’ਦ ਖ਼ਾਲਸ ਬਿਊਰੋ: ਪੰਜਾਬ ਅੰਦਰ ਕਿਸਾਨਾਂ ਦਾ ਸੰਘਰਸ਼ ਸਿਖ਼ਰ ’ਤੇ ਹੈ। ਸੂਬੇ ਦੀਆਂ ਵੱਖ-ਵੱਖ ਜਥੇਬੰਦੀਆਂ ਕੇਂਦਰ ਦੀ ਮੋਦੀ ਸਰਕਾਰ ਦੇ ਨਵੇਂ ਖੇਤੀ ਕਾਨੂੰਨ ਖ਼ਿਲਾਫ਼ ਰੋਸ ਮੁਜਾਹਰੇ ਕਰ ਰਹੀਆਂ ਹਨ। ਉੱਧਰ ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਨਾਲ ਕੈਪਟਨ ਸਰਕਾਰ ਨੂੰ ਕੋਲਾ ਖ਼ਤਮ ਹੋਣ ਕਰਕੇ ਸੂਬੇ ਦੀ ਬੱਤੀ ਗੁੱਲ ਹੋਣ ਦਾ ਡਰ ਸਤਾ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਵੀ ਕਿਸਾਨਾਂ ਨੂੰ ਵਾਰ-ਵਾਰ ਗੱਲਬਾਤ ਦੇ ਸੁਨੇਹੇ ਆ ਰਹੇ ਹਨ। ਇਸ ਸਭ ਦੇ ਚੱਲਦਿਆਂ ਬੀਤੇ ਦਿਨ ਬੇਅਦਬੀ ਦੀ ਘਟਨਾ ਵਾਪਰੀ ਜਿਸ ਤੋਂ ਬਾਅਦ 2015 ’ਚ ਬਰਗਾੜੀ ਵਿੱਚ ਵਾਪਰੇ ਬੇਅਦਬੀ ਕਾਂਡ ਦੀ ਚਰਚਾ ਛਿੜ ਗਈ ਹੈ। ਖ਼ਾਸ ਗੱਲ ਇਹ ਹੈ ਕਿ ਉਸ ਵੇਲੇ ਵੀ ਸੂਬੇ ਅੰਦਰ ਕਿਸਾਨ ਅੰਦੋਲਨ ਚੱਲ ਰਹੇ ਸੀ ਅਤੇ ਬਾਅਦ ਵਿੱਚ ਬੇਅਦਬੀ ਕਾਂਡ ਦੀ ਘਟਨਾ ਕਰਕੇ ਅੰਦੋਲਨ ਰਫ਼ਾ-ਦਫ਼ਾ ਹੋ ਗਿਆ।
ਸੋਚਣ ਵਾਲੀ ਗੱਲ ਹੈ ਕਿ ਅੱਜ ਤੋਂ 5 ਸਾਲ ਪਹਿਲਾਂ 2015 ਵਿੱਚ 12 ਅਕਤੂਬਰ ਨੂੰ ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜੇ ਗਏ ਸਨ ਤੇ ਹੁਣ 2020 ਵਿੱਚ 12 ਅਕਤੂਬਰ ਵਾਲੇ ਦਿਨ ਹੀ ਗੁਟਕਾ ਸਾਹਿਬ ਦੇ ਅੰਗ ਪਾੜਨ ਦੀ ਘਟਨਾ ਸਾਹਮਣੇ ਆਈ ਹੈ। ਕੀ ਇਹ ਇਤਿਫ਼ਾਕ ਹੋ ਸਕਦਾ ਹੈ?
