‘ਦ ਖ਼ਾਲਸ ਬਿਊਰੋ : ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਦੇ ਇੱਕ ਹੋਟਲ ਵਿੱਚ ਅਲ-ਸ਼ਬਾਬ ਨੇ ਇੱਕ ਹੋਟਲ ਉੱਤੇ ਆਪਣਾ ਕਬਜ਼ਾ ਕਰ ਲਿਆ ਹੈ। ਅਲ-ਸ਼ਬਾਬ ਦੇ ਅੱਤਵਾਦੀਆਂ ਨੇ ਹੋਟਲ ਵਿਚ 10 ਲੋਕਾਂ ਨੂੰ ਮਾਰ ਦਿੱਤਾ ਹੈ। ਸੁਰੱਖਿਆ ਅਧਿਕਾਰੀਆਂ ਮੁਤਾਬਕ ਇਹ ਹਮਲਾ ਹੋਟਲ ਹਯਾਤ ਉੱਪਰ ਹੋਇਆ ਹੈ। ਪੁਲਿਸ ਮੁਤਾਬਕ ਅੱਤਵਾਦੀਆਂ ਵੱਲੋਂ ਪਹਿਲਾਂ ਹੋਟਲ ਦੇ ਬਾਹਰ ਦੋ ਕਾਰ ਬੰਬ ਧਮਾਕੇ ਕੀਤੇ ਗਏ ਅਤੇ ਉਸ ਤੋਂ ਬਾਅਦ ਹੋਟਲ ਦੇ ਅੰਦਰ ਜਾ ਕੇ ਗੋਲੀਆਂ ਚਲਾਈਆਂ ਗਈਆਂ।
ਅਜਿਹੀ ਜਾਣਕਾਰੀ ਮਿਲ ਰਹੀ ਹੈ ਕਿ ਇਹ ਹਮਲਾਵਰ ਹੋਟਲ ਹਯਾਤ ਦੇ ਸਭ ਤੋਂ ਉਪਰਲੀ ਮੰਜ਼ਿਲ ‘ਤੇ ਕਈ ਘੰਟੇ ਮੌਜੂਦ ਰਹੇ। ਪੁਲਿਸ ਦੀ ਇੱਕ ਟੁਕੜੀ ਨੇ ਦਰਜਨਾਂ ਮਹਿਮਾਨਾਂ ਅਤੇ ਸਟਾਫ ਨੂੰ ਹੋਟਲ ਵਿੱਚੋਂ ਬਚਾ ਲਿਆ ਹੈ।
ਇਸ ਅਪਰੇਸ਼ਨ ਨਾਲ ਜੁੜੇ ਇੱਕ ਅਧਿਕਾਰੀ ਮੁਹੰਮਦ ਅਬਦੀਕਾਦਿਰ ਨੇ ਦੱਸਿਆ ਕਿ “ਸੁਰੱਖਿਆ ਏਜੰਸੀਆਂ ਅਤੇ ਅੱਤਵਾਦੀਆਂ ਦਰਮਿਆਨ ਮੁਕਾਬਲਾ ਜਾਰੀ ਹੈ ਤੇ ਕਈ ਅੱਤਵਾਦੀ ਖ਼ਤਮ ਕਰ ਦਿੱਤੇ ਗਏ ਹਨ। ਕਈ ਲੋਕਾਂ ਨੂੰ ਬਚਾ ਲਿਆ ਗਿਆ ਹੈ ਪਰ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋਈ ਹੈ।” ਇਸ ਤੋਂ ਪਹਿਲਾਂ ਇੱਕ ਵੈੱਬਸਾਈਟ ਜੋ ਅਲ ਸ਼ਬਾਬ ਨਾਲ ਸਬੰਧਿਤ ਹੈ, ਨੇ ਆਖਿਆ ਕਿ ਕੁਝ ਅੱਤਵਾਦੀ ਧੱਕੇ ਨਾਲ ਹੋਟਲ ਦੇ ਅੰਦਰ ਗਏ ਹਨ ਜਿਨ੍ਹਾਂ ਨੇ ਲੋਕਾਂ ਉੱਪਰ ਗੋਲੀਆਂ ਚਲਾਈਆਂ ਹਨ। ਜਾਣਕਾਰੀ ਮੁਤਾਬਕ ਹੋਟਲ ਹਯਾਤ ਵਿੱਚ ਅਕਸਰ ਸਰਕਾਰੀ ਅਧਿਕਾਰੀਆਂ ਦੀਆਂ ਬੈਠਕਾਂ ਵੀ ਹੁੰਦੀਆਂ ਹਨ।
