ ਖੜ੍ਹਾ ਕੀਤਾ ਗਿਆ ਹੈ। ਮੇਰੇ ‘ਤੇ ਦੋਸ਼ ਲਾਏ ਗਏ ਕਿ ਮੇਰੇ ਅਕਾਊਂਟ ਵਿੱਚ 10 ਕਰੋੜ ਰੁਪਏ ਆਏ ਹਨ। ਤੁਸੀਂ ਲਾਸ਼ਾਂ ‘ਤੇ ਰਾਜਨੀਤੀ ਕਿਵੇਂ ਕਰ ਸਕਦੇ ਹੋ’। ਸਿਰਸਾ ਨੇ ਕਿਹਾ ਕਿ ‘ਸੰਗਤ ਦਾ ਮੈਨੂੰ ਜੋ ਵੀ ਹੁਕਮ ਹੋਵੇਗਾ, ਮੈਂ ਉਸਨੂੰ ਖਿੜੇ ਮੱਥੇ ਕਬੂਲ ਕਰਾਂਗਾ’।