India Punjab

ਕਰੋਨਾਵਾਇਰਸ ਨਾਲ ਕਿਵੇਂ ਨਜਿੱਠੇਗਾ ਭਾਰਤ, ਹਰੇਕ ਵਿਅਕਤੀ ਤੱਕ ਕਿਵੇ ਪਹੁੰਚੇਗੀ ਵੈਕਸੀਨ, ਪੜ੍ਹੋ ਪੂਰੀ ਖਬਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਨੂੰ ਡਰਾ ਕੇ ਰੱਖਿਆ ਹੋਇਆ ਹੈ। ਹਰੇਕ ਦੇਸ਼ ਵਿੱਚ ਕਰਨਾ ਮਹਾਂਮਾਰੀ ਨੇ ਆਪਣੇ ਪੈਰ ਪਸਾਰ ਲਏ ਹਨ। ਸਿਹਾਤ ਮਾਹਿਰਾਂ, ਵਿਗਿਆਨੀਆਂ ਵੱਲੋਂ ਇਸ ਮਹਾਂਮਾਰੀ ‘ਤੇ ਕਾਬੂ ਪਾਉਣ ਲਈ ਕਈ ਯਤਨ ਕੀਤੇ ਜਾ ਰਹੇ ਹਨ, ਜਿਵੇਂ ਕਿ ਕਰੋਨਾ ਵੈਕਸੀਨ ਵਿਗਿਆਨੀਆਂ ਦੀ ਪਹਿਲੀ ਪ੍ਰਾਪਤੀ ਹੈ। ਇਸ ਤੋਂ ਇਲਾਵਾ ਸਰਕਾਰਾਂ ਵੱਲੋਂ ਕਈ ਕਰੋਨਾ ਨਿਯਮ ਬਣਾਏ ਜਾ ਰਹੇ ਹਨ, ਤਾਂ ਜੋ ਇਸ ਬਿਮਾਰੀ ਦਾ ਲਾਗ ਵਧਣ ਤੋਂ ਰੋਕੀ ਜਾ ਸਕੇ।

ਭਾਰਤ ਵਿੱਚ ਸਰਕਾਰ ਵੱਲੋਂ ਕਈ ਕਰੋਨਾ ਨਿਯਮ ਬਣਾਏ ਗਏ ਹਨ। ਪੰਜਾਬ ਵਿੱਚ ਕੈਪਟਨ ਸਰਕਾਰ ਵੱਲੋਂ ਕਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਕਈ ਪਾਬੰਦੀਆਂ ਲਗਾਈਆਂ ਗਈਆਂ ਹਨ। ਹਾਲ ਹੀ ਵਿੱਚ, ਪੰਜਾਬ ਸਰਕਾਰ ਨੇ ਹਰ ਇੱਕ ਘੰਟੇ ਤੱਕ ਕਰਫਿਊ ਲਾਉਣ ਦਾ ਐਲਾਨ ਕੀਤਾ ਹੈ। ਸਰਕਾਰ ਨੇ ਸੜਕਾਂ ‘ਤੇ 11 ਵਜੇ ਤੋਂ 12 ਵਜੇ ਤੱਕ ਆਵਾਜਾਈ ‘ਤੇ ਰੋਕ ਲਾ ਦਿੱਤੀ ਹੈ। ਸਰਕਾਰ ਦੇ ਨਿਯਮਾਂ ਮੁਤਾਬਕ ਹਰ ਸ਼ਨੀਵਾਰ ਸੜਕਾਂ ‘ਤੇ ਇੱਕ ਘੰਟਾ ਆਵਾਜਾਈ ਬੰਦ ਰਹੇਗੀ। ਸਰਕਾਰ ਨੇ ਲੋਕਾਂ ਨੂੰ ਕਰੋਨਾ ਕਾਰਨ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਦੀ ਅਪੀਲ ਕੀਤੀ ਹੈ। ਪਰ ਪ੍ਰਸ਼ਾਸਨ ਦੇ ਹੁਕਮਾਂ ਦਾ ਜ਼ਿਆਦਾ ਅਸਰ ਵੇਖਣ ਨੂੰ ਨਹੀਂ ਮਿਲਿਆ।

