Punjab

ਹਰਿਆਣਾ ਗੁਰਦੁਆਰਾ ਕਮੇਟੀ ਦੇ ਨਵੇਂ ਪ੍ਰਧਾਨ ਦੇ ਡੋਪ ਟੈਸਟ ਦੀ ਮੰਗ ! ਦਾਦੂਵਾਲ ਨੇ ਲਗਾਏ ਸੰਗੀਨ ਇਲਜ਼ਾਮ !

ਬਿਊਰੋ ਰਿਪੋਰਟ : ਗੁਰੂ ਘਰਾਂ ਦੇ ਪ੍ਰਬੰਧਾਂ ਦੀ SGPC ਅਤੇ HSGPC ਦੀ ਲੜਾਈ ਹੁਣ ਆਪਸੀ ਖਹਿਬਾਜ਼ੀ ਵਿੱਚ ਫਸ ਦੀ ਹੋਈ ਨਜ਼ਰ ਆ ਰਹੀ ਹੈ। ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਮੌਜੂਦਾ ਪ੍ਰਧਾਨ ਮਹੰਤ ਕਰਮਜੀਤ ਸਿੰਘ ਦੇ ਖਿਲਾਫ ਗੰਭੀਰ ਇਲਜ਼ਾਮ ਲਗਾਏ ਹਨ । ਦਾਦੂਵਾਲ ਨੇ ਕਿਹਾ ਮਹੰਤ ਕਰਮਜੀਤ ਸਿੰਘ ਨਸ਼ੇ ਦੇ ਆਦੀ ਹਨ,ਇਸ ਦਾ ਡੋਪ ਟੈਸਟ ਕਰਵਾਉ,ਉਨ੍ਹਾਂ ਨੇ ਪਹਿਲੇ ਦਿਨ ਤੋਂ ਕਿਹਾ ਸੀ ਹੁਣ ਹੋਰ ਮੈਂਬਰਾਂ ਨੂੰ ਯਕੀਨ ਹੁੰਦਾ ਜਾ ਰਿਹਾ ਹੈ। ਦਾਦੂਵਾਲ ਨੇ ਇਲਜ਼ਾਮ ਲਗਾਇਆ ਕਿ ਕਮੇਟੀ ਵੱਲੋਂ ਵਿਸਾਖੀ ਦੌਰਾਨ ਕਿਸੇ ਵੀ ਗੁਰਦੁਆਰੇ ਕੋਈ ਸਮਾਗਮ ਨਹੀਂ ਕਰਵਾਇਆ ਗਿਆ,ਅੰਮ੍ਰਿਤ ਸੰਚਾਰ ਨਹੀਂ ਹੋਇਆ,ਸਿਰਫ ਆਪਣੇ ਡੇਰੇ ਵਿੱਚ ਹੀ ਮਹੰਤ ਕਰਮਜੀਤ ਸਿੰਘ ਨੇ ਪ੍ਰੋਗਰਾਮ ਰੱਖਿਆ। ਦਾਦੂਵਾਲ ਨੇ ਕਿਹਾ ਜੇਕਰ ਆਪਣਾ ਡੇਰਾ ਚਲਾਉਣਾ ਸੀ ਤਾਂ ਹਰਿਆਣਾ ਕਮੇਟੀ ਦਾ ਪ੍ਰਧਾਨ ਕਿਉਂ ਬਣੇ । ਉਨ੍ਹਾਂ ਨੇ ਕਿਹਾ ਸੂਬੇ ਵਿੱਚ 52 ਗੁਰੂਧਾਮ ਹਨ ਪਰ ਮਹੰਤ ਕਰਮਜੀਤ ਸਿੰਘ ਹੁਣ ਤੱਕ ਨਹੀਂ ਗਿਆ ।

