Punjab

ਪੰਜਾਬ ਨਾਲ ਕੀਤੇ ਵਾਅਦੇ ਕਿਵੇਂ ਹੋਣਗੇ ਵਫ਼ਾ

ਕਮਲਜੀਤ ਸਿੰਘ ਬਨਵੈਤ/ ਗੁਰਪ੍ਰੀਤ ਸਿੰਘ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਲੋਕਾਂ ਨੇ ਵਿਧਾਨ ਸਭਾ ਚੋਣਾਂ ਵਿੱਤ ਝਾੜੂ ਫੇਰ ਦਿੱਤਾ ਹੈ। ਪੰਜਾਬੀ ਬਦਲਾਅ ਨੂੰ ਲੈ ਕੇ ਤਰਲੋਮੱਛੀ ਸਨ ਚਾਹੇ ਉਨ੍ਹਾਂ ਨੇ ਮਨ ਕਈ ਚਿਰ ਪਹਿਲਾਂ ਬਣਾ ਲਿਆ ਸੀ। ਪੰਜਾਬੀਆਂ ਵਿੱਚ ਰਵਾਇਤੀ ਪਾਰਟੀਆਂ ਨੂੰ ਲੈ ਕੇ ਖਿੱਝ ਸੀ। ਗੁੱਸੇ ਵਿੱਚ ਸਨ। ਨਿਰਾਸ਼ਤਾ ਦੇ ਆਲਮ ਵਿੱਚ ਸਨ। ਹਾਲੇ ਕੋਈ ਬਹੁਤ ਪੁਰਾਣੀ ਗੱਲ਼ ਨਹੀਂ ਪੰਜਾਬ ਪੂਰੇ ਮੁਲਕ ਵਿੱਚੋਂ ਮੋਹਰੀ ਸੂਬਾ ਮੰਨਿਆ ਜਾਂਦਾ ਸੀ ਜਿਹੜਾ ਹੁਣ 19ਵੇਂ ਥਾਂ ‘ਤੇ ਆ ਡਿੱਗਿਆ ਹੈ। ਆਮ ਆਦਮੀ ਪਾਰਟੀ ਜਿੱਤ ਗਈ । ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ, ਗਾਰੰਟੀਆਂ ਦਿੱਤੀਆਂ ਪਰ ਕੀ ਆਰਥਿਕ ਪੱਖੋਂ ਡੁੱਬ ਰਹੇ ਪੰਜਾਬ ਦੀ ਬੇੜੀ ਬੰਨੇ ਲਾ ਦੇਣਗੇ ।

ਆਪ ਨੇ ਵੀ ਦੂਜੀਆਂ ਪਾਰਟੀਆਂ ਦੀ ਤਰ੍ਹਾਂ ਚੋਣ ਵਾਅਦੇ ਅਤੇ ਸਬਸਿਡੀਆਂ ਨੂੰ ਲਾਲਚ ਵਿੱਚ ਲਪੇਟ ਕੇ ਪਰੋਸਿਆ ਸੀ । ਜੇ ਹੁਣ ਇਹ ਪੂਰੇ ਕਰਨੇ ਪਏ ਤਾਂ  ਪੰਜਾਬ ਦੇ ਖਜ਼ਾਨੇ ਦੀ ਤਬੀਅਤ ਹੋਰ ਵਿਗੜ ਜਾਵੇਗੀ। ਆਪ ਨੇ ਸ਼ਰਾਬ ਦੇ ਨਜ਼ਾਇਜ਼ ਧੰਦੇ, ਰੇਤ ਮਾਫੀਆ ਅਤੇ ਗੈਰ ਕਾਨੂੰਨੀ ਟਰਾਂਸਪੋਰਟ ਨੂੰ ਖਤਮ ਕਰਨ ਦਾ ਵਾਅਦਾ ਕੀਤਾ। ਪੰਜਾਬੀਆਂ ਨੇ ਦਿਲੋਂ ਸਲਾਹਿਆ ਅਤੇ ਭਰੋਸਾ ਅਤੇ ਸਵਾਗਤ ਵੀ ਕੀਤਾ। ਆਪ ਨੇ ਦਿੱਲੀ ਵਿੱਚ ਸਾਫ ਸੁੱਥਰਾ ਪ੍ਰਸ਼ਾਸ਼ਨ ਦੇਣ ਦੇ ਦਾਅਵੇ ਨਾਲ ਪੰਜਾਬ ਤੋਂ ਵੋਟਾਂ ਮੰਗੀਆਂ ਹਨ। ਪੰਜਾਬ ਦੀ ਕਾਂਗਰਸ ਸਰਕਾਰ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਬੁਰੀ ਤਰ੍ਹਾਂ ਫੇਲ ਹੋਈ ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਹੋ ਜਿਹੀਆਂ ਸੋਹਾਂ ਖਾ ਕੇ ਚੋਣ ਜਿੱਤੀ ਸੀ। ਕਾਂਗਰਸ ਨੂੰ  ਵਿਰਾਸਤ ਵਿੱਚ 2. 72 ਲੱਖ ਕਰੋੜ ਦਾ ਕਰਜ਼ਾ ਮਿਲਿਆ ਸੀ ਜਿਹੜਾ ਹੁਣ 4 ਲੱਖ ਕਰੋੜ ਨੂੰ ਟੱਪ ਗਿਆ ਹੈ।

