ਚੰਡੀਗੜ੍ਹ- ਜੇਲ੍ਹ ‘ਚ ਬੰਦ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਰਾਹਤ ਤਾਂ ਮਿਲੀ ਨਾਲ ਦੀ ਨਾਲ ਪੰਜਾਬ ਪੁਲਿਸ ਨੇ ਇੱਕ ਹੋਰ ਝਟਕਾ ਦਿੇ ਦਿੱਤਾ, ਖਹਿਰਾ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਨਸ਼ਾ ਤਸਕਰੀ ਦੇ 2015 ਮਾਮਲੇ ‘ਚ ਜ਼ਮਾਨਤ ਦਿੱਤੀ ਸੀ । ਜਿਸ ਤੋ ਬਾਅਦ ਸੁਖਪਾਲ ਸਿੰਘ ਖਹਿਰਾ ਖ਼ਿਲਾਫ਼ ਨਵੀਂ ਐੱਫ਼.ਆਈ.ਆਰ. ਦਰਜ ਕਰ ਦਿੱਤੀ ਗਈ। ਇਹ ਐਫਆਈਆਰ ਕਪੂਰਥਲਾ ਦੇ ਸੁਭਾਨਪੁਰ ਥਾਣੇ ਵਿੱਚ ਧਾਰਾ 195ਏ ਅਤੇ 506 ਆਈਪੀਸੀ ਤਹਿਤ ਦਰਜ ਕੀਤੀ ਗਈ ਹੈ।
ਵਿਧਾਇਕ ਖਹਿਰਾ ਖ਼ਿਲਾਫ਼ ਮੁਕੱਦਮਾ ਨੰਬਰ 3/24 ਦਰਜ ਹੈ। ਅਜਿਹੇ ‘ਚ ਵਿਧਾਇਕ ਖਹਿਰਾ ਨੂੰ ਜੇਲ੍ਹ ‘ਚ ਹੀ ਰਹਿਣਾ ਪਵੇਗਾ। ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਸੁਖਪਾਲ ਸਿੰਘ ਖਹਿਰਾ ‘ਤੇ ਕਪੂਰਥਲਾ ਵਾਲਾ ਦੂਜਾ ਪਰਚਾ ਦਰਜ ਹੋਇਆ ਹੈ। ਇਸ ਤੋਂ ਪਹਿਲਾਂ ਭੁਲੱਥ ਵਿੱਚ ਐਸਡੀਐਮ ਨਾਲ ਵਿਵਾਦ ਦੌਰਾਨ FIR ਦਰਜ ਹੋਈ ਸੀ। ਫ਼ਿਲਹਾਲ ਖਹਿਰਾ 28 ਸਤੰਬਰ 2023 ਤੋਂ ਜੇਲ੍ਹ ਵਿੱਚ ਹਨ। 28 ਸਤੰਬਰ ਨੂੰ ਪੁਲੀਸ ਨੇ ਸੁਖਪਾਲ ਖਹਿਰਾ ਨੂੰ ਚੰਡੀਗੜ੍ਹ ਸਥਿਤ ਉਹਨਾਂ ਦੇ ਘਰ ਤੋਂ ਗ੍ਰਿਫ਼ਤਾਰ ਕੀਤਾ ਸੀ। ਇਹ ਕਾਰਵਾਈ 2015 ਦੇ ਇੱਕ ਪੁਰਾਣੇ ਮਾਮਲੇ ‘ਚ ਕੀਤੀ ਗਈ ਸੀ।
ਸਾਲ 2015 ਵਿੱਚ ਜਲਾਲਾਬਾਦ ਪੁਲਿਸ ਨੇ ਮਾਰਕੀਟ ਕਮੇਟੀ ਢਿਲਵਾਂ ਦੇ ਸਾਬਕਾ ਚੇਅਰਮੈਨ ਗੁਰਦੇਵ ਸਿੰਘ ਸਮੇਤ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਦੇ ਕਬਜ਼ੇ ‘ਚੋਂ 2 ਕਿੱਲੋ ਹੈਰੋਇਨ, 24 ਸੋਨੇ ਦੇ ਬਿਸਕੁਟ, ਇੱਕ ਦੇਸੀ ਪੁਆਇੰਟ 315 ਬੋਰ ਦਾ ਪਿਸਤੌਲ, ਦੋ ਪਾਕਿਸਤਾਨੀ ਸਿੰਮ ਕਾਰਡ ਅਤੇ ਇੱਕ ਟਾਟਾ ਸਫ਼ਾਰੀ ਕਾਰ ਬਰਾਮਦ ਹੋਈ ਹੈ। ਇਸ ਮਾਮਲੇ ਵਿੱਚ ਖਹਿਰਾ ਦਾ ਨਾਂ ਮਾਰਕੀਟ ਕਮੇਟੀ ਢਿਲਵਾਂ ਦੇ ਸਾਬਕਾ ਚੇਅਰਮੈਨ ਗੁਰਦੇਵ ਸਿੰਘ ਨਾਲ ਕਥਿਤ ਸਬੰਧਾਂ ਕਾਰਨ ਸਾਹਮਣੇ ਆਇਆ ਸੀ।
ਸਾਬਕਾ ਚੇਅਰਮੈਨ ਗੁਰਦੇਵ ਸਿੰਘ ਨਾਲ ਸਬੰਧਾਂ ਬਾਰੇ ਸੁਖਪਾਲ ਖਰਿਹਾ ਨੇ ਦੱਸਿਆ ਸੀ ਕਿ ਗੁਰਦੇਵ ਸਿੰਘ ਉਹਨਾਂ ਦੇ ਹਲਕੇ ਦਾ ਵਸਨੀਕ ਹੈ। ਖਹਿਰਾ ਭੁਲੱਥ ਹਲਕੇ ਤੋਂ ਵਿਧਾਇਕ ਹਨ ਅਤੇ ਆਪਣੇ ਇਲਾਕੇ ਦਾ ਹੋਣ ਕਾਰਨ ਗੁਰਦੇਵ ਸਿੰਘ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ ਪਰ ਜਦੋਂ ਸਾਬਕਾ ਚੇਅਰਮੈਨ ਗੁਰਦੇਵ ਸਿੰਘ ਖ਼ਿਲਾਫ਼ ਪਰਚਾ ਦਰਜ ਹੋਇਆ ਤਾਂ ਖਹਿਰਾ ਨੇ ਕਿਹਾ ਕਿ ਮੈਂ ਸਾਫ਼ ਮਨ੍ਹਾ ਕਰ ਦਿੱਤਾ ਸੀ ਕਿ ਮੈਨੂੰ ਫੋਨ ਨਾ ਕੀਤੇ ਜਾਣ। ਇਸੇ ਮਾਮਲੇ ਦੀ ਜਾਂਚ ਕਰਨ ਦੇ ਲਈ ਪੁਲਿਸ ਨੇ 9 ਸਾਲ ਪੁਰਾਣੇ ਮਾਮਲੇ ਵਿੱਚ ਕਾਰਵਾਈ ਕੀਤੀ ਹੈ।
ਅਨਡੀਪਐਮ ਦੇ ਇਸ ਮਾਮਲੇ ਵਿੱਚ ਪਟੀਸ਼ਨ ਦਾਇਰ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਇਸ ਕੇਸ ‘ਚ ਪਟੀਸ਼ਨਕਰਤਾ ਨੂੰ ਵੱਖ-ਵੱਖ ਪੱਧਰ ‘ਤੇ ਰਾਹਤ ਪ੍ਰਦਾਨ ਕੀਤੇ ਜਾਣ ਦੇ ਬਾਵਜੂਦ ਪੰਜਾਬ ਪੁਲਿਸ ਉਨ੍ਹਾਂ ਵਿਰੁੱਧ ਕਾਨੂੰਨ ਦੇ ਉਲਟ ਕਾਰਵਾਈ ਕਰ ਰਹੀ ਹੈ। ਪਹਿਲਾਂ ਉਹ ਆਮ ਆਦਮੀ ਪਾਰਟੀ ਵਿੱਚ ਸਨ ਅਤੇ ਬਾਅਦ ਵਿੱਚ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ। ਜਿਸ ਕਾਰਨ ਸਿਆਸੀ ਰੰਜਿਸ਼ ਕਾਰਨ ਉਨ੍ਹਾਂ ਵਿਰੁੱਧ ਇਹ ਕਾਰਵਾਈ ਕੀਤੀ ਜਾ ਰਹੀ ਹੈ।
