Punjab

‘ਮੈਂ ਇੰਡੀਅਨ ਸਿਟੀਜਨ ਨਹੀਂ’! ਭਾਈ ਅੰਮ੍ਰਿਤਪਾਲ ਸਿੰਘ ਦਾ ਦਾਅਵਾ, ਕੇਂਦਰ ਵੱਲੋਂ ਹੁਣ ਇਸ ਵੱਡੇ ਐਕਸ਼ਨ ਦੀ ਤਿਆਰੀ !

ਬਿਉਰੋ ਰਿਪੋਰਟ : ਅਜਨਾਲਾ ਹਿੰਸਾ ਤੋਂ ਬਾਅਦ ਸੂਬਾ ਸਰਕਾਰ ਅਤੇ ਕੇਂਦਰ ਦੋਵੇ ਹੀ ਵਾਰਿਸ ਪੰਜਾਬ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ਼ ਸਖਤ ਹੋ ਗਏ ਹਨ । ਇਸੇ ਦੌਰਾਨ ਆਪਣੀ ਸਿਟੀਜਨਸ਼ਿੱਪ ਨੂੰ ਲੈਕੇ ਵਾਰਿਸ ਪੰਜਾਬ ਦੇ ਮੁੱਖੀ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ । ਉਨ੍ਹਾਂ ਨੇ ਆਪਣੇ ਆਪ ਨੂੰ ਭਾਰਤ ਦਾ ਨਾਗਰਿਕ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ । ਉਨ੍ਹਾਂ ਕਿਹਾ ਕਿ ਮੈਂ ਆਪਣੇ ਆਪ ਨੂੰ ਇੰਡੀਅਨ ਸਿਟੀਜਨ ਨਹੀਂ ਮੰਨ ਦਾ ਹਾਂ। ਪਾਸਪੋਰਟ ਸਿਰਫ਼ ਇੱਕ ਦਸਤਾਵੇਜ਼ ਹੈ ਇਸ ਨਾਲ ਕੋਈ ਭਾਰਤੀ ਨਹੀਂ ਹੋ ਜਾਂਦਾ ਹੈ । ਉਧਰ ਅੰਜਨਾਲਾ ਹਿੰਸਾ ਤੋਂ ਬਾਅਦ ਕੇਂਦਰ ਸਰਕਾਰ ਵੀ ਪੂਰੀ ਤਰ੍ਹਾਂ ਨਾਲ ਹਰਕਤ ਵਿੱਚ ਆ ਗਈ ਹੈ ਅਤੇ ਸਖ਼ਤੀ ਕਾਰਵਾਈ ਦੇ ਸੰਕੇਤ ਦਿੱਤੇ ਹਨ ।