ਕਈ ਸਿੱਖ ਸੰਗਤਾਂ ਦਾ ਮੰਨਣਾ ਹੈ ਕਿ ਇਹ ਸਭ ਖੇਤੀ ਕਾਨੂੰਨ ਖ਼ਿਲਾਫ਼ ਕਿਸਾਨਾਂ ਦੇ ਅੰਦੋਲਨ ਨੂੰ ਕੁਚਲਣ ਦੀ ਸਾਜ਼ਿਸ਼ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੀ ਇਹੀ ਮੰਨਣਾ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿ ਕਿਉਂਕਿ ਪਿਛਲੀ ਵਾਰ 2015 ਵਿੱਚ ਜਦੋਂ ਬਰਗਾੜੀ ਵਿੱਚ ਬੇਅਦਬੀ ਦੀ ਘਟਨਾ ਵਾਪਰੀ ਤਾਂ ਉਸ ਤੋਂ ਬਾਅਦ ਬਹਿਬਲ ਕਲਾਂ ਤੇ ਕੋਟਕਪੁਰਾ ਦੀਆਂ ਘਟਨਾਵਾਂ ਕਰਕੇ ਸੂਬੇ ਅੰਦਰ ਮਾਹੌਲ ਭਖ ਗਿਆ ਸੀ ਜਿਸ ਕਰਕੇ ਕਿਸਾਨਾਂ ਦਾ ਅੰਦੋਲਨ ਕੁਚਲਿਆ ਗਿਆ ਸੀ।
12 ਅਕਤੂਬਰ, 2020 ਦੀਆਂ ਬੇਅਦਬੀ ਦੀਆਂ ਘਟਨਾਵਾਂ
ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਦੋ ਪਿੰਡ ਤਰਖਾਣ ਮਾਜਰਾ ਅਤੇ ਪਿੰਡ ਜੱਲ੍ਹਾ ਵਿੱਚ ਸੋਮਵਾਰ 12 ਅਕਤੂਬਰ ਵਾਲੇ ਦਿਨ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ। ਤਰਖਾਣ ਮਾਜਰਾ ਵਿੱਚ ਇੱਕ ਨੌਜਵਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ। ਇਹ ਨੌਜਵਾਨ ਮੱਥਾ ਟੇਕਣ ਲਈ ਗੁਰਦੁਆਰਾ ਸਾਹਿਬ ਅੰਦਰ ਦਾਖ਼ਲ ਹੋਇਆ। ਪਰ ਮੱਥਾ ਟੇਕਣ ਦੀ ਬਜਾਏ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਬੇਅਦਬੀ ਕਰਨ ਲੱਗਾ।
ਗੁਰਦੁਆਰੇ ਦੇ ਗ੍ਰੰਥੀ ਮਲਕੀਤ ਸਿੰਘ ਨੇ ਮੁਤਾਬਕ ਨੌਜਵਾਨ ਗੁਰਦੁਆਰੇ ਅੰਦਰ ਆਇਆ ਅਤੇ ਉਨ੍ਹਾਂ ਨੂੰ ਮੱਥਾ ਟੇਕਣ ਦੀ ਗੱਲ ਕਹੀ। ਇਸ ’ਤੇ ਗ੍ਰੰਥੀ ਨੇ ਗੁਰਦੁਆਰਾ ਸਾਹਿਬ ਦਾ ਜਿੰਦਰਾ ਖੋਲ੍ਹ ਦਿੱਤਾ। ਨੌਜਵਾਨ ਨੇ ਅੰਦਰ ਜਾ ਕੇ ਗੁਰੂ ਗ੍ਰੰਥ ਸਾਹਿਬ ਤੇ ਗੁਟਕਾ ਸਾਹਿਬ ਦੇ ਅੰਗ ਪਾੜਨੇ ਸ਼ੁਰੂ ਕਰ ਦਿੱਤੇ। ਇਸ ਮਗਰੋਂ ਗ੍ਰੰਥੀ ਨੇ ਰੌਲ਼ਾ ਪਾਇਆ ਤਾਂ ਪਿੰਡ ਵਾਸੀ ਇਕੱਠੇ ਹੋ ਗਏ। ਨੌਜਵਾਨ ਦੀ ਕੁੱਟਮਾਰ ਕੀਤੀ ਗਈ।