ਮਹੰਤ ਕਰਮਜੀਤ ਸਿੰਘ ਪ੍ਰਧਾਨ ਬਣਨ ਲਾਇਕ ਨਹੀਂ

ਸਾਬਕਾ HSGPC ਦੇ ਪ੍ਰਧਾਨ ਨੇ ਕਿਹਾ ਮਹੰਤ ਕਰਮਜੀਤ ਸਿੰਘ ਪ੍ਰਧਾਨ ਬਣਨ ਦੇ ਕਾਬਲ ਨਹੀਂ ਹੈ,ਉਹ ਮੁਲਾਜ਼ਮਾਂ ਅਤੇ ਮੈਂਬਰਾਂ ਨੂੰ ਧਮਕਾਉਂਦਾ ਹੈ ਅਤੇ ਕਈ ਵਾਰ ਗਾਲਾਂ ਕੱਢੀਆਂ ਹਨ ਹੱਥੋਪਾਈ ਦੀ ਨੌਬਤ ਤੱਕ ਆ ਗਈ ਹੈ । ਦਾਦੂਵਾਲ ਨੇ ਇਲਜ਼ਾਮ ਲਗਾਇਆ ਕਿ ਕਮੇਟੀ ਦਾ ਪ੍ਰਧਾਨ ਗੁੰਦਾਗਰਦੀ ‘ਤੇ ਉਤਰ ਆਇਆ ਹੈ,ਦਾਦਾਗਿਰੀ ਕਰ ਰਿਹਾ ਹੈ, ਉਨ੍ਹਾਂ ਕਿਹਾ ਅਸੀਂ 2 ਸਾਲ ਦੀ ਮਿਹਨਤ ਨਾਲ ਪ੍ਰਬੰਧਕ ਕਮੇਟੀ ਵਿੱਚ ਕਈ ਸੁਧਾਰ ਕੀਤੇ ਪਰ ਇਸ ਨੇ 2 ਮਹੀਨੇ ਵਿੱਚ ਹੀ ਬਰਬਾਦ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਜਦੋਂ ਦਸੰਬਰ 2022 ਵਿੱਚ ਹਰਿਆਣਾ ਸਰਕਾਰ ਨੇ 38 ਮੈਂਬਰੀ ਨਵੀਂ ਐਡਹਾਕ ਕਮੇਟੀ ਦਾ ਗਠਨ ਕੀਤਾ ਸੀ ਤਾਂ ਬਲਜੀਤ ਸਿੰਘ ਦਾਦੂਵਾਲ ਨੂੰ ਪੂਰੀ ਉਮੀਦ ਸੀ ਕਿ ਉਹ ਮੁੜ ਤੋਂ ਪ੍ਰਧਾਨ ਬਣਨਗੇ, ਪਰ ਅਖੀਰਲੇ ਸਮੇਂ ਮਹੰਤ ਕਰਮਜੀਤ ਸਿੰਘ ਦਾ ਨਾਂ ਪ੍ਰਧਾਨਗੀ ਲਈ ਅੱਗੇ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਦਾਦੂਵਾਲ ਮੀਟਿੰਗ ਤੋਂ ਬਾਹਰ ਆ ਗਏ ਸਨ। ਉਸ ਵੇਲੇ ਦਾਦੂਵਾਲ ਨੇ ਕੁਝ ਜ਼ਿਆਦਾ ਨਹੀਂ ਬੋਲਿਆ ਸੀ ਪਰ ਉਨ੍ਹਾਂ ਦੀ ਨਰਾਜ਼ਗੀ ਸਾਫ ਨਜ਼ਰ ਆ ਰਹੀ ਸੀ। ਮਹੀਨੇ ਪਹਿਲਾਂ ਜਦੋਂ ਹਰਿਆਣਾ ਕਮੇਟੀ ਨੇ ਸੂਬੇ ਦੇ ਗੁਰਦੁਆਰਿਆਂ ਦਾ ਪ੍ਰਬੰਧਕ ਸੰਭਾਲਣਾ ਸ਼ੁਰੂ ਕੀਤਾ ਸੀ ਤਾਂ ਵੀ ਦਾਦੂਵਾਲ ਕਮੇਟੀ ਦੇ ਨਾਲ ਖੜੇ ਹੋਏ ਨਜ਼ਰ ਆ ਰਹੇ ਸਨ,ਉਨ੍ਹਾਂ ਨੇ ਆਪ ਮਹੰਤ ਕਰਮਜੀਤ ਸਿੰਘ ਨਾਲ ਮਿਲਕੇ ਗੁਰੂ ਘਰਾਂ ਨੂੰ ਕਮੇਟੀ ਅਧੀਨ ਲਿਆ ਸੀ। ਪਰ ਕਿਧਰੇ ਨਾ ਕਿਧਰੇ ਜਿਹੜੀ ਨਰਾਜ਼ਗੀ ਸੀ ਉਹ ਖੁੱਲ ਕੇ ਹੁਣ ਸਾਹਮਣੇ ਆ ਗਈ ਹੈ । ਸਾਫ ਹੈ ਦਾਦੂਵਾਲ ਅਤੇ ਮਹੰਤ ਕਰਨ ਸਿੰਘ ਵਿਚਾਲੇ ਸ਼ੁਰੂ ਹੋਇਆ ਇਹ ਟਕਰਾਅ ਆਉਣ ਵਾਲੇ ਦਿਨਾਂ ਵਿੱਚ ਹੋਰ ਤੇਜ਼ ਹੋਵੇਗੀ।