ਸੂਬੇ ਦੇ ਹਾਲਾਤ ਇਹ ਹਨ ਕਿ ਮਾਲੀਏ ਰਾਹੀ ਪ੍ਰਾਪਤ ਹੋਣ ਵਾਲੇ ਇੱਕ ਸੌ ਰੁਪਏ ਵਿੱਚੋ 40 ਰੁਪਏ ਕਰਜ਼ਾ ਉਤਾਰਨ ਵਿੱਚ ਲੱਗ ਜਾਂਦੇ ਹਨ। ਪੰਜਾਬ ਦੇ ਮਾਲੀਏ ਦਾ 85 ਫੀਸਦੀ ਹਿੱਸਾ ਮੁਲਾਜ਼ਮਾਂ ਦੀਆਂ ਤਨਖਾਹਾਂ, ਪੈਨਸ਼ਨ ਅਤੇ ਵਿਆਜ਼ ‘ਤੇ ਕਰਚ ਹੋ ਜਾਂਦਾ ਹੈ। ਹੋਰ ਕੰਮਾ ਲਈ ਪੈਸੇ ਬਚਦੇ ਹੀ ਨਹੀਂ । ਆਪ ਦੇ ਸੁਪਰੀਮੇ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿੱਚ ਹਰੇਤ ਔਰਤ ਨੂੰ ਹਜ਼ਾਰ ਰੁਪਏ ਮਹੀਨਾ ਮਦਦ ਅਤੇ ਤਿੰਨ ਸੌ ਯੂਨਿਟ ਬਿਜਲੀ ਮੁਫਤ  ਦੇਣ ਦਾ ਵਾਅਦਾ ਕੀਤਾ ਸੀ । ਇਸ ਨਾਲ ਖਜ਼ਾਨੇ ਨੂੰ 25 ਹਜ਼ਾਰ ਕਰੋੜ ਦਾ ਨਵਾਂ ਮਘੋਰਾ ਹੋਣ ਵਾਲਾ ਹੈ। ਉਨ੍ਹਾਂ ਨੇ ਜਾਇਦਾਦ ਕਰ ਹਟਾਉਣ ਦਾ ਭਰੋਸਾ ਵੀ ਦਿੱਤਾ। ਦਿੱਲੀ ਦੀ ਤਰਜ ‘ਤੇ 16 ਹਜ਼ਾਰ ਮੁਹੱਲਾ ਕਲੀਨਕਾਂ ਖੋਲਣ ਦਾ ਐਲਾਨ ਵੀ ਕੀਤਾ ਸੀ। ਸਿੱਖਿਆ ਨੂੰ ਪਹਿਲ ਦੇ ਅਧਾਰ ‘ਤੇ ਲੈਣ ਅਤੇ ਵਿਦੇਸ਼ਾ ਨੂੰ ਉਡਾਣ ਭਰ ਰਹੀ ਜਵਾਨੀ ਨੂੰ ਘਰ ਵਿੱਚ ਰੁਜਗਾਰ ਦੇਣ ਦਾ ਵਿਸ਼ਾਵਾਸ਼ ਦਵਾਇਆ ਸੀ। ਪੰਜਾਬ ਦੀ ਜਵਾਨੀ ਰੁਜਗਾਰ ਲਈ ਵਿਦੇਸ਼ ਹੀ ਨਹੀਂ ਸਗੋਂ ਦੂਜੇ ਸੂਬਿਆਂ  ਵੱਲ ਨੂੰ ਜਾ ਰਹੀ ਹੈ।

