ਸ਼੍ਰੀ ਅੰਨਦਪੁਰ ਸਾਹਿਬ : ਖਾਲਸੇ ਦੀ ਜਨਮ ਭੂਮੀ ਸ਼੍ਰੀ ਅੰਨਦਪੁਰ ਸਾਹਿਬ ਦੀ ਧਰਤੀ ਤੇ ਸਿੱਖੀ ਜਾਹੋ-ਜਲਾਲ ਦੇ ਪ੍ਰਤੀਕ ਵਿਸ਼ਵ ਪ੍ਰਸਿੱਧ ਤਿਉਹਾਰ ਹੋਲਾ ਮੁਹੱਲਾ ਮੇਲਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਸ਼੍ਰੀ ਕੀਰਤਪੁਰ ਸਾਹਿਬ ਵਿੱਖੇ ਪਹਿਲੇ ਪੜਾਅ ਦੀ ਸਮਾਪਤੀ ਮਗਰੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਕੱਲ ਸ਼ੁਰੂ ਹੋਏ ਦੂਜੇ ਪੜਾਅ ਦੌਰਾਨ ਸੰਗਤਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।
ਹੋਲਾ ਮੁਹੱਲੇ ਦਾ ਤਿਓਹਾਰ ਦੁਨੀਆ ਭਰ ਦੇ ਸਿੱਖਾਂ ਦੁਆਰਾ ਚੇਤ ਦੇ ਮਹੀਨੇ ਸਿੱਖੀ ਜਾਹੋ ਜਲਾਲ ਨਾਲ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਬੜੇ ਹੀ ਜੋਸ਼ ਨਾਲ ਮਨਾਇਆ ਜਾਂਦਾ ਹੈ। ਹੋਲੀ ਤੋਂ ਹੋਲਾ ਮੁਹੱਲਾ ਮਨਾਉਣਾ ਦੀ ਪਿਰਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ 1700 ਈਸਵੀ ਵਿਚ ਕੀਤੀ ਸੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੋਲੀ ਤੋਂ ਹੌਲ਼ਾ ਮੁਹੱਲਾ ਮਨਾਉਣ ਦੀ ਪਿਰਤ, ਸਮੇਂ ਦੀ ਲੋੜ ਅਨੁਸਾਰ ਇਨਸਾਨਾਂ ਦੀ ਮਾਨਸਿਕ ਤਾਕਤ ਨੂੰ ਬਲਵਾਨ ਕਰਨ ਦੇ ਮਨੋਰਥ ਨਾਲ ਸ਼ੁਰੂਆਤ ਕੀਤੀ ਸੀ। ਸਮਾਂ ਜੰਗਾਂ ਅਤੇ ਯੁੱਧ ਦਾ ਹੋਣ ਕਰਕੇ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਮ ਲੋਕਾਂ ਵਿਚ ਨਰੋਏ ਮਨ ਅਤੇ ਬਲਵਾਨ ਸਰੀਰ ਦੀ ਲਾਲਸਾ ਪੈਦਾ ਕਰਨ ਲਈ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਇਸ ਜਾਹੋ ਜਲਾਲ ਵਾਲੇ ਤਿਓਹਾਰ ਵਾਲੇ ਦਿਨ ਖਾਲਸਾਈ ਖੇਡਾਂ ਦੀ ਸ਼ੁਰੂਆਤ ਕੀਤੀ।
