Punjab Sports

ਹੁਸ਼ਿਆਰਪੁਰ ’ਚ ਵੱਡਾ ਹਾਦਸਾ! ਕ੍ਰਿਕੇਟ ਖੇਡ ਰਹੇ ਬੱਚਿਆਂ ’ਤੇ ਡਿੱਗੀ ਅਸਮਾਨੀ ਬਿਜਲੀ, ਇੱਕ ਦੀ ਮੌਤ

ਗੜ੍ਹਸ਼ੰਕਰ (4 ਅਪ੍ਰੈਲ, 2026): ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਅਧੀਨ ਪੈਂਦੇ ਪਿੰਡ ਬਕਾਪੁਰ ਗੁਰੂ ਵਿੱਚ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ। ਇੱਥੇ ਕ੍ਰਿਕੇਟ ਟੂਰਨਾਮੈਂਟ ਦੌਰਾਨ ਅਸਮਾਨੀ ਬਿਜਲੀ ਡਿੱਗਣ ਕਾਰਨ 16 ਸਾਲਾ ਨੌਜਵਾਨ ਤਰੁਣਦੀਪ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਪਿੰਡ ਰਸੂਲਪੁਰ ਦਾ ਰਹਿਣ ਵਾਲਾ ਸੀ ਅਤੇ ਹਾਲ ਹੀ ਵਿੱਚ ਉਸ ਨੇ 10ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ।

ਚਸ਼ਮਦੀਦਾਂ ਅਨੁਸਾਰ ਦੁਪਹਿਰ ਵੇਲੇ ਜਦੋਂ 11 ਬੱਚੇ ਗਰਾਊਂਡ ਵਿੱਚ ਮੈਚ ਖੇਡ ਰਹੇ ਸਨ, ਤਾਂ ਅਚਾਨਕ ਮੌਸਮ ਖ਼ਰਾਬ ਹੋ ਗਿਆ। ਤਰੁਣਦੀਪ ਸਿੰਘ ਉਸ ਸਮੇਂ ਗੇਂਦਬਾਜ਼ੀ (Bowling) ਕਰਨ ਦੀ ਤਿਆਰੀ ਕਰ ਰਿਹਾ ਸੀ, ਜਦੋਂ ਅਸਮਾਨੀ ਬਿਜਲੀ ਸਿੱਧੀ ਮੈਦਾਨ ’ਤੇ ਆ ਡਿੱਗੀ। 

ਬਿਜਲੀ ਦਾ ਝਟਕਾ ਇੰਨਾ ਜ਼ਬਰਦਸਤ ਸੀ ਕਿ ਸਾਰੇ ਬੱਚੇ ਜ਼ਮੀਨ ’ਤੇ ਡਿੱਗ ਪਏ। ਤਰੁਣਦੀਪ ਅਤੇ ਅੰਸ਼ਪ੍ਰੀਤ ਸਿੰਘ ਨੂੰ ਗੰਭੀਰ ਹਾਲਤ ਵਿੱਚ ਨਵਾਂਸ਼ਹਿਰ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਤਰੁਣਦੀਪ ਨੂੰ ਮ੍ਰਿਤਕ ਐਲਾਨ ਦਿੱਤਾ। ਅੰਸ਼ਪ੍ਰੀਤ ਦਾ ਇਲਾਜ ਅਜੇ ਜਾਰੀ ਹੈ।

ਤਰੁਣਦੀਪ ਦੇ ਪਿਤਾ ਓਂਕਾਰ ਸਿੰਘ ਨੇ ਨਮ ਅੱਖਾਂ ਨਾਲ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਘਰੋਂ ਵਾਲ ਕਟਵਾ ਕੇ ਆਇਆ ਸੀ ਅਤੇ ਆਪਣੀ ਮਾਂ ਦੇ ਹੱਥੋਂ ਦੁੱਧ-ਰੋਟੀ ਖਾ ਕੇ ਖੇਡਣ ਗਿਆ ਸੀ। ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਇਹ ਉਸ ਦਾ ਆਖ਼ਰੀ ਖਾਣਾ ਹੋਵੇਗਾ। ਤਰੁਣਦੀਪ ਦੀ ਮਾਂ, ਜੋ ਕਿ ਪੰਚਾਇਤ ਮੈਂਬਰ ਹੈ, ਦਾ ਰੋ-ਰੋ ਕੇ ਬੁਰਾ ਹਾਲ ਹੈ। ਪੂਰੇ ਪਿੰਡ ਵਿੱਚ ਇਸ ਹੋਣਹਾਰ ਬੱਚੇ ਦੀ ਮੌਤ ਕਾਰਨ ਸੋਗ ਦੀ ਲਹਿਰ ਦੌੜ ਗਈ ਹੈ।