ਬਿਊਰੋ ਰਿਪੋਰਟ : ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਹੰਤ ਕਰਨਜੀਤ ਸਿੰਘ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਵਿੱਚ ਉਹ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਪੈਰਾ ਨੂੰ ਹੱਥ ਲਾ ਰਹੇ ਹਨ। ਹਾਲਾਂਕਿ ਇਸ ਵੀਡੀਓ ਨੂੰ ਪੁਰਾਣਾ ਦੱਸਿਆ ਜਾ ਰਿਹਾ ਹੈ ਪਰ ਸਿੱਖ ਜਥੇਬੰਦੀਆਂ ਇਸ ‘ਤੇ ਸਵਾਲ ਖੜੇ ਕਰ ਰਹੀਆਂ ਹਨ । ਤਸਵੀਰ ਵਿੱਚ ਸਿੱਖ ਜਥੇਬੰਦੀਆਂ ਨਾਲ ਮੁੱਖ ਮੰਤਰੀ ਮਨੋਹਰ ਲਾਲ ਮੀਟਿੰਗ ਕਰਦੇ ਦਿਸ ਰਹੇ ਹਨ। ਮਹੰਤ ਕਰਮਜੀਤ ਸਿੰਘ ਪਹਿਲੀ ਸੀਟ ‘ਤੇ ਬੈਠੇ ਦਿਸ ਰਹੇ ਹਨ, ਜਿਵੇਂ ਹੀ ਹਰਿਆਣਾ ਦੇ ਮੁੱਖ ਮੰਤਰੀ ਮੀਟਿੰਗ ਵਿੱਚ ਆਉਂਦੇ ਹਨ, ਉਹ ਸੀਐੱਮ ਦੇ ਪੈਰਾਂ ਨੂੰ ਹੱਥ ਲਗਾਉਂਦੇ ਹਨ। ਜਦੋਂ ਪਿਛਲੇ ਸਾਲ ਮਹੰਤ ਕਰਮਜੀਤ ਸਿੰਘ ਨੂੰ ਇੱਕ ਦਮ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਡਹਾਕ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਸੀ ਤਾਂ ਵੀ ਸਵਾਲ ਖੜੇ ਹੋਏ ਸਨ, ਕਿਉਂਕਿ ਉਨ੍ਹਾਂ ਦਾ ਨਾਂ ਦੂਰ-ਦੂਰ ਤੱਕ ਨਹੀਂ ਸੀ। ਤਤਕਾਲੀ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਦਾ ਨਾਂ ਅੱਗੇ ਚੱਲ ਰਿਹਾ ਸੀ। ਦਾਦੂਵਾਲ ਨੇ ਉਨ੍ਹਾਂ ਦੀ ਨਿਯੁਕਤੀ ‘ਤੇ ਸਵਾਲ ਵੀ ਖੜੇ ਕੀਤੇ ਸਨ ਅਤੇ ਪਿਛਲੇ ਮਹੀਨੇ ਹਰਿਆਣਾ ਦੇ ਇਤਿਹਾਸ ਗੁਰਦੁਆਰੇ ਵਿੱਚ ਵਿਸਾਖੀ ਦਾ ਇੱਕ ਵੀ ਪ੍ਰੋਗਰਾਮ ਨਾ ਕਰਵਾਉਣ ਨੂੰ ਲੈਕੇ ਸਵਾਲ ਚੁੱਕ ਦੇ ਹੋਏ ਉਨ੍ਹਾਂ ‘ਤੇ ਨਸ਼ੇ ਦਾ ਆਦੀ ਹੋਣ ਦਾ ਇਲਜ਼ਾਮ ਲਗਾਉਂਦੇ ਹੋਏ ਡੋਪ ਟੈਸਟ ਦੀ ਮੰਗ ਵੀ ਕੀਤੀ। ਹੁਣ ਹਰਿਆਣਾ ਦੇ ਮੁੱਖ ਮੰਤਰੀ ਦੇ ਪੈਰਾ ਨੂੰ ਹੱਥ ਲਗਾਉਣ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਦਾਦੂਵਾਲ ਨੇ ਮੁੜ ਤੋਂ ਪ੍ਰਧਾਨ ਮਹੰਤ ਕਰਮਜੀਤ ਸਿੰਘ ਖਿਲਾਫ ਮੋਰਚਾ ਖੋਲ ਦਿੱਤਾ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ(SGPC) ਦਾ ਬਿਆਨ ਵੀ ਸਾਹਮਣੇ ਆਇਆ ਹੈ ।