ਇਸ ਮਗਰੋਂ ਪਿੰਡ ਵਾਸੀਆਂ ਨੇ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਥਾਣਾ ਸਰਹਿੰਦ ਦੀ ਪੁਲਿਸ ਘਟਨਾ ਸਥਾਨ ’ਤੇ ਪੁੱਜੀ ਅਤੇ ਮੁਲਜ਼ਮ ਨੂੰ ਕਾਬੂ ਕਰ ਲਿਆ। ਦੱਸਿਆ ਜਾਂਦਾ ਹੈ ਕਿ ਮੁਲਜ਼ਮ ਨੌਜਵਾਨ ਨੇ ਨਸ਼ਾ ਕੀਤਾ ਹੋਇਆ ਸੀ। ਫਿਲਹਾਲ ਉਹ ਆਪਣੇ ਬਾਰੇ ਪੁਲਿਸ ਨੂੰ ਸਹੀ ਜਾਣਕਾਰੀ ਨਹੀਂ ਦੇ ਰਿਹਾ। ਮੁਲਜ਼ਮ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।
ਕਿਸਾਨ ਅੰਦੋਲਨ ਨੂੰ ਅਸਫ਼ਲ ਕਰਨ ਦੀ ਸਾਜ਼ਿਸ਼: ਜਥੇਦਾਰ
ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਨਿਖੇਧੀ ਕਰਦਿਆਂ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਖ਼ਦਸ਼ਾ ਜ਼ਾਹਿਰ ਕੀਤਾ ਕਿ ਇਹ ਕਿਸਾਨ ਅੰਦੋਲਨ ਨੂੰ ਅਸਫ਼ਲ ਕਰਨ ਦੀ ਸਾਜ਼ਿਸ਼ ਹੋ ਸਕਦੀ ਹੈ। ਇਸ ਸਬੰਧੀ ਜਾਰੀ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਜਦੋਂ ਬਰਗਾੜੀ ਵਿਖੇ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਸਨ, ਤਾਂ ਉਸ ਵੇਲੇ ਵੀ ਕਿਸਾਨ ਅੰਦੋਲਨ ਚੱਲ ਰਿਹਾ ਸੀ, ਅਤੇ ਹੁਣ ਵੀ ਕਿਸਾਨ ਅੰਦੋਲਨ ਸਿਖ਼ਰ ’ਤੇ ਹੈ।
ਉਨ੍ਹਾਂ ਸ਼ੰਕਾ ਪ੍ਰਗਟਾਈ ਕਿ ਫੜੇ ਗਏ ਵਿਅਕਤੀ ਨੂੰ ਪਾਗਲ ਜਾਂ ਮੰਦਬੁੱਧੀ ਕਰਾਰ ਦੇ ਕੇ ਮਾਮਲਾ ਰਫਾ-ਦਫਾ ਕੀਤਾ ਜਾ ਸਕਦਾ ਹੈ। ਉਨ੍ਹਾਂ ਆਖਿਆ ਕਿ ਪੁਲਿਸ ਮੁਲਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਕਰੇ ਅਤੇ ਜੇ ਅਜਿਹਾ ਨਹੀਂ ਕਰ ਸਕਦੇ ਤਾਂ ਮੁਲਜ਼ਮ ਸੰਗਤ ਨੂੰ ਸੌਂਪ ਦੇਵੇ। ਖ਼ਾਲਸਾ ਪੰਥ ਅਜਿਹੇ ਲੋਕਾਂ ਖ਼ਿਲਾਫ਼ ਕਾਰਵਾਈ ਕਰਨ ਦੇ ਸਮਰੱਥ ਹੈ।
ਬੇਅਦਬੀ ਪਿੱਛੇ ਕੰਮ ਕਰਦੀਆਂ ਸ਼ਕਤੀਆਂ ਸਾਹਮਣੇ ਲਿਆਉਣ ਦੀ ਲੋੜ: ਲੌਂਗੋਵਾਲ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਤਰਖਾਣ ਮਾਜਰਾ ਅਤੇ ਪਿੰਡ ਜੱਲ੍ਹਾ ’ਚ ਹੋਈਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਨਿਖੇਧੀ ਕੀਤੀ ਹੈ। ਮੁਲਜ਼ਮਾਂ ਨੂੰ ਸਜ਼ਾਵਾਂ ਦੇਣ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਲੋਕਾਂ ਨੂੰ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ।
