ਤਹਿਰਾਨ/ਵਾਸ਼ਿੰਗਟਨ (17 ਅਪ੍ਰੈਲ, 2026): ਲਿਬਨਾਨ ਵਿੱਚ ਜੰਗਬੰਦੀ ਦੇ ਸਮਝੌਤੇ ਤੋਂ ਬਾਅਦ ਵਿਸ਼ਵ ਵਪਾਰ ਲਈ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਇਰਾਨ ਦੇ ਵਿਦੇਸ਼ ਮੰਤਰੀ ਸੱਯਦ ਅੱਬਾਸ ਅਰਾਘਚੀ ਨੇ ਐਲਾਨ ਕੀਤਾ ਹੈ ਕਿ ਲਿਬਨਾਨ ਵਿੱਚ ਜੰਗਬੰਦੀ ਦੇ ਮੱਦੇਨਜ਼ਰ, ਹੋਰਮੁਜ਼ ਜਲਡਮਰੂ ਰਾਹੀਂ ਸਾਰੇ ਵਪਾਰਕ ਜਹਾਜ਼ਾਂ ਦੀ ਆਵਾਜਾਈ ਨੂੰ ਮੁਕੰਮਲ ਤੌਰ ’ਤੇ ਖੋਲ੍ਹ ਦਿੱਤਾ ਗਿਆ ਹੈ। ਇਹ ਆਵਾਜਾਈ ਇਰਾਨ ਦੇ ਪੋਰਟਸ ਅਤੇ ਮੈਰੀਟਾਈਮ ਆਰਗੇਨਾਈਜ਼ੇਸ਼ਨ ਵੱਲੋਂ ਨਿਰਧਾਰਿਤ ਕੀਤੇ ਗਏ ਰੂਟਾਂ ਰਾਹੀਂ ਕੀਤੀ ਜਾ ਸਕੇਗੀ।
ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ‘ਟਰੂਥ ਸੋਸ਼ਲ’ (Truth Social) ’ਤੇ ਪੋਸਟ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਭਾਵੇਂ ਹੋਰਮੁਜ਼ ਜਲਡਮਰੂ ਵਪਾਰ ਲਈ ਖੁੱਲ੍ਹ ਗਿਆ ਹੈ, ਪਰ ਇਰਾਨ ’ਤੇ ਲਗਾਈ ਗਈ ਸਮੁੰਦਰੀ ਨਾਕਾਬੰਦੀ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਇਰਾਨ ਨਾਲ ਅਮਰੀਕਾ ਦਾ ਸਮਝੌਤਾ 100% ਪੂਰਾ ਨਹੀਂ ਹੋ ਜਾਂਦਾ। ਟਰੰਪ ਨੇ ਉਮੀਦ ਜਤਾਈ ਕਿ ਇਹ ਪ੍ਰਕਿਰਿਆ ਜਲਦ ਪੂਰੀ ਹੋ ਜਾਵੇਗੀ ਕਿਉਂਕਿ ਜ਼ਿਆਦਾਤਰ ਨੁਕਤਿਆਂ ’ਤੇ ਪਹਿਲਾਂ ਹੀ ਗੱਲਬਾਤ ਹੋ ਚੁੱਕੀ ਹੈ।