ਕੇਂਦਰ ਸਰਕਾਰ ਨੇ ਅੰਮ੍ਰਿਤਪਾਲ ਸਿੰਘ ਬਾਰੇ ਰਿਪੋਰਟ ਮੰਗੀ

ਅਜਨਾਲਾ ਹਿੰਸਾ ਦਾ ਕੇਂਦਰ ਸਰਕਾਰ ਨੇ ਸਖ਼ਤ ਨੋਟਿਸ ਲੈ ਲਿਆ ਹੈ ਅਤੇ ਇਸ ਮਾਮਲੇ ਵਿੱਚ ਪੰਜਾਬ ਪੁਲਿਸ ਤੋਂ ਹਿੰਸਾ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਬਾਰੇ ਸਖਤ ਸਵਾਲ ਪੁੱਛੇ ਗਏ ਹਨ। ਕੇਂਦਰੀ ਗ੍ਰਹਿ ਮੰਤਰਾਲੇ ਨੇ ਇੰਟੈਲੀਜੈਂਸ ਬਿਊਰੋ ਤੋਂ ਅਜਨਾਲਾ ਮਾਮਲੇ ਦੀ ਰਿਪੋਰਟ ਮੰਗੀ ਹੈ । ਕੇਂਦਰ ਸਰਕਾਰ ਨੇ ਪੁੱਛਿਆ ਹਿੰਸਾ ਰੋਕਣ ਦੇ ਲਈ ਪੁਲਿਸ ਨੇ ਕੀ ਐਕਸ਼ਨ ਪਲਾਨ ਤਿਆਰ ਕੀਤਾ ਸੀ ? ਗ੍ਰਹਿ ਮੰਤਰਾਲੇ ਨੇ ਇਹ ਵੀ ਪੁੱਛਿਆ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਹਮਾਇਤੀ ਕਿਹੜੇ-ਕਿਹੜੇ ਜ਼ਿਲ੍ਹਿਆਂ ਤੋਂ ਪਹੁੰਚੇ ਸਨ ? ਵਿਦੇਸ਼ ਤੋਂ ਕਿਸ-ਕਿਸ ਨੇ ਹਮਾਇਤ ਮਿਲੀ ਸੀ ? ਇਹ ਵੀ ਪੁੱਛਿਆ ਗਿਆ ਹੈ ਕਿ ਮੋਹਾਲੀ ਵਿੱਚ ਬੰਦੀ ਸਿੱਖਾਂ ਦੀ ਰਿਹਾਈ ਲਈ ਦਿੱਤੇ ਜਾ ਰਹੇ ਕੌਮੀ ਇਨਸਾਫ ਮੋਰਚੇ ਵਿੱਚ ਕਿਵੇਂ ਦੇ ਹਾਲਾਤ ਹਨ ? ਜੇਕਰ ਵਿਰੋਧ ਹਿੰਸਕ ਹੋ ਜਾਂਦਾ ਹੈ ਤਾਂ ਉਸ ਨੂੰ ਰੋਕਣ ਦੇ ਕੀ ਪ੍ਰਬੰਧ ਹਨ ?

ਕੇਂਦਰੀ ਗ੍ਰਹਿ ਮੰਤਰਾਲੇ ਦੀ ਰਿਪੋਰਟ ਤੋਂ ਬਾਅਦ ਪੰਜਾਬ ਪੁਲਿਸ ਪੂਰੀ ਤਰ੍ਹਾਂ ਐਕਟਿਵ ਹੋ ਗਈ ਹੈ । ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸੀਨੀਅਰ ਅਧਿਕਾਰੀਆਂ ਦੇ ਨਾਲ ਕਈ ਘੰਟੇ ਤੱਕ ਮੀਟਿੰਗ ਕੀਤੀ । ਉਨ੍ਹਾਂ ਨੇ ਗੈਂਗਸਟਰਾਂ ਅਤੇ ਅਜਿਹੇ ਲੋਕਾਂ ਖਿਲਾਫ਼ ਸਖਤ ਕਾਰਵਾਈ ਦੇ ਨਿਰਦੇਸ਼ ਦਿੱਤੇ ਜੋ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਉਂਦੇ ਹਨ । ਉਨ੍ਹਾਂ ਕਿਹਾ ਕਾਨੂੰਨੀ ਹਾਲਾਤ ਕਿਸੇ ਵੀ ਸੂਰਤ ਵਿੱਚ ਵਿਗੜਨ ਨਹੀਂ ਦਿੱਤੇ ਜਾਣਗੇ । ਅਜਨਾਲਾ ਹਿੰਸਾ ਵਿੱਚ ਮੁਲਜ਼ਮਾਂ ਦੀ ਪਛਾਣ ਕਰਨ ਦੇ ਲਈ 50 ਤੋਂ ਵੱਧ ਵੀਡੀਓਜ਼ ਦੀ ਗਹਿਰਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਪਛਾਣ ਕੀਤੀ ਜਾ ਰਹੀ ਹੈ ਕਿ ਕੌਣ-ਕੌਣ ਹਥਿਆਰ ਲੈਕੇ ਆਇਆ ਸੀ ? ਪੁਲਿਸ ਮੁਲਾਜ਼ਮਾਂ ‘ਤੇ ਕਿਹੜੇ-ਕਿਹੜੇ ਲੋਕਾਂ ਨੇ ਹਮਲਾ ਕੀਤਾ ਸੀ ? ਪ੍ਰਦਰਸ਼ਨਕਾਰੀਆਂ ਨੂੰ ਰੋਕਣ ਵੇਲੇ ਕਿਹੜੀ ਥਾਂ ਤੇ ਗਲਤੀ ਹੋਈ ? ਭਵਿੱਖ ਵਿੱਚ ਅਜਿਹੇ ਹਾਲਾਤਾ ਨੂੰ ਕਿਵੇਂ ਨਜਿੱਠਿਆ ਜਾਵੇਗਾ ਇਸ ਬਾਰੇ ਪੰਜਾਬ ਪੁਲਿਸ ਹੁਣ ਰਣਨੀਤੀ ਬਣਾ ਰਹੀ ਹੈ।