ਲੌੌਂਗੋਵਾਲ ਨੇ ਕਿਹਾ ਕਿ ਬੇਅਦਬੀ ਕਰਨ ਵਾਲੇ ਨੂੰ ਬੇਸ਼ੱਕ ਗ੍ਰਿਫ਼ਤਾਰ ਕਰ ਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਹੈ, ਪਰ ਇਸ ਪਿੱਛੇ ਕੰਮ ਕਰਦੀਆਂ ਸ਼ਕਤੀਆਂ ਨੂੰ ਸਾਹਮਣੇ ਲਿਆਉਣ ਦੀ ਲੋੜ ਹੈ। ਉਨ੍ਹਾਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸੰਗਤ ਨੂੰ ਗੁਰਦੁਆਰਿਆਂ ਵਿਖੇ ਪਹਿਰੇਦਾਰੀ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ।
ਕਪਾਹ ਦੀ ਫਸਲ ਦੇ ਮੁਆਵਜ਼ੇ ਲਈ ਕਿਸਾਨ ਸੰਘਰਸ਼ (2015)
2015 ਵਿੱਚ ਕਿਸਾਨਾਂ ਦੀ ਕਪਾਹ ਦੀ ਫਸਲ ਦਾ ਚਿੱਟੀ ਮੱਖੀ ਕਰਕੇ ਵੱਡੇ ਪੱਧਰ ’ਤੇ ਨੁਕਸਾਨ ਹੋਇਆ। ਖ਼ਾਸ ਕਰਕੇ ਪੰਜਾਬ ਤੇ ਹਰਿਆਣਾ ਵਿੱਚ ਮੱਖੀ ਨੇ ਵੱਡੇ ਪੱਧਰ ’ਤੇ ਨਰਮੇ ਦੀ ਫਸਲ ਬਰਬਾਦ ਕੀਤੀ ਜਿਸ ਵਿੱਚੋਂ ਕਈ ਕਿਸਾਨਾਂ ਨੇ ਨਰਮੇ ਦੀ ਫ਼ਸਲ ਵਾਹ ਦਿੱਤੀ। ਇਸ ਸਮੇਂ ਕਿਸਾਨਾਂ ਨੇ ਸੰਘਰਸ਼ ਕੀਤਾ ਕਿ ਉਨ੍ਹਾਂ ਨੂੰ ਗਿਰਦਾਵਰੀ ਕਰਵਾ ਕੇ ਤਬਾਹ ਹੋਈਆਂ ਫ਼ਸਲਾਂ ਦਾ ਮੁਆਵਜ਼ਾ ਦਿੱਤਾ ਜਾਵੇ।
ਉਸ ਸਮੇਂ ਅਕਾਲੀ ਦਲ ਦੀ ਸਰਕਾਰ ਸੀ। ਤਤਕਾਲੀ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਇਸ ਨੂੰ ਮੌਸਮ ਦਾ ਪ੍ਰਕੋਪ ਦੱਸਦਿਆਂ ਪ੍ਰਭਾਵਿਤ ਕਿਸਾਨਾਂ ਨੂੰ 800 ਰੁਪਏ ਪ੍ਰਤੀ ਏਕੜ ਦੀ ਦਰ ਨਾਲ ਮੁਆਵਜ਼ਾ ਦੇਣ ਦਾ ਐਲਾਨ ਕੀਤਾ, ਪਰ ਸਿਰਫ ਉਨ੍ਹਾਂ ਕਿਸਾਨਾਂ ਨੂੰ ਹੀ, ਜਿਨ੍ਹਾਂ ਨੇ ਆਪਣੀ ਸਾਰੀ ਫਸਲ ਪੁੱਟ ਸੁੱਟੀ। ਕਿਸਾਨਾਂ ਨੂੰ ਬਣਦਾ ਮੁਆਵਜ਼ਾ ਨਹੀਂ ਦਿੱਤਾ ਗਿਆ। ਕਈ ਕਿਸਾਨਾਂ ਨੂੰ ਤਾਂ 100 ਰੁਪਏ ਤੋਂ ਵੀ ਘੱਟ ਕੀਮਤ ਦੇ ਚੈੱਕ ਵੰਡੇ ਗਏ। ਇਸ ’ਤੇ ਕਿਸਾਨਾਂ ਨੇ ਰੋਸ ਮਨਾਇਆ ਕਿ ਮੁੱਖ ਮੰਤਰੀ ਨੇ ਮੁਆਵਜ਼ੇ ਦੀ ਨਾਮਾਤਰ ਰਕਮ ਦੇ ਕੇ ਉਨ੍ਹਾਂ ਦੇ ਜ਼ਖ਼ਮ ਕੁਰੇਦੇ ਸਨ।