ਸੀੱਐੱਮ ਖੱਟਰ ਦੀ ਤਾਰੀਫ਼ ਮਹੰਤ ਨੂੰ ਨਸੀਹਤ
ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ(HSGPC) ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਮਹੰਤ ਕਰਮਜੀਤ ਸਿੰਘ ਨੇ ਮਰਿਆਦਾ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਨੇ ਕਿਹਾ ਮੈਨੂੰ ਵੈਟਸਐੱਪ (WHATSAPP) ‘ਤੇ ਇਹ ਵੀਡੀਓ ਮਿਲੀ ਹੈ, ਉਸ ਤੋਂ ਬਾਅਦ ਕਈ ਸਿੱਖਾਂ ਦੇ ਫੋਨ ਆਏ ਹਨ। ਉਨ੍ਹਾਂ ਕਿਹਾ ਮਹੰਤ ਕਰਮਜੀਤ ਸਿੰਘ ਡੇਰੇ ਦੇ ਮੁਖੀ ਹਨ ਅਤੇ HSGPC ਦੇ ਵੀ ਪ੍ਰਧਾਨ ਹਨ, ਉਨ੍ਹਾਂ ਨੂੰ ਦੋਵੇਂ ਸੰਸਥਾਵਾਂ ਦਾ ਧਿਆਨ ਰੱਖਣਾ ਚਾਹੀਦਾ ਸੀ। ਦਾਦੂਵਾਲ ਨੇ ਕਿਹਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਉਨ੍ਹਾਂ ਨੇ ਸਵਾ ਦੋ ਸਾਲ ਕੰਮ ਕੀਤਾ ਹੈ। ਉਹ ਆਪ ਧਾਰਮਿਕ ਆਗੂਆਂ ਦਾ ਸਤਿਕਾਰ ਕਰਦੇ ਹਨ। ਵੀਡੀਓ ਵਿੱਚ ਜਦੋਂ ਮਹੰਤ ਕਰਮਜੀਤ ਸਿੰਘ ਉਨ੍ਹਾਂ ਦੇ ਪੈਰਾਂ ਨੂੰ ਹੱਥ ਲਾ ਰਹੇ ਸਨ ਤਾਂ ਉਹ ਵੀ ਸਹਿਜ ਮਹਿਸੂਸ ਨਹੀਂ ਕਰ ਰਹੇ ਸਨ। ਉਨ੍ਹਾਂ ਕਿਹਾ HSGPC ਦੇ ਪ੍ਰਧਾਨ ਨੇ ਮੁੱਖ ਮੰਤਰੀ ਦੇ ਪੈਰਾਂ ਨੂੰ ਹੱਥ ਲਾਕੇ ਉਨ੍ਹਾਂ ਦਾ ਵੀ ਅਪਮਾਨ ਕੀਤਾ ਹੈ।
ਦਾਦੂਵਾਰ ਨੇ ਕਿਹਾ ਕੁੱਝ ਦਿਨ ਪਹਿਲਾਂ ਮੁੱਖ ਮੰਤਰੀ ਯਮੁਨਾ ਨਗਰ ਗਏ ਸਨ ਤਾਂ ਜਦੋਂ ਸਿਆਸੀ ਆਗੂਆਂ ਨੇ ਉਨ੍ਹਾਂ ਦੇ ਪੈਰਾਂ ਨੂੰ ਹੱਥ ਲਾਇਆ ਤਾਂ ਉਨ੍ਹਾਂ ਕਿਹਾ ਸੀ ਕਿ ਮੇਰੇ ਪੈਰਾਂ ਨੂੰ ਹੱਥ ਲਾਉਣ ਨਾਲ ਕੁੱਝ ਨਹੀਂ ਹੋਵੇਗਾ। ਜਨਤਾ ਵਿੱਚ ਕੰਮ ਕਰੋ, ਇਸੇ ਤਰ੍ਹਾਂ ਮਹੰਤ ਕਰਮਜੀਤ ਸਿੰਘ ਨੂੰ ਗੁਰਦੁਆਰੇ ਦੇ ਪ੍ਰਬੰਧਾਂ ਵਿੱਚ ਸੁਧਾਰ ਕਰਨਾ ਚਾਹੀਦਾ ਹੈ ਪਰ ਉਹ ਸਮਝ ਦੇ ਹਨ ਕਿ ਪੈਰਾਂ ਨੂੰ ਹੱਥ ਲਾਉਣ ਨਾਲ ਮੇਰਾ ਅਹੁਦਾ ਬਣਿਆ ਰਹੇਗਾ ਤਾਂ ਉਹ ਗਲਤ ਸੋਚ ਰਹੇ ਹਨ।
