‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਤਾਲਿਬਾਨ ਦਾ ਖੌਫਨਾਕ ਚਿਹਰਾ ਲੋਕ ਮਨਾਂ ਵਿੱਚ ਜਿਸ ਤਰ੍ਹਾਂ ਨਾਲ ਬਣਿਆ ਹੋਇਆ ਹੈ, ਉਸਨੂੰ ਲੈ ਕੇ ਕਈ ਤਰ੍ਹਾਂ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ। ਪ੍ਰਮੁੱਖ ਮਨੁੱਖੀ ਅਧਿਕਾਰ ਸੰਸਥਾਵਾਂ ਨੇ ਤਾਲਿਬਾਨ ਉੱਤੇ ਦੇਸ਼ ਵਿਚ ਸੱਤਾ ਸੰਭਾਲਣ ਤੋਂ ਬਾਅਦ ਵੀ ਆਮ ਲੋਕਾਂ ਉੱਤੇ ਤਸ਼ੱਦਦ ਕਰਨ ਦੇ ਦੋਸ਼ ਲਗਾਏ ਹਨ।
ਐਮਨੇਸਟੀ ਇੰਟਰਨੈਸ਼ਨਲ ਸਣੇ ਦੋ ਹੋਰ ਸੰਸਥਾਵਾਂ ਨੇ ਕਿਹਾ ਹੈ ਕਿ ਤਾਲਿਬਾਨ ਨੇ ਮਨੁੱਖੀ ਅਧਿਕਾਰ ਖਤਮ ਕਰਨ ਲਈ ਥੋੜ੍ਹੀ ਵੀ ਦੇਰ ਨਹੀਂ ਕੀਤੀ ਹੈ। ਇਹ ਸੰਸਥਾਵਾਂ ਪਹਿਲਾਂ ਵੀ ਇਹੋ ਜਿਹੇ ਕਾਰਿਆ ਜਾ ਜਿਕਰ ਕਰ ਚੁੱਕਾ ਹੈ, ਪਰ ਸੰਸਥਾਵਾਂ ਦਾ ਕਹਿਣਾ ਹੈ ਕੈ ਇਹ ਵੱਡੇ ਪੱਧਰ ਉੱਤੇ ਹੋਣ ਵਾਲੇ ਅੱਤਿਆਚਾਰ ਦਾ ਬਹੁਤ ਛੋਟਾ ਹਿੱਸਾ ਹੈ।
ਐਮਨੇਸਟੀ ਇੰਟਰਨੈਸ਼ਨਲ ਨੇ ਕਿਹਾ ਕਿ 20 ਸਾਲ ਤੋਂ ਜੋ ਵੀ ਸੁਧਾਰ ਕੀਤੇ ਗਏ ਸਨ, ਉਨ੍ਹਾਂ ਨੂੰ ਖਤਮ ਕੀਤਾ ਜਾ ਰਿਹਾ ਹੈ।ਤਾਲਿਬਾਨ ਉੱਤੇ ਆਤਮਸਮਰਪਣ ਕਰਨ ਵਾਲੇ ਸੈਨਿਕਾਂ ਦੀ ਹੱਤਿਆ, ਔਰਤਾਂ ਦੀ ਆਜ਼ਾਦੀ ਨੂੰ ਪਾਬੰਦ ਕਰਨ ਦੇ ਵੀ ਇਲਜਾਮ ਲੱਗੇ ਹਨ।
ਐਮਨੇਸਟੀ ਨੇ ਆਪਣੇ ਤਾਜ਼ਾ ਬਿਆਨ ਵਿੱਚ ਕਿਹਾ ਹੈ ਕਿ ਪੱਤਰਕਾਰਾਂ, ਪ੍ਰਦਰਸ਼ਨਕਾਰੀਆਂ ਦੇ ਨਾਲ ਨਾਲ ਮਨੁੱਖੀ ਅਧਿਕਾਰਾਂ ਲ਼ਈ ਕੰਮ ਕਰਨ ਵਾਲਿਆਂ ਉੱਤੇ ਵੀ ਹਮਲੇ ਹੋ ਰਹੇ ਹਨ। ਹਾਲਾਂਕਿ ਤਾਲਿਬਾਨ ਜਰੂਰ ਕਹਿ ਰਿਹਾ ਹੈ ਕਿ ਉਹ ਪਹਿਲਾਂ ਨਾਲੋ ਬਦਲ ਗਿਆ ਹੈ, ਪਰ ਇਹ ਰਿਪੋਰਟਾਂ ਉਨ੍ਹਾਂ ਦੇ ਦਾਅਵਿਆਂ ਨੂੰ ਝੂਠਾ ਸਾਬਿਤ ਕਰ ਰਹੀਆਂ ਹਨ। (ਫੋਟੋ BBC)