International Punjab

7 ਸਾਲ ਪਹਿਲਾਂ ਹੁਸ਼ਿਆਰਪੁਰ ਦਾ ਨੌਜਾਵਨ ਅਮਰੀਕਾ ਪਹੁੰਚਿਆ ! ਪਰ ਬਹਾਦਰੀ ਜਿੰਦਗੀ ‘ਤੇ ਭਾਰੀ ਪੈ ਗਈ

ਬਿਊਰੋ ਰਿਪੋਰਟ : ਹੁਸ਼ਿਆਰਪੁਰ ਦੇ ਇੱਕ ਨੌਜਵਾਨ ਦਾ ਅਮਰੀਕਾ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦਸੂਹਾ ਦੇ ਮੁਕੇਰੀਆਂ ਪਿੰਡ ਆਲੋ ਭੱਟੀ ਦਾ ਰਹਿਣ ਵਾਲਾ ਸੀ । 27 ਸਾਲ ਦਾ ਪ੍ਰਵੀਨ ਕੈਲੀਫੋਨਿਆ ਦੇ ਵਿਕਟਰ ਵੈਲੀ ਦੇ ਸਟੋਰ ਵਿੱਚ ਕੰਮ ਕਰਦਾ ਸੀ, ਜਿੱਥੇ ਉਸ ਨੂੰ ਗੋਲੀਆਂ ਮਾਰੀਆਂ ਗਈਆਂ ਹਨ । ਮੌਤ ਦੀ ਖ਼ਬਰ ਪਿੰਡ ਪਹੁੰਚੀ ਤਾਂ ਸੋਗ ਦੀ ਲਹਿਰ ਦੌੜ ਗਈ ।

ਮੈਕਸਿਕੋ ਦੇ ਮੁੰਡੇ ਨੇ ਮਾਰੀਆਂ ਗੋਲੀਆਂ

ਜਾਣਕਾਰੀ ਦੇ ਮੁਤਾਬਿਕ ਮ੍ਰਿਤਕ ਪ੍ਰਵੀਨ ਕੁਮਾਰ ਦੇ ਚਾਚਾ ਸੂਰਮ ਸਿੰਘ ਨੇ ਦੱਸਿਆ ਕਿ ਉਸ ਦੇ 2 ਭਤੀਜੇ ਹਨ ਅਤੇ ਦੋਵੇ ਅਮਰੀਕਾ ਵਿੱਚ ਇੱਕ ਹੀ ਥਾਂ ‘ਤੇ ਕੰਮ ਕਰਦੇ ਹਨ। ਪ੍ਰਵੀਨ ਨੂੰ ਅਮਰੀਕਾ ਗਏ 7 ਸਾਲ ਹੋ ਗਏ ਹਨ ਅਤੇ ਛੋਟਾ ਭਰਾ ਸਿਰਫ਼ 3 ਮਹੀਨੇ ਪਹਿਲਾਂ ਹੀ ਅਮਰੀਕਾ ਗਿਆ । ਫੋਨ ‘ਤੇ ਜਾਣਕਾਰੀ ਦਿੰਦੇ ਹੋਏ ਛੋਟੇ ਭਤੀਜੇ ਨੇ ਦੱਸਿਆ ਕਿ ਪ੍ਰਵੀਨ ਨੂੰ ਬੀਤੀ ਰਾਤ ਗੋਲੀਆਂ ਮਾਰੀਆਂ ਗਈਆਂ ਹਨ। ਸਟੋਰ ‘ਤੇ ਮੈਕਸਿਕੋ ਮੂਲ ਦਾ 15-16 ਸਾਲ ਦ ਨੌਜਵਾਨ ਆਇਆ ਅਤੇ ਪੈਸੇ ਮੰਗਣ ਲੱਗਿਆ ਤਾਂ ਪ੍ਰਵੀਨ ਨੇ ਉਸ ਦਾ ਬਹਾਦੁਰੀ ਦੇ ਨਾਲ ਮੁਕਾਬਲਾ ਕੀਤਾ ਅਤੇ ਉਸ ਦੇ ਕੋਲ ਗੰਨ ਹੋਣ ਦੀ ਵਜ੍ਹਾ ਕਰਕੇ ਉਸ ਨੇ ਪ੍ਰਵੀਨ ਤੇ ਇੱਕ ਤੋਂ ਬਾਅਦ ਇੱਕ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਪ੍ਰਵੀਨ ਦੀ ਲਾਸ਼ ਭਾਰਤ ਲਿਆਉਣ ਦੀ ਮੰਗ

ਸੂਰਮ ਸਿੰਘ ਨੇ ਦੱਸਿਆ ਕਿ ਪ੍ਰਵੀਨ ਆਪਣੇ ਪਿੱਛੇ ਬਜ਼ੁਰਗ ਮਾਂ ਅਤੇ ਛੋਟੇ ਭਰਾ ਨੂੰ ਛੱਡ ਗਿਆ ਹੈ ਜੋ ਅਮਰੀਕਾ ਵਿੱਚ ਹੈ,ਪ੍ਰਵੀਨ ਦੇ ਪਿਤਾ ਦੀ ਮੌਤ 2015 ਵਿੱਚ ਹੋ ਚੁੱਕੀ ਹੈ ।ਉਧਰ ਪਰਿਵਾਰ ਨੇ ਮ੍ਰਿਤਕ ਪ੍ਰਵੀਨ ਦੀ ਦੇਹ ਨੂੰ ਭਾਰਤ ਲਿਆਉਣ ਦੇ ਲਈ ਸਰਕਾਰ ਤੋਂ ਮੰਗ ਕੀਤੀ ਹੈ ਤਾਂਕੀ ਉਹ ਆਪਣੇ ਬੱਚੇ ਦਾ ਅੰਤਿਮ ਸਸਕਾਰ ਭਾਰਤ ਵਿੱਚ ਕਰ ਸਕਣ ।