ਪਿਛਲੀਆਂ ਸਰਕਾਰਾਂ ਵੀ ਸਬਸਿੱਡੀ ਦਾ ਲਾਲਚ  ਦੇ ਕੇ ਵੋਟਾੰ ਮੰਗਦੀਆਂ ਰਹੀਆਂ ਸਨ। ਇਸ ਪੱਖੋਂ ਆਪ ਅਤੇ ਦੂਜੀਆਂ ਰਵਾਇਤੀਆਂ ਪਾਰਟੀਆਂ ਵਿੱਚ ਕੋਈ ਫਰਕ ਨਹੀਂ ਦਿੱਸਿਆ। ਲੋਕਾਂ ਨੇ ਦੂਜੀਆਂ ਪਾਰਟੀਆਂ ਤੋਂ ਸਬਸਿੱਡੀਆਂ ਲੈ ਕੇ ਵੀ ਵੱਡੀ ਉਮੀਦ ਨਾਲ ਆਪ ਨੂੰ ਮਾਣ ਦਿੱਤਾ ਹੈ। ਸ਼ਾਇਦ ਉਹ ਸਿਸਟਮ ਵਿੱਚ ਚੱਲ ਰਹੀ ਗੜਬੜੀ ਵਿੱਚ ਬਦਲਾਅ ਦਾ ਚਾਹਤ ਰੱਖਦੇ ਹੋਣ। ਕਿਸਾਨ ਨੂੰ ਮੁਫਤ ਬਿਜਲੀ ਅਤੇ ਘੱਟ ਰੇਟ ‘ਤੇ ਪਾਣੀ ਮਿਲਦਾ ਹੈ। ਪਰ ਉਸਦੀ ਟੇਕ ਫਿਰ ਵੀ ਐਮਐਸਪੀ ‘ਤੇ ਟਿਕੀ ਹੋਈ ਹੈ। ਪੰਜਾਬ ਵਿੱਚ ਸਿਰਫ ਕਣਕ ਅਤੇ ਝੋਨੇ ‘ਤੇ ਐਮਐਸਪੀ ਮਿਲਦੀ ਹੈ। ਬਾਹਰਲੇ ਸੂਬਿਆਂ ਦੇ ਵਪਾਰੀ ਦੋਵੇਂ ਫਸਲਾਂ ਇੱਥੇ ਆ ਕੇ ਵੇਚ ਜਾਂਦੇ ਹਨ ਅਤੇ ਪੰਜਾਬ ਦੇ ਕਿਸਾਨ ਦੀ ਜਿਣਸ ਮੰਡੀਆਂ ਵਿੱਚ ਰੁਲਦੀ ਰਹਿ ਜਾਂਦੀ ਹੈ। ਆਪ ਨੇ ਪੰਜਾਬ ਵਿੱਚ ਬਦਲਵੀਂ ਖੇਤੀ ਜਾਂ ਆਮਦਨ ਦੇ ਸਰੋਤ ਵਧਾ ਕੇ ਖਜ਼ਾਨਾ ਭਰਨ ਵੱਲ ਕੋਈ ਤਵੱਕੋਂ ਨਹੀੰ ਦਿੱਤੀ। ਪੰਜਾਬ ਦੀ ਬਿਮਾਰ ਸਨਿਅਤ ਵੱਲ ਵੀ ਆਪ ਦੀ ਨਜ਼ਰ ਨਹੀਂ ਗਈ। ਫਿਰ ਵੀ 42 ਫੀਸਦੀ ਵੋਟਾਂ ਲੈ ਕੇ  ਪੰਜਾਬ ਵਿੱਚ ਸੱਤਾ ਹਾਸਲ ਕਰ ਲਈ ਹੈ। ਹੁਣ ਜਦੋਂ ਆਪ ਕੋਲ ਬਦਲਾਅ ਲਈ ਤਾਕਤ ਹੈ ਤਾਂ ਦੇਖਣਾ ਹੋਵੇਗਾ ਕਿ ਮੌਜੂਦਾ ਨੀਤੀਆਂ ਨਾਲ ਵਾਅਦੇ ਵਫ਼ਾ ਹੋ ਸਕਣਗੇ।

ਅਰਵਿੰਦ ਕੇਜਰੀਵਾਲ ਜਿਹੜੇ ਕੇਂਦਰ ਦੀ ਸੱਤਾ ‘ਤੇ ਅੱਖ ਰੱਖੀ ਬੈਠੇ ਹਨ ਦੀ ਉਮੀਦ ਨੂੰ ਬੂਰ ਚਾਹੇ 2024 ਨਹੀਂ 2029 ‘ਚ ਪਵੇ ਪਰ ਇਹਦੇ ਲਈ ਪੰਜਾਬ ਵਿੱਚ ਮਾਅਰਕੇ ਦਾ ਕਾਰਗੁਜਾਰੀ ਜਰੂਰੀ ਹੈ। ਦੋ ਸਾਲਾਂ ਨੂੰ ਪੰਜ ਹੋਰ ਰਾਜਾ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਆ ਖੜਨਗੀਆਂ। ਪੰਜਾਬ ਨੇ ਮੰਚ ਸਜਾ ਦਿੱਤਾ ਹੈ। ਇੱਥੋ ਦਾ ਪਰਫਾਰਮੈਂਸ ਕੇਂਦਰ ਲਈ ਰਸਤਾ ਤੈਅ ਕਰੇਗੀ।