ਸਾਲ 2017 ਵਿੱਚ ਸੁਪਰੀਮ ਕੋਰਟ ਨੇ ਖਹਿਰਾ ਵਿਰੁੱਧ ਹੇਠਲੀ ਅਦਾਲਤ ਦੀ ਕਾਰਵਾਈ ‘ਤੇ ਰੋਕ ਲਗਾ ਦਿੱਤੀ ਸੀ, ਜਿਨ੍ਹਾਂ ਨੂੰ ਇੱਕ ਵਾਧੂ ਮੁਲਜ਼ਮ ਵਜੋਂ ਸੰਮਨ ਕੀਤਾ ਗਿਆ ਸੀ। ਉਨ੍ਹਾਂ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ 2021 ਵਿੱਚ 2015 ਦੇ ਡਰੱਗਜ਼ ਕੇਸ ਨਾਲ ਜੁੜੇ ਮਨੀ ਲਾਂਡਰਿੰਗ ਦੇ ਇਲਜ਼ਾਮਾਂ ਵਿੱਚ ਗ੍ਰਿਫ਼ਤਾਰ ਕੀਤਾ ਸੀ। ਹਾਲਾਂਕਿ ਉਨ੍ਹਾਂ ਨੂੰ 2022 ਵਿੱਚ ਜ਼ਮਾਨਤ ਮਿਲ ਗਈ ਸੀ। ਫਿਰ ਫਰਵਰੀ 2023 ਵਿੱਚ ਸੁਪਰੀਮ ਕੋਰਟ ਨੇ ਡਰੱਗਜ਼ ਕੇਸ ਵਿੱਚ ਖਹਿਰਾ ਵਿਰੁੱਧ ਸੰਮਨ ਦੇ ਹੁਕਮ ਨੂੰ ਰੱਦ ਕਰ ਦਿੱਤਾ ਸੀ।
ਖਹਿਰਾ ‘ਤੇ ਆਪ ਦੀ ਸਰਕਾਰ ਵਿੱਚ ਜਿਹੜਾ ਪਹਿਲਾ ਪਰਚਾ ਦਰਜ ਹੋਇਆ ਸੀ ਉਹ ਐਸਡੀਐਮ ਨਾਲ ਪੰਗਾ ਪੈ ਗਿਆ ਸੀ। 9 ਮਾਰਚ 2023 ਨੂੰ ਭੁੱਲਥ ਐਸ.ਡੀ.ਐਮ ਦੇ ਦਫ਼ਤਰ ਬਾਹਰ ਕਿਸਾਨਾਂ ਨੇ ਧਰਨਾ ਲਾਇਆ ਸੀ। ਫ਼ਸਲ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਅਤੇ ਮੁਆਵਜ਼ਾ ਲੈਣ ਸਬੰਧੀ ਇਹ ਧਰਨਾ ਚੱਲ ਰਿਹਾ ਸੀ ਜਿਸ ਵਿੱਚ ਸ਼ਮੂਲੀਅਤ ਕਰਨ ਦੇ ਲਈ ਸੁਖਪਾਲ ਸਿੰਘ ਖਹਿਰਾ ਆਪਣੇ ਸਾਥੀਆਂ ਸਮੇਤ ਥ ਐਸ.ਡੀ.ਐਮ ਦੇ ਦਫ਼ਤਰ ਬਾਹਰ ਧਰਨੇ ‘ਚ ਪਹੁੰਦੇ ਹਨ ਪਰ ਪੁਲਿਸ ਵੱਲੋਂ ਉਹਨਾਂ ਨੂੰ ਰੋਕ ਦਿੱਤਾ ਜਾਂਦਾ , ਖਹਿਰਾ ਨੇ ਇਸ ਦਾ ਵਿਰੋਧੀ ਕੀਤਾ, ਭੁੱਲਥ ਦੇ ਐਸਡੀਐਮ ਸੰਜੀਵ ਸ਼ਰਮਾ ਵੀ ਮੌਕੇ ‘ਤੇ ਮੌਜੂਦ ਸਨ।
ਐਸ.ਡੀ.ਐਮ ਭੁੱਲਥ ਸੰਜੀਵ ਸ਼ਰਮਾ ਨੇ ਕਿਹਾ ਕਿ ਇਸ ਦੌਰਾਨ ਸੁਖਪਾਲ ਖਹਿਰਾ ਨੇ ਉਨ੍ਹਾਂ ਨੂੰ ਬੇਇੱਜ਼ਤ ਕਰਨ ਅਤੇ ਬੇਲੋੜੇ ਸਵਾਲ ਪੁੱਛਦੇ ਹੋਏ ਤੰਗ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਸ ਨਾਲ ਉਨ੍ਹਾਂ ਦੀ ਇੱਜ਼ਤ ਨੂੰ ਠੇਸ ਪਹੁੰਚੀ ਹੈ। ਜਿਸ ਤੋ਼ ਬਾਅਦ ਪਰਚਾ ਦਰਜ ਕੀਤਾ ਗਿਆ ਸੀ।