ਇਸ ਸਮੇਂ ਭਾਰਤ ਵਿੱਚ ਦੋ ਟੀਕਿਆਂ ਨੂੰ ਮਨਜ਼ੂਰੀ ਮਿਲੀ ਹੋਈ ਹੈ। ਇੱਕ ਹੈ ਓਕਸਫੋਰਡ ਐਸਟਰਾਜ਼ੈਨੇਕਾ ਟੀਕਾ (ਸਥਾਨਕ ਤੌਰ ‘ਤੇ ਕੋਵੀਸ਼ਿਲਡ ਵਜੋਂ ਜਾਣਿਆ ਜਾਂਦਾ ਹੈ) ਅਤੇ ਦੂਜਾ ਕੋਵੈਕਸੀਨ ਹੈ, ਜੋ ਭਾਰਤੀ ਲੈਬ ਵਿੱਚ ਵਿਕਸਤ ਕੀਤਾ ਗਿਆ ਹੈ। ਜਨਵਰੀ ਮਹੀਨੇ ਦੀ ਸ਼ੁਰੂਆਤ ਤੋਂ ਹੁਣ ਤੱਕ ਸੀਰਮ ਇੰਸਟੀਚਿਊਟ ਤੋਂ ਕੋਵੀਸ਼ੀਲਡ ਦੀਆਂ ਲਗਭਗ 130 ਮਿਲੀਅਨ ਖੁਰਾਕਾਂ ਜਾਂ ਤਾਂ ਬਰਾਮਦ ਕੀਤੀਆਂ ਗਈਆਂ ਹਨ ਜਾਂ ਘਰੇਲੂ ਵਰਤੋਂ ਕੀਤੀ ਗਈ ਹੈ।

ਭਾਰਤੀ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨਵੀਆਂ ਸਹੂਲਤਾਂ ਨਾਲ ਜਾਂ ਫਿਰ ਉਤਪਾਦਨ ਲਾਈਨ ਵਿੱਚ ਬਦਲਾਅ ਕਰਕੇ ਉਤਪਾਦਨ ਵਿੱਚ ਤੇਜ਼ੀ ਲਿਆ ਰਹੀਆਂ ਹਨ ਤਾਂ ਕਿ ਘਰੇਲੂ ਮੰਗ ਦੇ ਨਾਲ-ਨਾਲ ਵਿਸ਼ਵਵਿਆਪੀ ਸਪਲਾਈ ਦੀ ਲੋੜ ਨੂੰ ਪੂਰਾ ਕੀਤਾ ਜਾ ਸਕੇ। ਸੀਰਮ ਇੰਸਟੀਚਿਊਟ ਦਾ ਕਹਿਣਾ ਹੈ ਕਿ ਜਨਵਰੀ ਵਿੱਚ ਇੱਕ ਵੇਲੇ ਉਨ੍ਹਾਂ ਦਾ ਉਤਪਾਦਨ 60 ਤੋਂ 70 ਮਿਲੀਅਨ ਟੀਕੇ ਪ੍ਰਤੀ ਮਹੀਨਾ ਸੀ। ਇਸ ਵਿੱਚ ਕੋਵੀਸ਼ੀਲਡ ਅਤੇ ਅਮਰੀਕਾ ਵਿੱਚ ਵਿਕਸਿਤ ਨੋਵਾਵੈਕਸ ਵੀ ਸ਼ਾਮਲ ਹਨ (ਜਿਸ ਦੀ ਵਰਤੋਂ ਲਈ ਅਜੇ ਲਾਇਸੈਂਸ ਨਹੀਂ ਮਿਲਿਆ ਹੈ)।

ਸੀਰਮ ਇੰਸਟੀਚਿਊਟ ਨੇ ਦੱਸਿਆ ਕਿ ਮਾਰਚ ਮਹੀਨੇ ਤੋਂ ਉਤਪਾਦਨ ਨੂੰ ਵਧਾ ਕੇ 100 ਮਿਲੀਅਨ ਪ੍ਰਤੀ ਮਹੀਨਾ ਕਰਨ ਦਾ ਟੀਚਾ ਸੀ ਪਰ ਹਾਲ ਹੀ ਵਿੱਚ ਜਦੋਂ ਅਸੀਂ ਇਸਦੀ ਜਾਂਚ ਕੀਤੀ ਤਾਂ ਇਹ 60 ਤੋਂ 70 ਮਿਲੀਅਨ ਖੁਰਾਕਾਂ ‘ਤੇ ਸੀਮਤ ਸੀ, ਵਧਿਆ ਨਹੀਂ। ਕੰਪਨੀ ਨੇ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਕੀ ਉਸ ਕੋਲ ਪਹਿਲਾਂ ਹੀ ਬਣਾਏ ਗਏ ਵੈਕਸੀਨ ਦਾ ਭੰਡਾਰ ਹੈ ਅਤੇ ਜੇ ਅਜਿਹਾ ਹੈ ਤਾਂ ਉਸ ਦਾ ਕਿੰਨਾ ਹਿੱਸਾ ਘਰੇਲੂ ਉਤਪਾਦਾਂ ਲਈ ਤੈਅ ਹੈ।