ਇਸ ਮਗਰੋਂ ਕਿਸਾਨਾਂ ਨੇ ਬਣਦੇ ਹੱਕਾਂ ਲਈ ਅੰਦੋਲਨ ਸ਼ੁਰੂ ਕੀਤਾ। ਉਸ ਸਮੇਂ ਕਿਸਾਨ ਆਪਣੀਆਂ ਮੰਗਾਂ ਲਈ ਜ਼ੋਰ-ਸ਼ੋਰ ਨਾਲ ਰੋਸ ਮੁਜ਼ਾਹਰੇ ਕਰ ਰਹੇ ਸਨ। ਪਰ 12 ਅਕਤੂਬਰ ਨੂੰ ਬਰਗਾੜੀ ਵਿੱਚ ਬੇਅਦਬੀ ਗੀ ਘਟਨਾ ਬਾਅਦ ਕਿਸਾਨਾਂ ਦਾ ਅੰਦੋਲਨ ਦੱਬ ਕੇ ਰਹਿ ਗਿਆ।
12 ਅਕਤੂਬਰ 2015 ਨੂੰ ਬਰਗਾੜੀ ਕਾਂਡ ਦੀ ਪੂਰੀ ਕਹਾਣੀ
ਬਰਗਾੜੀ ਦੀ ਘਟਨਾ
ਬਰਗਾੜੀ, ਫਰੀਦਕੋਟ ਜ਼ਿਲ੍ਹੇ ਵਿੱਚ ਬੇਅਦਬੀ ਦੀ ਪਹਿਲੀ ਘਟਨਾ ਦੱਸੀ ਜਾਂਦੀ ਹੈ। ਦਰਅਸਲ ਪਹਿਲੀ ਜੂਨ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਪਿੰਡ ਕੋਟਕਪੂਰਾ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਲਾਪਤਾ ਹੋਈ। 5 ਜੂਨ ਨੂੰ, ਬਲਜੀਤ ਸਿੰਘ ਦਾਦੂਵਾਲ ਸਹਿਤ ਕਈ ਸਿੱਖ ਨੇਤਾਵਾਂ ਨੇ ਦੋਸ਼ੀਆਂ ਨੂੰ ਲੱਭਣ ਲਈ ਪੁਲਿਸ ਨੂੰ ਅਲਟੀਮੇਟਮ ਦਿੱਤਾ। 11 ਜੂਨ ਨੂੰ ਵੱਖ-ਵੱਖ ਸਿੱਖ ਧਾਰਮਿਕ ਸੰਸਥਾ ਦੇ ਮੈਂਬਰਾਂ ਨੇ ਪਿੰਡ ‘ਚ ਪੁਲਿਸ ਦੇ ਨਾਕਾਮ ਰਹਿਣ ਦਾ ਦੋਸ਼ ਲਗਾਉਂਦੇ ਹੋਏ ਵਿਰੋਧ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਸਥਾਨਕ ਪੁਲਿਸ ਥਾਣੇ ਦੇ ਘੇਰਾਓ ਕਰਨ ਦੀ ਕੋਸ਼ਿਸ਼ ਕੀਤੀ। ਇਸ ਨੂੰ ਰੋਕਣ ਲਈ ਇੱਕ ਵੱਡੀ ਪੁਲਿਸ ਦੀ ਇਕਾਈ ਤਾਇਨਾਤ ਕੀਤੀ ਗਈ ਸੀ।
ਇਸ ਮਗਰੋਂ ਅਤੇ 12 ਅਕਤੂਬਰ 2015 ਦੀ ਸਵੇਰ ਨੂੰ, ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬਰਗਾੜੀ ਦੇ ਗੁਰਦੁਆਰੇ ਦੇ ਸਾਹਮਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 110 ਤੋਂ ਵੱਧ ਅੰਗਾਂ ਨੂੰ ਜ਼ਮੀਨ ‘ਤੇ ਫਟੇ ਹੋਏ ਪਾਇਆ ਗਿਆ। ਪਿੰਡ ਦੇ ਵਸਨੀਕਾਂ ਅਤੇ ਨੇੜਲੇ ਪਿੰਡਾਂ ਨੇ ਬੰਦ ਦਾ ਐਲਾਨ ਕਰ ਦਿੱਤਾ। ਕੁਝ ਸਿੱਖ ਧਾਰਮਿਕ ਸੰਸਥਾ ਦੇ ਮੈਂਬਰਾਂ ਸ਼ਹਿਰ ਵਿੱਚ ਪਹੁੰਚੇ ਅਤੇ ਸ਼ਾਮ ਨੂੰ ਫਟੇ ਹੋਏ ਅੰਗਾਂ ਨੂੰ ਲੈ ਕੇ ਰੋਸ ਮਾਰਚ ਕੀਤਾ।