SGPC ਦਾ ਬਿਆਨ
ਐੱਸ.ਜੀ.ਪੀ.ਸੀ (SGPC) ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਤੰਜ ਕੱਸ ਦੇ ਹੋਏ ਕਿਹਾ ਇਸ ਵੀਡੀਓ ਨੂੰ ਦੋ ਤਰੀਕਿਆਂ ਨਾਲ ਸਮਝਿਆ ਜਾ ਸਕਦਾ ਹੈ। ਪਹਿਲਾਂ ਤਾਂ ਉਹ ਬੀਜੇਪੀ ਦੇ ਨਜ਼ਦੀਕ ਹਨ ਅਤੇ ਦੂਜਾ ਉਨ੍ਹਾਂ ਨੂੰ ਪਾਰਟੀ ਨੇ ਹੀ HSGPC ਦਾ ਪ੍ਰਧਾਨ ਬਣਾਇਆ ਹੈ। ਜੇਕਰ ਅਹੁਦਾ ਚਾਹੀਦਾ ਹੈ ਤਾਂ ਉਹ ਸਿਰਫ ਪੈਰਾਂ ਨੂੰ ਹੀ ਹੱਥ ਨਹੀਂ ਲਾਉਣਗੇ, ਪੈਰ ਵੀ ਧੋਹ ਸਕਦੇ ਹਨ। ਉਨ੍ਹਾਂ ਕਿਹਾ ਮੈਂ ਉਮਰ ਵਿੱਚ ਵੱਡੇ ਹੋਣ ਅਤੇ ਸਤਿਕਾਰ ਵਜੋਂ ਕਿਸੇ ਦੇ ਪੈਰੀ ਹੱਥ ਲਗਾਉਣ ਦੇ ਵਿਰੋਧ ਵਿੱਚ ਨਹੀਂ ਹਾਂ ਪਰ ਉਹ ਦੋ ਸੰਸਥਾਵਾਂ ਦਾ ਮੁਖੀ ਹੈ। ਇਸ ਲਿਹਾਜ਼ ਨਾਲ ਮਹੰਤ ਕਰਮਜੀਤ ਸਿੰਘ ਨੂੰ ਇਹ ਸ਼ੋਭਾ ਨਹੀਂ ਦਿੰਦਾ ਸੀ। SGPC ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਸਤਿਕਾਰ ਦੇ ਹੋਰ ਕਈ ਡੰਗ ਹੋ ਸਕਦੇ ਹਨ, ਉਹ ਫਤਹਿ ਬੁਲਾ ਸਕਦੇ ਸੀ । ਗਰੇਵਾਲ ਨੇ ਕਿਹਾ ਦਰਅਸਲ ਮਹੰਤ ਕਰਮਜੀਤ ਸਿੰਘ ਪ੍ਰਧਾਨ ਘੱਟ ਅਤੇ ਖੱਟਰ ਸਾਬ੍ਹ ਦੇ ਨਜ਼ਦੀਕੀ ਜ਼ਿਆਦਾ ਹਨ। ਉਨ੍ਹਾਂ ਕਿਹਾ ਕਮਰਜੀਤ ਸਿੰਘ ਦੀ ਆਪਣੀ ਕੋਈ ਕਾਬਲੀਅਤ ਨਹੀਂ ਹੈ। ਇਸ ਦੇ ਬਾਵਜੂਦ ਮਨੋਹਰ ਲਾਲ ਖੱਟਰ ਨੇ ਆਪਣੀ ਨਜ਼ਦੀਕੀ ਰਹੇ ਦਾਦੂਵਾਲ ਸਾਬ੍ਹ ਨੂੰ ਹਟਾ ਕੇ ਕਮਰਜੀਤ ਸਿੰਘ ਨੂੰ ਪ੍ਰਧਾਨ ਬਣਾਇਆ। ਮਹੰਤ ਕਰਮਜੀਤ ਸਿੰਘ ਦੀ ਬੀਜੇਪੀ ਨਾਲ ਨਜ਼ਦੀਕੀਆਂ ਪ੍ਰਧਾਨ ਬਣਨ ਤੋਂ ਪਹਿਲਾਂ ਵੀ ਸਾਹਮਣੇ ਆਇਆ ਸਨ। ਜਦੋਂ ਪ੍ਰਧਾਨ ਮੰਤਰੀ ਨੇ ਪੰਜਾਬ ਵਿਧਾਨਸਭਾ ਚੋਣਾਂ ਦੌਰਾਨ ਅਤੇ ਉਸ ਤੋਂ ਬਾਅਦ ਸਿੱਖ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਸੀ ਤਾਂ ਉਸ ਵਿੱਚ ਮਹੰਤ ਕਰਮਜੀਤ ਸਿੰਘ ਹਰ ਵਾਰ ਪੀਐੱਮ ਮੋਦੀ ਨਾਲ ਨਜ਼ਰ ਆਏ ਸਨ ।