Punjab

ਇੰਝ ਮਨਾਇਆ ਗਿਆ ਹੋਲਾ-ਮੁਹੱਲਾ ਕੌਮੀ ਇਨਸਾਫ਼ ਮੋਰਚੇ ਵਿੱਚ, ਮੁਹਾਲੀ ਦੇ ਦੁਸ਼ਹਿਰਾ ਮੈਦਾਨ ਵਿੱਚ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਦਿਖਾਏ ਕਰਤੱਵ

ਮੁਹਾਲੀ : ਖਾਲਸੇ ਦੀ ਚੜ੍ਹਦੀਕਲਾ ਤੇ ਸੂਰਬੀਰਤਾ ਦਾ ਪ੍ਰਤੀਕ ਹੋਲੇ-ਮਹੱਲੇ ਦੀਆਂ ਰੌਣਕਾਂ ਜਿਥੇ ਗੁਰੂ ਨਗਰੀ ਸ਼੍ਰੀ ਅਨੰਦਪੁਰ ਸਾਹਿਬ  ਵਿੱਚ ਦੇਖਣ ਵਾਲੀਆਂ ਸਨ,ਉੱਥੇ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਵਿੱਚ ਵੀ ਖਾਲਸੇ ਦਾ ਜਾਹੋ-ਜਲਾਲ ਦੇਖਣ ਨੂੰ ਮਿਲਿਆ।

ਸੂਬੇ ਦੀ ਰਾਜਧਾਨੀ ਚੰਡੀਗੜ੍ਹ ਤੇ ਮੁਹਾਲੀ ਦੀ ਹੱਦ ‘ਤੇ ਲਗੇ ਕੌਮੀ ਇਨਸਾਫ਼ ਮੋਰਚੇ ਵਿੱਚ ਵੀ ਹੋਲੇ-ਮਹੱਲੇ ਦੀਆਂ ਰੌਣਕਾਂ ਦੇਖਣ ਨੂੰ ਮਿਲੀਆਂ। ਵਾਈਪਐਸ ਚੌਂਕ ਲਾਗੇ ਦੁਸ਼ਹਿਰਾ ਮੈਦਾਨ ਵਿੱਚ ਹੋਏ ਸਮਾਗਮ ਵਿੱਚ ਗੁਰੂ ਦੀਆਂ ਲਾਡਲੀਆਂ ਫੌਜਾਂ ਵੱਲੋਂ ਜੰਗੀ ਕਰਤਬ ਦਿਖਾਏ ਗਏ ਤੇ ਗਤਕੇ ਦਾ ਵੀ ਆਯੋਜਨ ਹੋਇਆ । ਜਿਸ ਤੋਂ ਪਹਿਲਾਂ ਪੂਰੇ ਜਾਹੋ ਜਲਾਲ ਨਾਲ ਮੁਹੱਲਾ ਕੱਢਿਆ ਗਿਆ।  ਕੱਲ ਸ਼ੁਰੂ ਹੋਏ ਸਮਾਗਮਾਂ ਦੀ ਅੱਜ ਇਥੇ ਸਮਾਪਤੀ ਹੋਈ ਹੈ।

ਕੱਲ ਹੋਏ ਗਤਕਾ ਕੱਪ ਤੋਂ ਬਾਅਦ ਅੱਜ ਵੀ ਮੈਦਾਨ ਵਿੱਚ ਜੁੜੀ ਸੰਗਤ ਨੂੰ ਜਿਥੇ ਨਿਹੰਗ ਸਿੰਘਾਂ ਵੱਲੋਂ ਆਪਣੇ ਘੋੜਿਆਂ ‘ਤੇ ਜਿਥੇ ਕਿੱਲਾ ਪੁਟਣ ਦੇ ਕਰਤੱਬ ਦਿਖਾਏ,ਉਥੇ ਗੱਤਕੇ ਦੇ ਜੌਹਰ ਵੀ ਸੰਗਤ ਨੂੰ ਦੇਖਣ ਨੂੰ ਮਿਲੇ।ਜਿਹਨਾਂ ਦੀ ਸਮਾਪਤੀ ਤੋਂ ਬਾਅਦ ਮੈਦਾਨ ਵਿੱਚ ਲਗੀ ਸਟੇਜ ਤੇ ਪੰਜਾਬ ਦੇ ਕਈ ਪ੍ਰਸਿਧ ਗਾਇਕਾਂ ਨੇ ਆਪਣੀ ਹਾਜ਼ਰੀ ਭਰੀ।ਇਸ ਦੌਰਾਨ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਵੀ ਉੱਚ ਪ੍ਰਬੰਧ ਦੇਖਣ ਨੂੰ ਮਿਲੇ ਤਾਂ ਜੋ ਕਿਸੇ ਵੀ ਤਰਾਂ ਦੀ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ।

ਇਸ ਤੋਂ ਪਹਿਲਾਂ ਅੱਜ ਸਵੇਰੇ ਅਖੰਡ ਪਾਠ ਸਾਹਿਬ ਦੇ ਭੋਗ ਵੀ ਪਾਏ ਗਏ।ਇਹਨਾਂ ਸਮਾਗਮਾਂ ਦੀ ਸ਼ੁਰੂਆਤ ਕੱਲ ਹੀ ਹੋ ਗਈ ਸੀ,ਜਦੋਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਗੱਤਕਾ ਕੱਪ ਵੀ ਇਸੇ ਮੈਦਾਨ ਵਿੱਚ ਕਰਵਾਇਆ ਗਿਆ ਸੀ।