ਨਲਵੀ ਨੇ ਵੀ ਨਵੀਂ ਕਮੇਟੀ ‘ਤੇ ਚੁੱਕੇ ਸਵਾਲ

ਉਧਰ ਹਰਿਆਣਾ ਸਿੱਖ ਸਮਾਜ ਦੇ ਪ੍ਰਧਾਨ ਅਤੇ ਹਰਿਆਣਾ ਕਮੇਟੀ ਦੇ ਸਾਬਕਾ ਮੈਂਬਰ ਦੀਦਾਰ ਸਿੰਘ ਨਲਵੀ ਨੇ ਵੀ ਮੌਜੂਦਾ ਕਮੇਟੀ ਨੂੰ ਘੇਰਿਆ ਹੈ,ਉਨ੍ਹਾਂ ਕਿਹਾ ਹੋਲਾ ਮੁਹੱਲਾ ਅਤੇ ਵਿਸਾਖੀ ਵਰਗੇ ਇਤਿਹਾਸ ਦਿਹਾੜੇ ਹਰਿਆਣਾ ਦੇ ਕਿਸੇ ਵੀ ਇਤਿਹਾਸਕ ਗੁਰਦੁਆਰੇ ਵਿੱਚ ਨਹੀਂ ਮਨਾਏ ਗਏ ਹਨ ।ਨਲਵੀ ਨੇ ਕਿਹਾ ਕਿ ਮੌਜੂਦਾ ਕਮੇਟੀ ਹਰਿਆਣਾ ਸਰਕਾਰ ਦੇ ਇਸ਼ਾਰੇ ‘ਤੇ ਕੰਮ ਕਰ ਰਹੀ ਹੈ, ਉਨ੍ਹਾਂ ਨੇ ਕਮੇਟੀ ਦੇ ਬਜਟ ਨੂੰ ਲੈਕੈ ਵੀ ਸਵਾਲ ਚੁੱਕੇ,ਨਲਵੀ ਨੇ ਕਿਹਾ ਮਹੰਤ ਕਰਮਜੀਤ ਸਿੰਘ ਅਧੀਨ ਕਮੇਟੀ ਨੇ ਜਿਹੜਾ ਬਜਟ ਪੇਸ਼ ਕੀਤਾ ਹੈ ਉਹ ਸਮਝ ਤੋਂ ਪਰੇ ਹੈ । ਉਨ੍ਹਾਂ ਕਿਹਾ ਪ੍ਰਧਾਨ ਕਰਮਜੀਤ ਸਿੰਘ ਅਤੇ ਸਕੱਤਰ ਗੁਰਵਿੰਦਰ ਸਿੰਘ ਧਮੀਜਾ ਕਮੇਟੀ ਨੂੰ ਨਹੀਂ ਸੰਭਾਲ ਪਾ ਰਹੇ ਹਨ ਉਹ ਅਸਤੀਫਾ ਦੇਣ। ਨਲਵੀ ਨੇ ਕਿਹਾ ਜਦੋਂ ਅਸੀਂ ਪ੍ਰਧਾਨ ਨੂੰ ਪੁੱਛਿਆ ਕਿ ਤੁਸੀਂ ਹੁਣ ਤੱਕ ਸ਼ਾਹਬਾਦ ਦੇ ਮੈਡੀਕਲ ਕਾਲਜ ਨੂੰ ਹਰਿਆਣਾ ਕਮੇਟੀ ਦੇ ਅਧੀਨ ਕਿਉਂ ਨਹੀਂ ਲਿਆ ਤਾਂ ਉਨ੍ਹਾਂ ਨੇ ਇਸ ਪਿੱਛੇ ਕਾਨੂੰਨੀ ਕਾਰਨ ਦੱਸੇ ਜਦਕਿ ਸੁਪਰੀਮ ਕੋਰਟ ਪਹਿਲਾਂ ਹੀ ਨਿਰਦੇਸ਼ ਦੇ ਚੁੱਕੀ ਹੈ ਕਿ ਹਰਿਆਣਾ ਕਮੇਟੀ ਆਪਣਾ ਪ੍ਰਬੰਧਕ ਸੰਭਾਲੇ ।

SGPC ਨੇ ਹਰਿਆਣਾ ਕਮੇਟੀ ਨੂੰ ਸਰਕਾਰੀ ਕਮੇਟੀ ਦੱਸਿਆ ਸੀ

SGPC ਪਹਿਲਾਂ ਹੀ ਮੌਜੂਦਾ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਰਕਾਰੀ ਕਮੇਟੀ ਦੱਸ ਰਹੀ ਸੀ, ਉਨ੍ਹਾਂ ਦਾ ਇਲਜ਼ਾਮ ਹੈ ਕਿ ਹਰਿਆਣਾ ਸਰਕਾਰ ਵੱਲੋਂ ਗਠਨ ਕਮੇਟੀ ਨੂੰ ਸਰਕਾਰ ਦੇ ਇਸ਼ਾਰਿਆਂ ‘ਤੇ ਚਲਾਇਆ ਜਾ ਰਿਹਾ ਹੈ। ਪਹਿਲਾਂ ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਵੀ ਅਕਾਲੀ ਦਲ ਦੇ ਨਾਲ ਆ ਗਏ ਸਨ ਅਤੇ ਉਨ੍ਹਾਂ ਨੇ ਹਰਿਆਣਾ ਸਰਕਾਰ ਵੱਲੋਂ ਕਮੇਟੀ ਚਲਾਉਣ ਦਾ ਇਲਜ਼ਾਮ ਲਗਾਇਆ ਸੀ ਪਰ ਜਦੋਂ ਹਰਿਆਣਾ ਕਮੇਟੀ ਨੇ ਗੁਰਦੁਆਰਿਆਂ ਦਾ ਕਬਜ਼ਾ ਲੈਣਾ ਸ਼ੁਰੂ ਕੀਤਾ ਤਾਂ ਉਹ ਵੀ ਮਹੰਤ ਕਰਮਜੀਤ ਸਿੰਘ ਨਾਲ ਆਕੇ ਖੜੇ ਹੋ ਗਏ ਸਨ।