Punjab

‘ਮੈਂ ਡਿੰਪੀ ਦੇ ਨਾਂ ਦਾ ਐਲਾਨ ਨੂੰ ਤਿਆਰ ਹਾਂ’! ‘ਮਨਪ੍ਰੀਤ ਨਾਲ ਮੇਰਾ ਰਸਤਾ ਵੱਖ’!

ਬਿਉਰੋ ਰਿਪੋਰਟ – ਗਿੱਦੜਬਾਹਾ (Gidderbaha) ਤੋਂ ਅਕਾਲੀ ਦਲ (AKALI DAL) ਦੇ ਹਲਕਾ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ (Hardeep Singh Dimpy Dhillon) ਦੇ ਮਾਮਲੇ ਵਿੱਚ ਸੁਖਬੀਰ ਸਿੰਘ ਬਾਦਲ (SUKHBIR SINGH BADAL) ਦਾ ਵੱਡਾ ਬਿਆਨ ਸਾਹਮਣੇ ਆਇਆ ਹੈ । ਉਨ੍ਹਾਂ ਕਿਹਾ ਡਿੰਪੀ ਦੀ 2 ਮਹੀਨੇ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਗੱਲਬਾਤ ਚੱਲ ਰਹੀ ਸੀ। ਸੁਖਬੀਰ ਸਿੰਘ ਬਾਦਲ ਨੇ ਕਿਹਾ ਮੈਂ ਅੱਜ ਵੀ ਡਿੰਪੀ ਦਾ ਐਲਾਨ ਕਰਨ ਨੂੰ ਤਿਆਰ ਹਾਂ। ਮੈਂ ਹੁਣ ਵੀ ਕਹਿੰਦਾ ਹਾਂ ਕਿ ਡਿੰਪੀ ਹੀ ਸਾਡਾ ਉਮੀਦਵਾਰ ਹੈ।

ਸੁਖਬੀਰ ਸਿੰਘ ਬਾਦਲ ਨੇ ਕਿਹਾ ਮਨਪ੍ਰੀਤ ਬਾਦਲ ( MANPREET SINGH BADAL) ਅਤੇ ਮੇਰਾ ਰਸਤਾ ਵੱਖ ਹੈ। ਮੈਂ ਉਸ ਨਾਲ 4 ਮਹੀਨੇ ਤੋਂ ਨਹੀਂ ਮਿਲਿਆ ਹਾਂ। ਡਿੰਪੀ ਦੇ ਪਾਰਟੀ ਛੱਡਣ ਨਾਲ ਮੈਨੂੰ ਦੁੱਖ ਲੱਗਿਆ ਹੈ। ਮੇਰੇ ਲਈ ਰਿਸ਼ਤੇਦਾਰੀ ਤੋਂ ਪਹਿਲਾਂ ਪਾਰਟੀ ਹੈ, ਮੈਂ ਆਪਣੇ ਜੀਜੇ ਆਦੇਸ਼ ਪ੍ਰਤਾਪ ਨੂੰ ਵੀ ਇਸੇ ਲਈ ਪਾਰਟੀ ਤੋਂ ਕੱਢਿਆ ਸੀ, ਕਿਉਂਕਿ ਉਹ ਪਾਰਟੀ ਵਿਰੋਧੀ ਕਾਰਵਾਈ ਕਰ ਰਿਹਾ ਸੀ। ਇਸ ਤੋਂ ਪਹਿਲਾਂ ਅੱਜ ਡਿੰਪੀ ਢਿੱਲੋਂ ਨੇ ਵਰਕਰਾਂ ਨਾਲ ਮੀਟਿੰਗ ਕਰਦੇ ਹੋਏ ਆਮ ਆਦਮੀ ਪਾਰਟੀ ਵਿੱਚ ਜਾਣ ਦੇ ਸੰਕੇਤ ਦਿੰਦੇ ਹੋਏ ਸੁਖਬੀਰ ਸਿੰਘ ਬਾਦਲ ‘ਤੇ ਵੀ ਕਈ ਸਵਾਲ ਖੜ੍ਹੇ ਕੀਤੇ ਸਨ।

‘ਮੈਂ ਸੁਖਬੀਰ ਸਿੰਘ ਬਾਦਲ ‘ਤੇ ਅੰਨ੍ਹਾ ਭਰੋਸਾ ਕੀਤਾ’

ਅਕਾਲੀ ਦਲ ਦੀ ਮੁੜ ਤੋਂ ਪਾਰਟੀ ਵਿੱਚ ਵਾਪਸ ਆਉਣ ਦੀ ਅਪੀਲ ਨੂੰ ਗਿੱਦੜਬਾਹਾ ਤੋਂ ਹਲਕਾ ਇੰਚਾਜਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਖਾਰਜ ਕਰਦੇ ਹੋਏ ਆਪਣੀ ਨਵੀਂ ਰਣਨੀਤੀ ਦਾ ਵੀ ਐਲਾਨ ਕਰ ਦਿੱਤਾ ਹੈ। ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਡਿੰਪੀ ਢਿੱਲੋਂ ਨੇ ਕਿਹਾ ਸੰਗਤਾਂ ਦੇ ਹੁਕਮ ‘ਤੇ ਮੈਂ ਆਮ ਆਦਮੀ ਪਾਰਟੀ ਵਿੱਚ ਜਾਵਾਂਗਾ। ਅਸੀਂ ਮੁੱਖ ਮੰਤਰੀ ਸਾਬ੍ਹ ਦੇ ਸਾਹਮਣੇ ਸਾਰੀਆਂ ਗੱਲਾਂ ਰੱਖਾਂਗੇ, ਜੇਕਰ ਸਾਡੀਆਂ ਗੱਲਾਂ ਮੰਨਿਆ ਤਾਂ ਅਸੀਂ ਜਾਵਾਂਗੇ। ਸਾਫ ਹੈ ਡਿੰਪੀ ਢਿੱਲੋਂ ਦਾ ਹੁਣ ਆਮ ਆਦਮੀ ਪਾਰਟੀ ਵਿੱਚ ਜਾਣਾ ਤੈਅ ਹੈ।

ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਡਿੰਪੀ ਢਿੱਲੋਂ ਕਾਫੀ ਭਾਵੁਕ ਨਜ਼ਰ ਆਏ ਉਨ੍ਹਾਂ ਕਿਹਾ ਅਸੀਂ 38 ਸਾਲ ਅਕਾਲੀ ਦਲ ਨੂੰ ਦਿੱਤੇ, ਮੈਨੂੰ ਪਿਤਾ ਦੀ ਮੌਤ ਤੋਂ ਬਾਅਦ ਇੰਨਾਂ ਰੋਣਾਂ ਨਹੀਂ ਆਇਆ ਜਦੋਂ ਮੈਨੂੰ ਪਾਰਟੀ ਛੱਡਣ ਦਾ ਫੈਸਲਾ ਲੈਣ ਵੇਲੇ ਰੋਣਾਂ ਆਇਆ। 38 ਸਾਲ ਦਾ ਸੁਖਬੀਰ ਸਿੰਘ ਬਾਦਲ ਨੇ ਰਿਸ਼ਤਾ ਮਨਪ੍ਰੀਤ ਬਾਦਲ ਦੀ ਬਲੀ ਚੜਾ ਦਿੱਤਾ। ਦੋਵੇ ਭਰਾਵਾਂ ਦੀ ਘਿਓ ਖਿਚੜੀ ਵਿੱਚ ਮੈਂ ਮੱਖੀ ਸੀ ਕੱਢ ਕੇ ਬਾਹਰ ਕਰ ਦਿੱਤਾ। ਮੈਨੂੰ ਕਹਿੰਦੇ ਨੇ ਸਿਆਸਤ ਕਰਨੀ ਹੈ ਤਾਂ ਤਲਵੰਡੀ ਸਾਬੋ ਚਲਾਜਾ, ਸੀਟ ਖੋਹ ਕੇ ਕਹਿੰਦੇ ਹਨ ਕਿ ਵੇਖ ਲੈ ਸਿਆਸਤ ਕਰਨੀ ਹੈ ਜਾਂ ਨਹੀਂ। ਮੈਂ ਸੁਖਬੀਰ ਸਿੰਘ ਬਾਦਲ ‘ਤੇ ਅੰਨ੍ਹਾ ਭਰੋਸਾ ਕੀਤਾ ਸੀ।

ਮੈਨੂੰ ਵਾਪਸੀ ਲਈ ਰਾਤ ਨੂੰ ਕਾਫੀ ਫੋਨ ਆਏ ਪਰ ਕੁਝ ਸਿਆਣਿਆਂ ਨੇ ਕਿਹਾ ਹੁਣ ਵਾਪਸ ਨਾ ਜਾਈ। ਮੈਂ ਪਹਿਲਾਂ ਤੀਰਥ ਯਾਤਰਾ ‘ਤੇ ਜਾਂਦਾ ਸੀ, ਹੁਣ ਸਿਆਸਤ ਤੋਂ ਸੰਨਿਆਸ ਲੈਕੇ ਇਹ ਹੀ ਕਰਨ ਦੀ ਸੋਚਿਆ ਸੀ ਪਰ ਵਰਕਰਾਂ ਦੇ ਪਿਆਰ ਅੱਗੇ ਮੈਂ ਸਿਰ ਝੁਕਾਇਆ ਅਤੇ ਹੁਣ ਆਮ ਆਦਮੀ ਪਾਰਟੀ ਦੇ ਸਾਹਮਣੇ ਵਰਕਰਾਂ ਦੀ ਮੰਗਾਂ ਰੱਖਾਂਗੇ ਅਤੇ ਜੇਕਰ ਉਹ ਮਨਜ਼ੂਰ ਹੁੰਦੀਆਂ ਹਨ ਤਾਂ ਮੈਂ ਤੁਹਾਡੇ ਸਾਹਮਣੇ ਇੱਕ ਵਾਰ ਮੁੜ ਤੋਂ ਆਵਾਂਗਾ ਅਤੇ ਫੈਸਲਾ ਸੁਣਾਵਾਂਗਾ।

ਇਹ ਵੀ ਪੜ੍ਹੋ –     ਜੰਮੂ-ਕਸ਼ਮੀਰ ਚੋਣਾਂ ਲਈ ਭਾਜਪਾ ਵੱਲੋਂ 44 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ, 14 ਮੁਸਲਮਾਨਾਂ ਨੂੰ ਟਿਕਟਾਂ