Punjab

ਇੱਕ ਮੁੰਡਾ ਅੰਨ੍ਹਾ ਤੇ ਕੁੜੀ ਝਾੜੂ ਫੇਰਨ ਵਾਲੀ ਨੂੰ ਹੁਣ ਲੋਕ ਖੜ੍ਹ-ਖੜ੍ਹ ਕਰਨਗੇ ਸਲਾਮਾਂ

‘ਦ ਖ਼ਾਲਸ ਬਿਊਰੋ :- ਸੜਕਾਂ ‘ਤੇ ਝਾੜੂ ਫੇਰਨ ਵਾਲੀ ਆਸ਼ਾ ਨੂੰ ਚਾਹੇ ਕਿਸੇ ਨੇ ਪਹਿਲਾਂ ਤੱਕਿਆ ਹੋਵੇ ਜਾਂ ਨਾ, ਪਰ ਹੁਣ ਉਸਨੂੰ ਸਲੂਟ ਵੱਜਣ ਲੱਗੇ ਹਨ। ਅਲਵਰ ਦੀਆਂ ਸੜਕਾਂ ‘ਤੇ ਹੱਥ ਵਿੱਚ ਡੰਡਾ ਫੜੀ ਤੁਰਦਾ ਕੁਲਦੀਪ ਜੈਮਨ ਵੀ ਲੰਮੇ ਸਮੇਂ ਤੋਂ ਲੜਖੜਾਉਂਦਾ ਰਿਹਾ ਪਰ ਮੁਕਾਬਲੇ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਉਸਨੂੰ ਵੀ ਸਲਾਮਾਂ ਹੋਣ ਲੱਗੀਆਂ ਹਨ। ਆਸ਼ਾ ਤੇ ਕੁਲਦੀਪ ਦੋਹਾਂ ਨੂੰ ਲੰਮੀ ਲੜਾਈ ਲੜਨੀ ਪਈ। ਜੋਧਪੁਰ ਦੀਆਂ ਸੜਕਾਂ ‘ਤੇ ਮਾਂਜਾ ਫੇਰਨ ਵਾਲੀ ਨਗਰ ਨਿਗਮ ਦੀ ਕਰਮਚਾਰਨ ਆਸ਼ਾ ਕੰਡਾਰਾ ਇੰਡੀਅਨ ਰੈਵੀਨਿਊ ਸਰਵਿਸ ਲਈ ਸਫਲ ਹੋ ਗਈ ਹੈ। ਅੱਠ ਸਾਲ ਪਹਿਲਾਂ ਪਤੀ ਨਾਲ ਤਲਾਕ ਹੋਣ ਤੋਂ ਬਾਅਦ ਜਿਹੜੀ ਆਸ਼ਾ ਦੋ ਬੱਚੇ ਲੈ ਕੇ ਨੀਲੇ ਅਸਮਾਨ ਥੱਲੇ ਆ ਗਈ ਸੀ, ਅੱਜ ਉਹ ਵੱਡੀ ਅਫਸਰ ਬਣ ਗਈ ਹੈ ਅਤੇ ਉਸਨੂੰ ਸਲੂਟ ਵੱਜਣ ਲੱਗੇ ਹਨ। ਬੱਚਿਆਂ ਨੂੰ ਆਪਣੀ ਹਿੱਕ ਦੇ ਜ਼ੋਰ ਨਾਲ ਪਾਲਦਿਆਂ ਉਸਨੇ ਗ੍ਰੈਜੂਏਸ਼ਨ ਕਰ ਲਈ, ਹੁਣ ਆਈਆਰਐੱਸ ਕਲੀਅਰ ਕਰ ਲਈ। ਹਾਲਾਂਕਿ, ਉਸਨੂੰ ਨਤੀਜੇ ਲਈ ਦੋ ਸਾਲ ਇੰਤਜ਼ਾਰ ਕਰਨਾ ਪਿਆ ਪਰ ਹਿੰਮਤ ਨਹੀਂ ਛੱਡੀ।

ਜੋਤਹੀਣ ਕੁਲਦੀਪ ਜੈਮਨ ਨੂੰ ਰਾਖਵੇਂ ਵਰਗ ਵਿੱਚੋਂ 14ਵਾਂ ਸਥਾਨ ਮਿਲਿਆ ਹੈ। ਉਸਨੇ ਆਈਆਰਐੱਸ ਦੀ ਪ੍ਰੀਖਿਆ ਪੰਜ ਸਾਲ ਪਹਿਲਾਂ ਕਲੀਅਰ ਕਰ ਲਈ ਸੀ ਪਰ ਉਸਦੇ ਸਿਰ ‘ਤੇ ਤਾਜ ਹੁਣ ਸਜਿਆ ਹੈ। ਉਹ ਪੰਜ ਅਗਸਤ 2018 ਨੂੰ ਆਈਏਐੱਸ ਦੀ ਪ੍ਰੀਖਿਆ ਵਿੱਟ ਬੈਠੇ ਪਰ ਉਨ੍ਹਾਂ ਨੂੰ ਮਰਜ਼ੀ ਦਾ ਲੇਖਕ ਨਹੀਂ ਦਿੱਤਾ ਗਿਆ। ਸਰਕਾਰ ਨੇ ਜਿਹੜਾ ਲੇਖਕ ਦਿੱਤਾ, ਨਾ ਉਹ ਪ੍ਰਸ਼ਨ ਪੜ੍ਹ ਸਕਿਆ, ਨਾ ਉੱਤਰ ਪੱਤਰੀ ‘ਤੇ ਜਵਾਬ ਲਿਖਿਆ ਗਿਆ। ਕੁਲਦੀਪ ਮੁੱਢਲੀ ਪ੍ਰੀਖਿਆ ਤੋਂ ਫੇਲ੍ਹ ਹੋ ਗਿਆ। ਉਸਨੇ ਸਰਕਾਰ ਖਿਲਾਫ ਅਦਾਲਤ ਦਾ ਦਰਵਾਜ਼ਾ ਖੜਕਾਇਆ। ਅਦਾਲਤ ਨੇ ਕੁਲਦੀਪ ਨੂੰ 25 ਦਿਨ ਪਹਿਲਾਂ ਮੇਨਜ਼ ਪ੍ਰੀਖਿਆ ਵਿੱਚ ਬੈਠਣ ਦੀ ਮਨਜ਼ੂਰੀ ਦੇ ਦਿੱਤੀ। ਇਸਦੇ ਨਾਲ ਹੀ ਸ਼ਰਤ ਲਾਈ ਕਿ ਜੇ ਉਹ ਮੇਨਜ਼ ਦੀ ਪ੍ਰੀਖਿਆ ਕਲੀਅਰ ਕਰ ਲਵੇ ਤਾਂ ਮੁੱਢਲੀ ਪ੍ਰੀਖਿਆ ਵਿੱਚੋਂ ਵਾ ਉਹ ਸਫਲ ਮੰਨਿਆ ਜਾਵੇਗਾ। ਕਿਸਮਤ ਉਸਦੇ ਹੱਕ ਵਿੱਚ ਭੁਗਤੀ। ਉਹ ਹੁਣ ਆਈਆਰਐੱਸ ਹੈ। ਦੋਵਾਂ ਦੀ ਭਾਗ ਦੇਖ ਕੇ ਇਹ ਲਾਈਨਾਂ ਸੱਚ ਲੱਗਣ ਲੱਗੀਆਂ ਹਨ ਕਿ ਰੱਬ ਹੀ ਕਰਾਵੇ ਤਾਂ ਸਲਾਮਾਂ ਹੁੰਦੀਆਂ ਹਨ।