India International Khaas Lekh Punjab

ਇੱਕ ਲੱਖ ਤੋਂ ਵੱਧ ਭਾਰਤੀ ਦੇਸ਼ ਛੱਡ ਕੇ ਕਿੱਥੇ ਗਏ ?

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਾਲ 2021 ਵਿੱਚ ਭਾਰਤ ਦੀ ਨਾਗਰਿਕਤਾ ਛੱਡਣ ਵਾਲਿਆਂ ਦੀ ਗਿਣਤੀ ਵੱਧ ਕੇ 1 ਲੱਖ 63 ਹਜ਼ਾਰ 370 ਹੋ ਗਈ ਹੈ। ਸਾਲ 2020 ਵਿੱਚ ਇਹ ਗਿਣਤੀ 85 ਹਜ਼ਾਰ 256 ਸੀ। ਅੱਜ ਭਾਰਤ ਦੇ ਗ੍ਰਹਿ ਮੰਤਰਾਲੇ ਨੇ ਇਸ ਨਾਲ ਸਬੰਧਿਤ ਡਾਟਾ ਜਾਰੀ ਕੀਤਾ ਹੈ। ਸਾਲ 2019 ਵਿੱਚ 1,44,017 ਲੋਕਾਂ ਨੇ ਭਾਰਤ ਦੀ ਨਾਗਰਿਕਤਾ ਛੱਡੀ ਸੀ।

ਗ੍ਰਹਿ ਰਾਜ ਮੰਤਰੀ ਨਿੱਤਿਨੰਦ ਰਾਏ ਨੇ ਬਸਪਾ ਦੇ ਲੋਕ ਸਭਾ ਸੰਸਦ ਮੈਂਬਰ ਹਾਜ਼ੀ ਫਜ਼ਲੁਰ ਰਹਿਮਾਨ ਦੇ ਇੱਕ ਸਵਾਲ ਦੇ ਜਵਾਬ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ ਹੈ।

ਦਰਅਸਲ, ਰਹਿਮਾਨ ਨੇ ਗ੍ਰਹਿ ਮੰਤਰਾਲੇ ਤੋਂ ਜਾਣਕਾਰੀ ਮੰਗੀ ਸੀ ਕਿ ਸਾਲ 2019 ਤੱਕ ਕਿੰਨੇ ਲੋਕਾਂ ਨੇ ਭਾਰਤ ਦੀ ਨਾਗਰਿਕਤਾ ਛੱਡੀ ਹੈ। ਉਨ੍ਹਾਂ ਨੇ ਨਾਗਰਿਕਤਾ ਛੱਡਣ ਦੀ ਵਜ੍ਹਾ ਅਤੇ ਕਿਹੜੇ ਦੇਸ਼ ਦੀ ਨਾਗਰਿਕਤਾ ਲਈ, ਦੀ ਜਾਣਕਾਰੀ ਵੀ ਮੰਗੀ ਸੀ।

ਸਰਕਾਰ ਦੇ ਡਾਟਾ ਮੁਤਾਬਕ ਭਾਰਤ ਦੀ ਨਾਗਰਿਕਤਾ ਛੱਡ ਕੇ ਲੋਕਾਂ ਨੇ ਅਮਰੀਕਾ ਵਿੱਚ ਵੱਸਣਾ ਜ਼ਿਆਦਾ ਪਸੰਦ ਕੀਤਾ ਹੈ। ਸਾਲ 2020 ਵਿੱਚ 30 ਹਜ਼ਾਰ 828 ਭਾਰਤੀਆਂ ਅਤੇ ਸਾਲ 2021 ਵਿੱਚ 78 ਹਜ਼ਾਰ 284 ਲੋਕਾਂ ਨੂੰ ਅਮਰੀਕਾ ਦੀ ਨਾਗਰਿਕਤਾ ਮਿਲੀ।