ਸੂਤਰਾਂ ਮੁਤਾਬਕ ਘੱਟੋ ਘੱਟ 9 ਲੋਕਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਭੇਜਿਆ ਗਿਆ ਹੈ। ਸੋਸ਼ਲ ਮੀਡੀਆ ਉੱਪਰ ਵੀ ਅਜਿਹੀਆਂ ਤਸਵੀਰਾਂ ਘੁੰਮ ਰਹੀਆਂ ਹਨ, ਜਿੱਥੇ ਹੋਟਲ ਦੀ ਇਮਾਰਤ ਵਿੱਚੋਂ ਧੂੰਆਂ ਨਜ਼ਰ ਆ ਰਿਹਾ ਹੈ ਅਤੇ ਪਿੱਛੇ ਗੋਲੀਆਂ ਦੀਆਂ ਆਵਾਜ਼ਾਂ ਵੀ ਸੁਣੀਆਂ ਜਾ ਰਹੀਆਂ ਹਨ। ਹਾਲਾਂਕਿ, ਇਨ੍ਹਾਂ ਦੀ ਅਧਿਕਾਰਤ ਤੌਰ ਉੱਤੇ ਕੋਈ ਪੁਸ਼ਟੀ ਨਹੀਂ ਹੋਈ ਹੈ।
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋ ਕਾਰ ਧਮਾਕਿਆਂ ਨੇ ਹੁਣ ਹਯਾਤ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ।
“ਇੱਕ ਕਾਰ ਨੇ ਹੋਟਲ ਦੇ ਨਜ਼ਦੀਕ ਟੱਕਰ ਮਾਰੀ ਜਦੋਂ ਕਿ ਦੂਸਰੀ ਕਾਰ ਨੇ ਹੋਟਲ ਦੇ ਗੇਟ ਨੂੰ ਟੱਕਰ ਮਾਰੀ। ਸਾਨੂੰ ਲੱਗਦਾ ਹੈ ਕਿ ਹਾਲੇ ਵੀ ਕੁਝ ਅੱਤਵਾਦੀ ਅੰਦਰ ਹਨ।” ਅਲਕਾਇਦਾ ਨਾਲ ਸਬੰਧਤ ਅਲ ਸ਼ਬਾਬ ਪਿਛਲੇ ਕਈ ਸਮੇਂ ਤੋਂ ਸੋਮਾਲੀਆ ਸਰਕਾਰ ਦਾ ਵਿਰੋਧ ਕਰ ਰਿਹਾ ਹੈ।
ਦੇਸ਼ ਦੇ ਦੱਖਣੀ ਅਤੇ ਮੱਧ ਸੋਮਾਲੀਆ ਉਪਰ ਇਨ੍ਹਾਂ ਦਾ ਕਬਜ਼ਾ ਹੈ ਪਰ ਹੁਣ ਦੇਸ਼ ਦੀ ਰਾਜਧਾਨੀ ਮੋਗਾਦਿਸ਼ੂ ਨੂੰ ਵੀ ਇਨ੍ਹਾਂ ਨੇ ਨਿਸ਼ਾਨੇ ‘ਤੇ ਲਿਆ ਹੈ। ਪਿਛਲੇ ਕਈ ਹਫ਼ਤਿਆਂ ਵਿੱਚ ਇਨ੍ਹਾਂ ਸਮੂਹਾਂ ਨੇ ਸੋਮਾਲੀਆ ਇਥੋਪੀਆ ਦੀ ਸਰਹੱਦ ’ਤੇ ਵੀ ਹਮਲੇ ਕੀਤੇ ਹਨ, ਜਿਸ ਤੋਂ ਬਾਅਦ ਅਲ ਸ਼ਬਾਬ ਦੀ ਨਵੀਂ ਰਣਨੀਤੀ ਬਾਰੇ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਹੈ। ਹੋਟਲ ਹਯਾਤ ਉੱਪਰ ਹੋਏ ਹਮਲੇ ਨੂੰ ਇਸ ਕਰਕੇ ਵੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਦੇਸ਼ ਦੇ ਨਵੇਂ ਰਾਸ਼ਟਰਪਤੀ ਹਸਨ ਸ਼ੇਖ ਮੁਹੰਮਦ ਦੀ ਚੋਣ ਤੋਂ ਬਾਅਦ ਇਹ ਪਹਿਲਾ ਵੱਡਾ ਹਮਲਾ ਹੈ। ਉਨ੍ਹਾਂ ਨੇ ਮਈ ਵਿੱਚ ਦੇਸ਼ ਦੀ ਕਮਾਨ ਸਾਂਭੀ ਸੀ।