ਭਾਰਤ ਸਰਕਾਰ ਨੇ ਆਪਣੀ ਟੀਕਾਕਰਨ ਮੁਹਿੰਮ 16 ਜਨਵਰੀ ਨੂੰ ਸ਼ੁਰੂ ਕੀਤੀ ਸੀ ਅਤੇ ਹੁਣ ਤੱਕ 39 ਮਿਲੀਅਨ (3 ਕਰੋੜ 90 ਲੱਖ) ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। ਉਸ ਦੌਰਾਨ ਕਰੋਨਾਵਾਇਰਸ ਦੀ ਸੰਭਾਵੀ ਦੂਜੀ ਲਹਿਰ ਸਬੰਧੀ ਵੀ ਚਿੰਤਾ ਵੱਧ ਗਈ ਹੈ। ਦੇਸ਼ ਦੇ ਕੁੱਝ ਹਿੱਸਿਆਂ ਵਿੱਚ ਇੱਕ ਵਾਰ ਫਿਰ ਲਾਗ ਦੇ ਮਾਮਲੇ ਵੱਧ ਰਹੇ ਹਨ।

ਅਧਿਕਾਰੀਆਂ ਦਾ ਟੀਚਾ ਸੱਤ ਮਹੀਨਿਆਂ ਦੇ ਅੰਦਰ-ਅੰਦਰ 600 ਮਿਲੀਅਨ ਖੁਰਾਕਾਂ ਦਾ ਪ੍ਰਬੰਧ ਕਰਨਾ ਹੈ।

ਸੀਰਮ ਇੰਸਟੀਚਿਊਟ ਆਫ਼ ਇੰਡੀਆ ਅਤੇ ਭਾਰਤ ਸਰਕਾਰ ਵਿਚਾਲੇ ਹੁਣ ਤੱਕ 100 ਮਿਲੀਅਨ ਖੁਰਾਕਾਂ ‘ਤੇ ਸਮਝੌਤਾ ਹੋਇਆ ਹੈ। ਇਸ ਤੋਂ ਇਲਾਵਾ ਭਾਰਤ ਬਾਇਓਟੈੱਕ 10 ਮਿਲੀਅਨ ਖੁਰਾਕਾਂ ਦੀ ਸਪਲਾਈ ਕਰ ਰਿਹਾ ਹੈ। ਰੂਸ ਦੇ ਗਮਾਲੇਆ ਰਿਸਰਚ ਇੰਸਟੀਚਿਊਟ ਨਾਲ ਵੀ ਭਾਰਤ ਦੀ ਲਾਇਸੈਂਸ ਡੀਲ ਹੈ, ਜਿਸਦੇ ਤਹਿਤ ਸਪੂਤਨੀਕ ਟੀਕੇ ਦੀਆਂ 200 ਮਿਲੀਅਨ ਖੁਰਾਕਾਂ ਤਿਆਰ ਕੀਤੀਆਂ ਜਾਣੀਆਂ ਹਨ।

ਸੀਰਮ ਇੰਸਟੀਚਿਊਟ ਦੇ ਮੁਖੀ ਆਦਰ ਪੂਨਾਵਾਲਾ ਨੇ ਜਨਵਰੀ ਵਿੱਚ ਸੰਕੇਤ ਦਿੱਤਾ ਸੀ ਕਿ ਕੋਵੀਸ਼ੀਲਡ ਨੂੰ ਅਧਿਕਾਰਤ ਤੌਰ ‘ਤੇ ਮਨਜ਼ੂਰੀ ਇਸ ਅਧਾਰ ‘ਤੇ ਦਿੱਤੀ ਗਈ ਸੀ ਕਿ ਕੰਪਨੀ ਭਾਰਤ ਦੀਆਂ ਆਪਣੀਆਂ ਘਰੇਲੂ ਲੋੜਾਂ ਨੂੰ ਪਹਿਲ ਦੇਵੇਗੀ। ਹਾਲਾਂਕਿ, ਬਾਅਦ ਵਿੱਚ ਭਾਰਤ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਕਿ ਬਰਾਮਦ ‘ਤੇ ਕੋਈ ਰੋਕ ਨਹੀਂ ਹੈ।

