Punjab

ਲੁਧਿਆਣਾ ’ਚ ਹਾਰਡਵੇਅਰ ਸ਼ੋਅਰੂਮ ’ਚ ਭਿਆਨਕ ਲੱਗੀ ਅੱਗ, ਦੂਜੀ ਮੰਜ਼ਿਲ ਸੜ ਕੇ ਸੁਆਹ

Huge Fire Erupts at Hardware Showroom in Ludhiana's Arti Chowk

ਲੁਧਿਆਣਾ ਦੇ ਆਰਤੀ ਚੌਕ ਨੇੜੇ ਇੱਕ ਹਾਰਡਵੇਅਰ ਸ਼ੋਅਰੂਮ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਤੋਂ ਤੁਰੰਤ ਬਾਅਦ ਸ਼ੋਅਰੂਮ ’ਚ ਕੰਮ ਕਰ ਰਹੇ ਮੁਲਾਜ਼ਮਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਆਸ-ਪਾਸ ਦੇ ਦੁਕਾਨਦਾਰਾਂ ਨੇ ਅੱਗ ਬੁਝਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਅੱਗ ਵਧਦੀ ਦੇਖ ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਆਸ-ਪਾਸ ਦੇ ਦੁਕਾਨਦਾਰਾਂ ਨੇ ਵੀ ਆਪਣੀਆਂ ਦੁਕਾਨਾਂ ਵਿੱਚੋਂ ਸਾਮਾਨ ਕੱਢਣਾ ਸ਼ੁਰੂ ਕਰ ਦਿੱਤਾ ਹੈ।

ਜਾਣਕਾਰੀ ਅਨੁਸਾਰ ਐਤਵਾਰ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਅਸ਼ੋਕਾ ਹਾਰਡਵੇਅਰ ਕਿਚਨ ਸ਼ੋਅਰੂਮ ਦੀ ਦੁਕਾਨ ਦੀ ਦੂਜੀ ਮੰਜ਼ਿਲ ’ਤੇ ਸ਼ਾਰਟ ਸਰਕਟ ਕਾਰਨ ਅੱਗ ਲੱਗੀ। ਅੱਗ ਇੰਨੀ ਭਿਆਨਕ ਸੀ ਕਿ ਆਰਤੀ ਚੌਕ ਧੂੰਏਂ ਨਾਲ ਭਰ ਗਿਆ। ਅੱਗ ਲੱਗਣ ਕਾਰਨ ਦੂਜੀ ਮੰਜ਼ਿਲ ਬੁਰੀ ਤਰ੍ਹਾਂ ਸੜ ਗਈ। ਕੁਝ ਹੀ ਸਮੇਂ ਵਿੱਚ ਅੱਗ ਜ਼ਮੀਨੀ ਮੰਜ਼ਿਲ ਤੱਕ ਵੀ ਪਹੁੰਚ ਗਈ।

ਫਾਇਰ ਬ੍ਰਿਗੇਡ ਅਧਿਕਾਰੀ ਰਜਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਦੁਪਹਿਰ 3:30 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ। ਉਹ ਕੁਝ ਦੇਰ ’ਚ ਮੌਕੇ ’ਤੇ ਪਹੁੰਚ ਗਏ। ਫਾਇਰ ਬ੍ਰਿਗੇਡ ਦੀਆਂ 5 ਤੋਂ ਵੱਧ ਗੱਡੀਆਂ ਅੱਗ ਬੁਝਾਉਣ ਵਿੱਚ ਲੱਗੀਆਂ। 150 ਫੁੱਟ ਤੋਂ ਵੱਧ ਉੱਚੀ ਪੌੜੀ ਵਾਲੀ ਵਿਸ਼ੇਸ਼ ਗੱਡੀ ਨੂੰ ਮੌਕੇ ’ਤੇ ਬੁਲਾਇਆ ਗਿਆ। ਇਮਾਰਤ ਦੀ ਉਚਾਈ ਜ਼ਿਆਦਾ ਹੋਣ ਕਾਰਨ ਵਿਸ਼ੇਸ਼ ਵਾਹਨ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ।

ਦੱਸ ਦੇਈਏ ਇਸ ਤੋਂ ਪਹਿਲਾਂ ਅੱਜ ਵੀਆਈਪੀ ਸਿਟੀ ਮੁਹਾਲੀ ਵਿੱਚ ਵੀ ਇੱਕ ਨਿੱਜੀ ਬੈਂਕ ਤੇ ਪ੍ਰਾਪਰਟੀ ਡੀਲਰ ਦੇ ਦਫ਼ਤਰ ਵਿੱਚ ਅਚਾਨਕ ਅੱਗ ਲੱਗਣ ਨਾਲ ਭਾਰੀ ਨੁਕਸਾਨ ਹੋ ਗਿਆ। ਫਾਇਰ ਬ੍ਰਿਗੇਡ ਵਿਭਾਗ ਨੇ ਚਾਰ ਗੱਡੀਆਂ ਦੀ ਮਦਦ ਨਾਲ ਤਿੰਨ ਘੰਟਿਆਂ ਵਿੱਚ ਅੱਗ ’ਤੇ ਕਾਬੂ ਪਾਇਆ। ਗਨੀਮਤ ਰਹੀ ਕਿ ਐਤਵਾਰ ਛੁੱਟੀ ਹੋਣ ਕਾਰਨ ਇਮਾਰਤ ਵਿੱਚ ਸਟਾਫ਼ ਮੌਜੂਦ ਨਹੀਂ ਸੀ। ਇਸ ਕਰਕੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਸਬੰਧਿਤ ਖ਼ਬਰ – ਮੁਹਾਲੀ ’ਚ ਬੈਂਕ ਤੇ ਪ੍ਰਾਪਰਟੀ ਕਾਰੋਬਾਰੀ ਦਾ ਦਫ਼ਤਰ ਸੜ ਕੇ ਸੁਆਹ, ਬਿਜਲੀ ਦੀਆਂ ਤਾਰਾਂ ਕਾਰਨ ਲੱਗੀ ਅੱਗ