ਅਮਰੀਕਾ ਤੋਂ ਬਾਅਦ ਅਸਟ੍ਰੇਲੀਆ ਦੂਸਰਾ ਦੇਸ਼ ਹੈ ਜਿੱਥੇ ਭਾਰਤੀਆਂ ਨੇ ਰਹਿਣਾ ਪਸੰਦ ਕੀਤਾ ਹੈ। ਪਿਛਲੇ ਸਾਲ 23 ਹਜ਼ਾਰ 533 ਭਾਰਤੀਆਂ ਨੂੰ ਅਸਟ੍ਰੇਲੀਆ ਦੀ ਨਾਗਰਿਕਤਾ ਮਿਲੀ ਸੀ। ਉੱਥੇ ਹੀ ਸਾਲ 2020 ਵਿੱਚ 13 ਹਜ਼ਾਰ 518 ਭਾਰਤੀਆਂ ਨੇ ਅਸਟ੍ਰੇਲੀਆ ਦੀ ਨਾਗਰਿਕਤਾ ਲਈ।

ਕੈਨੇਡਾ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਨੌਕਰੀ ਅਤੇ ਪੜਾਈ ਦੇ ਲਈ ਜਾਂਦੇ ਹਨ ਪਰ ਸਾਲ 2021 ਵਿੱਚ 21 ਹਜ਼ਾਰ 597 ਲੋਕਾਂ ਨੇ ਹੀ ਕੈਨੇਡਾ ਦੀ ਨਾਗਰਿਕਤਾ ਲਈ।

ਸਾਲ 2021 ਵਿੱਚ ਭਾਰਤੀਆਂ ਵੱਲੋਂ ਮੂਹਰਲੇ 10 ਦੇਸ਼ਾਂ ਵਿੱਚ ਲਈ ਗਈ ਨਾਗਰਿਕਤਾ

ਦੇਸ਼                                 ਨਾਗਰਿਕਤਾ

ਅਮਰੀਕਾ                          ਸਾਲ 2021 – 78, 284 ਅਤੇ ਸਾਲ 2020 – 30,828

ਅਸਟ੍ਰੇਲੀਆ                       ਸਾਲ 2021 – 23,533 ਅਤੇ ਸਾਲ 2020 – 13,518

ਕੈਨੇਡਾ                             ਸਾਲ 2021 – 21,597 ਅਤੇ ਸਾਲ 2020 – 17,093

ਬ੍ਰਿਟੇਨ                             ਸਾਲ 2021 – 14,637 ਅਤੇ ਸਾਲ 2020 – 6,489

ਇਟਲੀ                            ਸਾਲ 2021 – 5,986 ਅਤੇ ਸਾਲ 2020 – 2,312

ਨਿਊਜ਼ੀਲੈਂਡ                       ਸਾਲ 2021 – 2,643 ਅਤੇ ਸਾਲ 2020 – 2,116

ਸਿੰਗਾਪੁਰ                         ਸਾਲ 2021 – 2,516 ਅਤੇ ਸਾਲ 2020 – 2,289

ਜਰਮਨੀ                          ਸਾਲ 2021 – 2,381 ਅਤੇ ਸਾਲ 2020 – 2,152

ਨੀਦਰਲੈਂਡਸ                     ਸਾਲ 2021 – 2,187 ਅਤੇ ਸਾਲ 2020 – 1,213

ਸਵੀਡਨ                          ਸਾਲ 2021 – 1,841 ਅਤੇ ਸਾਲ 2020 – 1,046

ਪਿਛਲੇ ਸਾਲ ਦਸੰਬਰ ਵਿੱਚ ਰਾਏ ਨੇ ਸੰਸਦ ਵਿੱਚ ਕਿਹਾ ਸੀ ਕਿ ਪਿਛਲੇ ਸੱਤ ਸਾਲਾਂ ਵਿੱਚ 8.5 ਵਿੱਚੋਂ ਜ਼ਿਆਦਾ ਭਾਰਤੀਆਂ ਨੇ ਭਾਰਤ ਦੀ ਨਾਹਗਰਿਕਤਾ ਛੱਡੀ ਹੈ।