ਸੀਰਮ ਇੰਸਟੀਚਿਊਟ ਸੰਯੁਕਤ ਰਾਸ਼ਟਰ ਵੱਲੋਂ ਸਹਿਯੋਗੀ ਕੋ-ਵੈਕਸ ਪਹਿਲਕਦਮੀ ਲਈ ਵੀ ਵਚਨਬੱਧ ਹੈ, ਜਿਸ ਦੇ ਤਹਿਤ ਘੱਟ ਅਤੇ ਮੱਧ ਆਮਦਨੀ ਵਾਲੇ ਦੇਸ਼ਾਂ ਨੂੰ ਟੀਕਾ ਮੁਹੱਈਆ ਕਰਵਾਇਆ ਜਾਣਾ ਹੈ ਤਾਂ ਕਿ ਇਨ੍ਹਾਂ ਦੇਸ਼ਾਂ ਵਿੱਚ ਵੀ ਲੋਕਾਂ ਨੂੰ ਟੀਕੇ ਦਾ ਲਾਭ ਮਿਲ ਸਕੇ। ਪਿਛਲੇ ਸਾਲ ਸਤੰਬਰ ਵਿੱਚ ਸੀਰਮ ਇੰਸਟੀਚਿਊਟ ਨੇ 200 ਮਿਲੀਅਨ ਖੁਰਾਕਾਂ ਦੀ ਸਪਲਾਈ ‘ਤੇ ਸਹਿਮਤੀ ਜਤਾਈ ਸੀ। ਇਹ ਜਾਂ ਤਾਂ ਐਸਟਰਾਜ਼ੈਨੇਕਾ ਹੋ ਸਕਦੀ ਹੈ ਜਾਂ ਨੋਵਾਵੈਕਸ।

ਸੰਯੁਕਤ ਰਾਸ਼ਟਰ ਦੇ ਅੰਕੜਿਆਂ ਅਨੁਸਾਰ ਸੀਰਮ ਇੰਸਟੀਚਿਊਟ ਨੇ ਦੁਵੱਲੇ ਵਪਾਰਕ ਸੌਦੇ ਵੀ ਕੀਤੇ ਹਨ, ਜਿਸ ਵਿੱਚ ਐਸਟਰਾਜ਼ੈਨੇਕਾ ਟੀਕੇ ਦੀਆਂ ਲਗਭਗ 900 ਮਿਲੀਅਨ ਅਤੇ ਨੋਵਾਵੈਕਸ ਦੀਆਂ 145 ਮਿਲੀਅਨ ਖੁਰਾਕਾਂ ਸ਼ਾਮਲ ਹਨ।

ਭਾਰਤ ਸਰਕਾਰ ਨੇ ਦੱਖਣੀ ਏਸ਼ੀਆਈ ਦੇਸ਼ਾਂ ਵਿੱਚ ਆਪਣੇ ਗੁਆਂਢੀ ਦੇਸ਼ਾਂ ਦੀ ਮਦਦ ਕਰਦੇ ਹੋਏ ਕਈ ਦੇਸ਼ਾਂ ਨੂੰ ਟੀਕੇ ਦਿੱਤੇ ਹਨ।

ਸੰਯੁਕਤ ਰਾਸ਼ਟਰ ਦੇ ਅੰਕੜਿਆਂ ਅਨੁਸਾਰ ਭਾਰਤ ਨੇ ਚੀਨ ਦੇ ਮੁਕਾਬਲੇ ਵੱਧ ਟੀਕੇ ਮਦਦ ਦੇ ਰੂਪ ਵਿੱਚ ਦਿੱਤੇ ਹਨ। ਚੀਨ ਨੇ ਜਿੱਥੇ 7.3 ਮਿਲੀਅਨ ਟੀਕੇ ਦਾਨ ਕੀਤੇ ਹਨ, ਉੱਥੇ ਹੀ ਭਾਰਤ ਨੇ 8 ਮਿਲੀਅਨ ਤੋਂ ਵੱਧ ਟੀਕਿਆਂ ਦੀ ਮਦਦ ਕੀਤੀ ਹੈ।