International

ਅਮਰੀਕਾ ਵਿੱਚ ਹੈਲੇਨ ਤੂਫ਼ਾਨ ਦਾ ਕਹਿਰ! 200 ਤੋਂ ਵੱਧ ਲੋਕਾਂ ਦੀ ਮੌਤ

ਬਿਉਰੋ ਰਿਪੋਰਟ: ਅਮਰੀਕਾ ਦੇ ਦੱਖਣ-ਪੱਛਮੀ ਖੇਤਰ ਵਿੱਚ ‘ਹੈਲੇਨ’ ਨਾਂ ਦੇ ਤੂਫ਼ਾਨ ਨੇ ਭਾਰੀ ਤਬਾਹੀ ਮਚਾਈ ਹੈ। ਇਸ ਤੂਫ਼ਾਨ ਕਾਰਨ ਹੁਣ ਤੱਕ 200 ਲੋਕਾਂ ਦੀ ਜਾਨ ਚਲੀ ਗਈ ਹੈ। ਅਮਰੀਕੀ ਬਚਾਅ ਕਰਮਚਾਰੀ ਅਜੇ ਵੀ ਤੂਫ਼ਾਨ ਤੋਂ ਬਚੇ ਲੋਕਾਂ ਦੀ ਭਾਲ ਕਰ ਰਹੇ ਹਨ।

ਹੈਲੇਨ ਕਾਰਨ ਹੋਈਆਂ ਅੱਧੀਆਂ ਤੋਂ ਵੱਧ ਮੌਤਾਂ ਉੱਤਰੀ ਕੈਰੋਲੀਨਾ ਵਿੱਚ ਹੋਈਆਂ ਹਨ। 2005 ਵਿੱਚ ‘ਕੈਟਰੀਨਾ’ ਤੂਫਾਨ ਤੋਂ ਬਾਅਦ ਹੈਲੇਨ ਇੱਥੇ ਸਭ ਤੋਂ ਘਾਤਕ ਤੂਫ਼ਾਨ ਸਾਬਤ ਹੋਇਆ ਹੈ।

ਇਸ ਤੋਂ ਪਹਿਲਾਂ ਸਾਲ 2005 ਵਿੱਚ ਇੱਥੇ ਤੂਫ਼ਾਨ ਕਾਰਨ 1800 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਹਰੀਕੇਨ ਹੈਲੇਨ ਦੇ ਲੈਂਡਫਾਲ ਕਰਨ ਦੇ ਲਗਭਗ ਇੱਕ ਹਫ਼ਤੇ ਬਾਅਦ, ਸੈਂਕੜੇ ਲੋਕ ਅਜੇ ਵੀ ਖੇਤਰ ਵਿੱਚ ਲਾਪਤਾ ਹਨ ਅਤੇ ਲਗਭਗ 8 ਲੱਖ ਘਰ ਅਜੇ ਵੀ ਬਿਜਲੀ ਤੋਂ ਬਿਨਾਂ ਜੀਵਨ ਬਸਰ ਕਰ ਰਹੇ ਹਨ।

ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ ਵੀਰਵਾਰ ਨੂੰ ਤੂਫਾਨ ਤੋਂ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਦੌਰਾ ਕੀਤਾ ਹੈ। ਉਨ੍ਹਾਂ ਜਾਰਜੀਆ ਦੇ ਰੇ ਸਿਟੀ ਵਿੱਚ ਪ੍ਰਭਾਵਿਤ ਲੋਕਾਂ ਨੂੰ ਕਿਹਾ, “ਮੈਂ ਤੁਹਾਨੂੰ ਵੇਖ ਰਿਹਾ ਹਾਂ, ਮੈਂ ਤੁਹਾਨੂੰ ਸੁਣ ਰਿਹਾ ਹਾਂ, ਮੈਂ ਤੁਹਾਡੇ ਨਾਲ ਦੁਖੀ ਹਾਂ ਅਤੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਅਸੀਂ ਤੁਹਾਡੇ ਨਾਲ ਹਾਂ।”