ਇਸ ਮਗਰੋਂ ਬਰਗਾੜੀ ਦੇ ਨੇੜਲੇ ਪਿੰਡ ਕੋਟਕਪੂਰਾ ਵਿੱਚ ਪ੍ਰਦਰਸ਼ਨਕਾਰੀਆਂ ਨੇ ਇੱਕ ਮੁੱਖ ਹਾਈਵੇਅ ਚੌਂਕ ਨੂੰ ਰੋਕ ਦਿੱਤਾ। ਹਿੰਸਾ ਰੋਕਣ ਲਈ ਵੱਡੀ ਗਿਣਤੀ ਵਿੱਚ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਸਨ। ਪ੍ਰਦਰਸ਼ਨਕਾਰੀਆਂ ਨੇ ਸਥਾਨਕ ਪੁਲਿਸ ਮੁਖੀਆਂ ਤੋਂ ਮੰਗਾਂ ਦੇ ਬਾਵਜੂਦ, ਹਾਈਵੇਅ ਬੰਦ ਨੂੰ ਛੱਡਣ ਤੋਂ ਇਨਕਾਰ ਕਰ ਦਿੱਤਾ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।
ਬਹਿਬਲ ਕਲਾਂ ਤੇ ਕੋਟਕਪੁਰਾ ਦੀ ਘਟਨਾ
14 ਅਕਤੂਬਰ 2015 ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕੋਟਕਪੂਰਾ ‘ਚ ਸਿੱਖਾਂ ਵੱਲੋਂ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਪਰ ਪੁਲਿਸ ਨੇ ਸਿੱਖ ਸੰਗਤਾਂ ’ਤੇ ਲਾਠੀਚਾਰਜ ਕਰ ਦਿੱਤਾ। ਇਸੇ ਦਿਨ 14 ਅਕਤੂਬਰ ਦੀ ਸਵੇਰ ਨੂੰ ਬਹਿਬਲ ਕਲਾਂ ਵਿੱਚ ਸਿੱਖਾਂ ਅਤੇ ਪੁਲਿਸ ਵਿਚਾਲੇ ਹੋਈ ਝੜਪ ‘ਚ ਪੁਲਿਸ ਵੱਲੋਂ ਗਈ ਚਲਾਈ ਗਈ। ਇਸ ਗੋਲੀਬਾਰੀ ਵਿੱਚ ਦੋ ਸਿੱਖ ਨੌਜਵਾਨਾਂ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੀ ਮੌਤ ਹੋ ਗਈ, ਜਿਸ ਮਗਰੋਂ ਇਹ ਮਾਮਲਾ ਹੋਰ ਭਖ ਗਿਆ।
ਇਸ ਮਗਰੋਂ 18 ਅਕਤੂਬਰ 2015 ਨੂੰ ਅਕਾਲੀ-ਭਾਜਪਾ ਸਰਕਾਰ ਵੱਲੋਂ ਪੰਜਾਬ ਪੁਲਿਸ ਦੇ ਏਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਦਾ ਗਠਨ ਕੀਤਾ ਗਿਆ। ਪੁਲਿਸ ਨੇ ਪੂਰਾ ਮਾਮਲਾ ਸੁਲਝਾਉਣ ਦਾ ਦਾਅਵਾ ਕੀਤਾ ਪਰ ਪੁਲਿਸ ਦੇ ਦਾਅਵਿਆਂ ਉੱਤੇ ਕਈ ਸਵਾਲ ਖੜੇ ਹੋਏ।

ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦਾ ਗਠਨ
24 ਅਕਤੂਬਰ 2015 ਨੂੰ ਤਤਕਾਲੀ ਪੰਜਾਬ ਸਰਕਾਰ ਵੱਲੋਂ ਉਸ ਸਮੇਂ ਦੇ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਅਹੁਦੇ ਤੋਂ ਹਟਾਇਆ ਗਿਆ ਅਤੇ ਸੇਵਾ ਮੁਕਤ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦਾ ਗਠਨ ਹੋਇਆ। 26 ਅਕਤੂਬਰ 2015 ਨੂੰ ਪੰਜਾਬ ਸਰਕਾਰ ਵੱਲੋਂ ਪੂਰੇ ਮਾਮਲੇ ਦੀ ਜਾਂਚ ਸੀਬੀਆਈ ਹਵਾਲੇ ਕਰ ਦਿੱਤੀ ਗਈ। 30 ਜੂਨ 2016 ਨੂੰ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਨੇ ਸਰਕਾਰ ਨੂੰ ਰਿਪੋਰਟ ਸੌਂਪੀ, ਪਰ ਕਮਿਸ਼ਨ ਦੀਆਂ ਤਜਵੀਜ਼ਾਂ ਉੱਤੇ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ।
ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਗਠਨ
14 ਅਪ੍ਰੈਲ 2017 ਨੂੰ ਅਮਰਿੰਦਰ ਸਿੰਘ ਸਰਕਾਰ ਨੇ ਸੇਵਾ ਮੁਕਤ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਵਿੱਚ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਲਈ ਕਮਿਸ਼ਨ ਦਾ ਗਠਨ ਕੀਤਾ। ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਦੀ ਤਫ਼ਤੀਸ਼ ‘ਚ ਇਹ ਗੱਲ ਸਪੱਸ਼ਟ ਹੋ ਗਈ ਸੀ ਕਿ ਡੇਰਾ ਸਿਰਸਾ ਦੀ 11 ਮੈਂਬਰੀ ਟੀਮ ਨੇ ਬਰਗਾੜੀ ਕਾਂਡ ਨੂੰ ਅੰਜਾਮ ਦਿੱਤਾ ਸੀ ਜਿਸ ਦੇ ਮਾਸਟਰਮਾਈਂਡ ਹਰਮਿੰਦਰ ਬਿੱਟੂ ਨੇ ਯੋਜਨਾਬੱਧ ਤਰੀਕੇ ਨਾਲ ਸਾਰੇ ਕਾਰੇ ਕਰਵਾਏ। 30 ਜੂਨ 2018 ਜਸਟਿਸ ਰਣਜੀਤ ਸਿੰਘ ਨੇ ਬੇਅਦਬੀ ਦੇ ਮਾਮਲਿਆਂ ਦੀ ਰਿਪੋਰਟ ਸਰਕਾਰ ਨੂੰ ਸੌਂਪੀ। 31 ਜੂਨ 2018 ਨੂੰ ਅਮਰਿੰਦਰ ਸਿੰਘ ਦੀ ਸਰਕਾਰ ਨੇ ਬਹਿਬਲ ਕਲਾਂ ਅਤੇ ਕੋਟਕਪੂਰਾ ਪੁਲਿਸ ਕਾਰਵਾਈ ਦੀ ਜਾਂਚ ਸੀਬੀਆਈ ਹਵਾਲੇ ਕਰ ਦਿੱਤੀ।

28 ਅਗਸਤ 2018 ਨੂੰ ਪੰਜਾਬ ਵਿਧਾਨ ਸਭਾ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਉੱਤੇ ਬਹਿਸ ਹੋਈ ਪਰ ਮਾਮਲੇ ਦੀ ਤਤਕਾਲੀ ਸਰਕਾਰ ਅਕਾਲੀ ਦਲ ਨੇ ਇਸ ਬਹਿਸ ਦਾ ਬਾਈਕਾਟ ਕਰ ਦਿੱਤਾ। ਫਿਰ ਮਾਮਲੇ ਦੀ ਜਾਂਚ ਲਈ ਸੀਬੀਆਈ ਤੋਂ ਕੇਸ ਵਾਪਸ ਲੈਣ ਲਈ ਵਿਧਾਨ ਸਭਾ ਵਿੱਚ ਮਤਾ ਪਾਸ ਹੋਇਆ।
ਏਡੀਜੀਪੀ ਪ੍ਰਬੋਧ ਕੁਮਾਰ ਦੀ ਅਗਵਾਈ ਵਿੱਚ ਐੱਸਆਈਟੀ ਦਾ ਗਠਨ