‘ਖਾਲਿਸਤਾਨ ਦੀ ਗੱਲ ਕਰਨਾ ਗਲਤ ਨਹੀਂ’

ਵਾਰਿਸ ਪੰਜਾਬ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਨੇ ਕਿਹਾ ਖਾਲਿਸਤਾਨ ਪੰਜਾਬ ਵਿੱਚ ਬਹੁਤ ਹੀ ਆਮ ਗੱਲ ਹੈ। ਉਨ੍ਹਾਂ ਕਿਹਾ ਜੇਕਰ ਕੋਈ ਪੰਜਾਬੀ ਨਹੀਂ ਅਤੇ ਪੰਜਾਬ ਵਿੱਚ ਨਹੀਂ ਆਉਂਦਾ ਤਾਂ ਉਸ ਨੂੰ ਇਹ ਡਰਾਵਨਾ ਲੱਗ ਦਾ ਹੈ । ਪਰ ਅਜਿਹਾ ਨਹੀਂ ਹੈ । ਸੁਪਰੀਮ ਕੋਰਟ ਨੇ ਕਿਹਾ ਹੈ ਕਿ ਇਹ ਅਪਰਾਧ ਨਹੀਂ ਹੈ । ਸੰਗਰੂਰ ਦੇ ਐੱਮਪੀ ਵੀ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਹਨ । ਉਧਰ ਅੰਜਾਨਾਲਾ ਹਿੰਸਾ ਨੂੰ ਲੈਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲੀ ਵਾਰ ਸਿੱਧਾ ਅੰਮ੍ਰਿਤਪਾਲ ਸਿੰਘ ‘ਤੇ ਹਮਲਾ ਕੀਤਾ ਹੈ।

CM ਮਾਨ ਨੇ ਪੁੱਛਿਆ ਸਵਾਲ

ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨਿੱਚਰਵਾਰ ਨੂੰ ਪਹਿਲੀ ਵਾਰ ਖੁੱਲ ਕੇ ਅੰਮ੍ਰਿਤਪਾਲ ਸਿੰਘ ਨੂੰ ਘੇਰਿਆ । ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਐਕਾਉਂਟ ਟਵਿੱਟਰ ‘ਤੇ ਪੁੱਛਿਆ ‘ਸ਼ਬਦ ਗੁਰੂ ਸ਼ੀੑ ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਬਣਾ ਕੇ ਥਾਣਿਆਂ ਤੱਕ ਲੈ ਕੇ ਜਾਣ ਵਾਲੇ ਕਿਸੇ ਵੀ ਪੱਖ ਤੋਂ ਪੰਜਾਬ ਅਤੇ ਪੰਜਾਬੀਅਤ ਦੇ “ ਵਾਰਿਸ ” ਅਖਵਾਉਣ ਦੇ ਕਾਬਿਲ ਨਹੀਂ ਹੋ ਸਕਦੇ..’ । ਇਸ ਤੋਂ ਪਹਿਲਾਂ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਅਜਨਾਲਾ ਥਾਣੇ ‘ਤੇ ਹੋਏ ਹਮਲੇ ਨੂੰ ਬੁਜ਼ਦਿਲ ਅਤੇ ਕਾਇਰਤਾ ਵਾਲਾ ਕੰਮ ਦੱਸਿਆ ਸੀ । ਉਨ੍ਹਾਂ ਨੇ ਕਿਹਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਹਰ ਇੱਕ ਪੰਜਾਬੀ ਦਾ ਸਿਰ ਝੁਕ ਦਾ ਹੈ ਇਸੇ ਲਈ ਪੁਲਿਸ ਨੇ ਅਜਿਹੀ ਕੋਈ ਕਾਰਵਾਈ ਨਹੀਂ ਕੀਤੀ ਸੀ ਜਿਸ ਨਾਲ ਕਿਸੇ ਵੀ ਤਰ੍ਹਾਂ ਦੀ ਬੇਅਦਬੀ ਹੋਵੇ ।