Punjab

ਪੰਜਾਬ ‘ਚ ਕਿੰਨੇ ਹੀ ਲੋਕ ਸਿਰਫ ਕਰੋਨਾ ਕਰਕੇ ਮਰੇ, ਸਿਹਤ ਮਹਿਕਮੇ ਦਾ ਖੁਲਾਸਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਸਿਹਤ ਮਹਿਕਮੇ ਨੇ ਕਰੋਨਾ ਮਹਾਂਮਾਰੀ ਦੌਰਾਨ ਇੱਕ ਚਿੰਤਾਜਨਕ ਰੁਝਾਨ ਦਾ ਖੁਲਾਸਾ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਕਰੋਨਾ ਮਹਾਂਮਾਰੀ ਨਾਲ 17 ਫੀਸਦ ਅਜਿਹੇ ਲੋਕਾਂ ਦੀ ਮੌਤ ਹੋ ਰਹੀ ਹੈ, ਜਿਨ੍ਹਾਂ ਨੂੰ ਕੋਈ ਹੋਰ ਬਿਮਾਰੀ ਨਹੀਂ ਸੀ। ਪੰਜਾਬ ਵਿੱਚ ਕੋਵਿਡ ਕਾਰਨ ਸਿਰਫ਼ ਬਜ਼ੁਰਗਾਂ ਅਤੇ ਸਹਿ-ਬੀਮਾਰੀਆਂ ਵਾਲੇ ਹੀ ਨਹੀਂ ਬਲਕਿ ਨੌਜਵਾਨ ਅਤੇ ਸਿਤਮੰਦ ਲੋਕਾਂ ਦੀ ਵੀ ਮੌਤ ਹੋਈ ਹੈ।

ਰਿਪੋਰਟ ਮੁਤਾਬਕ 26 ਫ਼ੀਸਦੀ ਲੋਕ 70 ਸਾਲ ਤੋਂ ਉੱਪਰ ਦੇ ਸਨ ਅਤੇ 29 ਫ਼ੀਸਦੀ 61-70 ਸਾਲ ਉਮਰ ਵਰਗ ਦੇ ਲੋਕ ਹਨ। 24 ਫ਼ੀਸਦੀ ਲੋਕ 51-60 ਸਾਲ ਦੇ ਵਿਚਕਾਰ ਹਨ, ਜਦਕਿ ਪੰਜ ਫ਼ੀਸਦੀ ਲੋਕ 31-40 ਸਾਲ ਉਮਰ ਵਰਗ ਦੇ ਹਨ, ਜਿਨ੍ਹਾਂ ਦੀ ਕਰੋਨਾ ਮਹਾਂਮਾਰੀ ਕਾਰਨ ਮੌਤ ਹੋ ਗਈ ਹੈ।

ਕਰੋਨਾ ਮਹਾਂਮਾਰੀ ਕਾਰਨ ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਬਣਦੇ ਜਾ ਰਹੇ ਹਨ। ਪੰਜਾਬ ਵਿੱਚ ਤਾਂ ਕਰੋਨਾ ਮਰੀਜ਼ਾਂ ਦਾ ਸਹੀ ਢੰਗ ਨਾਲ ਇਲਾਜ ਵੀ ਨਹੀਂ ਹੋ ਰਿਹਾ, ਇਸਦੀ ਵਜ੍ਹਾ ਡਾਕਟਰਾਂ ਦੀ ਘਾਟ ਨਹੀਂ ਹੈ, ਬਲਕਿ ਕਰੋਨਾ ਵੈਕਸੀਨ ਦੀ ਘਾਟ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਈ ਵਾਰ ਕੇਂਦਰ ਸਰਕਾਰ ਨੂੰ ਕਰੋਨਾ ਵੈਕਸੀਨ ਅਤੇ ਆਕਸੀਜਨ ਸਿਲੰਡਰਾਂ ਦੀ ਸਪਲਾਈ ਕਰਨ ਦੀ ਅਪੀਲ ਕੀਤੀ ਹੈ।

ਹਾਲਾਂਕਿ, ਅੱਜ ਪੰਜਾਬ ਨੂੰ ਵਿਦੇਸ਼ੀ ਮਦਦ ਵਿੱਚੋਂ 2200 ਰੈਮਡੇਸੀਵਰ ਟੀਕੇ ਮਿਲ ਗਏ ਹਨ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਸਦੀ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਪੰਜਾਬ ਨੂੰ 100 ਆਕਸੀਜਨ ਕੰਸਨਟ੍ਰੇਟਰ ਵੀ ਮਿਲ ਗਏ ਹਨ। ਸਿੱਧੂ ਨੇ ਕਿਹਾ ਕਿ ਪੰਜਾਬ ਨੂੰ ਹਾਲੇ ਹੋਰ ਵੀ ਮਦਦ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਕਰੋਨਾ ਵੈਕਸੀਨ ਦਾ ਸਿਰਫ ਅੱਜ ਸ਼ਾਮ ਤੱਕ ਦਾ ਹੀ ਕੋਟਾ ਬਚਿਆ ਹੈ।