10 ਸਤੰਬਰ 2018 ਨੂੰ ਪੰਜਾਬ ਸਰਕਾਰ ਵੱਲੋਂ ਬਹਿਬਲਾਂ ਕਲਾਂ ਅਤੇ ਕੋਟਕਪੂਰਾ ਪੁਲਿਸ ਕਾਰਵਾਈ ਦੀ ਜਾਂਚ ਲਈ ਏਡੀਜੀਪੀ ਪ੍ਰਬੋਧ ਕੁਮਾਰ ਦੀ ਅਗਵਾਈ ਵਿੱਚ ਐੱਸਆਈਟੀ ਦਾ ਗਠਨ ਕੀਤਾ ਗਿਆ। ਬਰਗਾੜੀ ‘ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਹਿਬਲ ਕਲਾਂ ਤੇ ਕੋਟਕਪੂਰਾ ਵਿੱਚ ਪੁਲਿਸ ਫਾਇਰਿੰਗ ਮਾਮਲੇ ‘ਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਤੇ ਅਦਾਕਾਰ ਅਕਸ਼ੇ ਕੁਮਾਰ ਨੂੰ SIT ਨੇ ਪੁੱਛਗਿੱਛ ਲਈ ਸੱਦਿਆ ਸੀ।
ਬਾਦਲ ਪਰਿਵਾਰ ਤੇ ਅਕਸ਼ੈ ਕੁਮਾਰ ਨੂੰ ਸੰਮਨ
ਨਵੰਬਰ 2018 ਨੂੰ ਪ੍ਰਕਾਸ਼ ਸਿੰਘ ਬਾਦਲ ਨੂੰ 16 ਨਵੰਬਰ, ਸੁਖਬੀਰ ਬਾਦਲ ਨੂੰ 19 ਨਵੰਬਰ ਅਤੇ ਅਕਸ਼ੇ ਕੁਮਾਰ ਨੂੰ 21 ਨਵੰਬਰ 2018 ਨੂੰ ਐੱਸਆਈਟੀ ਨੇ ਪੁੱਛਗਿੱਛ ਲਈ ਸੱਦਿਆ ਸੀ। ਇਸ ਮਗਰੋਂ 27 ਜਨਵਰੀ 2019 ਨੂੰ ਪੰਜਾਬ ਪੁਲਿਸ ਦੇ ਐੱਸਐੱਸਪੀ ਚਰਨਜੀਤ ਸਿੰਘ ਸਣੇ ਕਈ ਗ੍ਰਿਫਤਾਰੀਆਂ ਹੋਈਆਂ।
ਮੁੱਖ ਮੁਲਜ਼ਮ ਮਹਿੰਦਰਪਾਲ ਬਿੱਟੂ ਦਾ ਜੇਲ੍ਹ ‘ਚ ਕਤਲ
22 ਜੂਨ 2019 ਨੂੰ ਬਰਗਾੜੀ ਕੇਸ ਵਿੱਚ ਅਹਿਮ ਮੁਲਜ਼ਮ ਅਤੇ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਮਹਿੰਦਰਪਾਲ ਸਿੰਘ ਬਿੱਟੂ (49) ਦੀ ਨਾਭਾ ਜੇਲ੍ਹ ਵਿੱਚ ਹਮਲੇ ਵਿੱਚ ਮੌਤ ਹੋ ਗਈ। ਜੂਨ 2018 ਵਿੱਚ ਡੇਰਾ ਸੱਚਾ ਸੌਦਾ ਦੇ ਸਮਰਥਕ ਬਿੱਟੂ ‘ਤੇ ਪੁਲਿਸ ਨੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿੱਚ ਮਾਮਲਾ ਦਰਜ ਕੀਤਾ ਸੀ। ਬਿੱਟੂ ‘ਤੇ ਨਾਭਾ ਜੇਲ੍ਹ ‘ਚ ਦੋ ਕੈਦੀਆਂ ਵੱਲੋਂ ਹਮਲਾ ਕੀਤਾ ਗਿਆ ਜਿਸ ਮਗਰੋਂ ਉਸ ਦੀ ਮੌਤ ਹੋ ਗਈ।

CBI ਵੱਲੋਂ ਕਲੋਜ਼ਰ ਰਿਪੋਰਟ
4 ਜੁਲਾਈ 2019 ਨੂੰ ਸੀਬੀਆਈ ਨੇ ਮੋਹਾਲੀ ਦੀ ਸੀਬੀਆਈ ਅਦਾਲਤ ਵਿੱਚ ਬਰਗਾੜੀ ਤੇ ਬਹਿਬਲ ਕਲਾਂ ਮਾਮਲੇ ਦੇ ਤਿੰਨ ਕੇਸਾਂ ਵਿੱਚ ਕਲੋਜ਼ਰ ਰਿਪੋਰਟ ਦਾਇਰ ਕਰ ਦਿੱਤੀ ਗਈ ਸੀ। 26 ਸਤੰਬਰ 2019 ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੀਬੀਆਈ ਉੱਤੇ ਉਨ੍ਹਾਂ ਨੂੰ ਭਰੋਸਾ ਨਹੀਂ ਹੈ ਅਤੇ ਸੀਬੀਆਈ ਨੇ ਜਿੰਨ੍ਹਾਂ ਕੇਸਾਂ ਦੀ ਕਲੋਜ਼ਰ ਰਿਪੋਰਟ ਦਾਇਰ ਕੀਤੀ ਹੈ, ਉਸ ਦੀ ਜਾਂਚ ਵਿਸ਼ੇਸ਼ ਜਾਂਚ ਟੀਮ ਦੀ ਕਰੇਗੀ।