ਹੋਲੀ ਅਤੇ ਹੋਲੇ ਮੁਹੱਲੇ ਵਿਚ ਕਾਫੀ ਫਰਕ ਹੈ । ਹੋਲੀ ਜਿਥੇ ਰੰਗ ਦਾ ਤਿਓਹਾਰ ਹੈ ਉਥੇ ਹੀ ਹੌਲਾ ਮੁਹੱਲਾ ਖਾਸਲਾਸਾਈ ਜਾਹੋਜਲਾਲ ਅਤੇ ਸ਼ਸ਼ਤਰ ਵਿਦਿਆ ਦੇ ਜੌਹਰ ਦਿਖਾ ਕੇ ਮਨਾਇਆ ਜਾਂਦਾ ਹੈ ਪਰ ਅੱਜ ਕੱਲ ਦੇ ਸਮੇਂ ਨੂੰ ਦੇਖਦੇ ਹੋਏ ਭਾਈ ਕਾਹਨ ਸਿੰਘ ਜੀ ਇਹ ਵੀ ਲਿਖਦੇ ਹਨ ਕਿ ਬੜੀ ਦੁੱਖ ਦੀ ਗੱਲ ਹੈ ਅੱਜ ਦੀ ਪੀੜੀ ਨੇ ਸ਼ਸ਼ਤਰ ਵਿਦਿਆ ਨੂੰ ਕੌਮੀ ਵਿਦਿਆ ਨਹੀਂ ਮੰਨਿਆ ਅਤੇ ਸਿਰਫ ਫੌਜੀਆਂ ਦਾ ਹੀ ਕਰਤਵ ਮੰਨ ਲਿਆ ਹੈ। ਜਦੋ ਕਿ ਦੇਸ਼ਮੇਸ਼ ਪਿਤਾ ਜੀ ਹਰ ਇਕ ਸਿੱਖ ਨੂੰ ਸੰਤ ਦੇ ਨਾਲ ਸਿਪਾਹੀ ਹੋਣ ਦਾ ਵੀ ਉਦੇਸ਼ ਦੇ ਕੇ ਗਏ ਹਨ ਅਤੇ ਇਕ ਸਿੱਖ ਬਿਨਾ ਸ਼ਸ਼ਤਰ ਵਿਦਿਆ ਅਧੂਰਾ ਹੈ।
ਗੁਰੂ ਸਾਹਿਬ ਨੇ 1699 ਈ: ਦੀ ਵੈਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਣਾ ਕਰਕੇ ਸਿੱਖ ਪੰਥ ਵਿਚ ਇਕ ਮਹਾਨ ਤੇ ਕ੍ਰਾਂਤੀਕਾਰੀ ਤਬਦੀਲੀ ਲਿਆਂਦੀ ਅਤੇ ਸਿੱਖਾਂ ਨੂੰ ਇਕ ਵੱਖਰੀ ਪਹਿਚਾਣ ਪ੍ਰਦਾਨ ਕੀਤੀ। ਗੁਰੂ ਜੀ ਨੇ ਇਸ ਕਾਇਮ ਕੀਤੀ ਜਥੇਬੰਦੀ ਵਿਚ ਦਲੇਰੀ ਅਤੇ ਜੁਰਅਤ ਭਰਨ ਲਈ ਉਹਨਾਂ ਵਲੋਂ ਮਨਾਏ ਜਾ ਰਹੇ ਤਿਉਹਾਰਾਂ ਨੂੰ ਮਨਾਉਣ ਦੇ ਰੰਗ-ਢੰਗ ਹੀ ਬਦਲ ਕੇ ਰੱਖ ਦਿਤੇ। ਹੋਲੀ ਮਨਾਉਣ ਸਮੇਂ ਜਿਥੇ ਲੋਕ ਇਕ ਦੂਜੇ ‘ਤੇ ਰੰਗ ਸੁੱਟ ਕੇ ਅਤੇ ਨਸ਼ੇ ਪੀ ਕੇ ਮਨੁੱਖੀ-ਸ਼ਕਤੀ ਨੂੰ ਨਸ਼ਟ ਕਰ ਰਹੇ ਸਨ, ਉਥੇ ਸਤਿਗੁਰਾਂ ਨੇ ਇਸ ਬੁਰਿਆਈ ਨੂੰ ਖਤਮ ਕਰਨ ਲਈ ‘ਹੋਲੀ’ ਨੂੰ ‘ਹੋਲੇ ਮਹੱਲੇ’ ਦਾ ਰੂਪ ਦੇ ਦਿੱਤਾ।
ਹਰ ਸਾਲ ਲੱਖਾਂ ਦੀ ਗਿਣਤੀ ਵਿਚ ਸਿੱਖ ਸੰਗਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਾਵਨ ਛੋਹ ਧਰਤੀ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਪਾਉਂਟਾ ਸਾਹਿਬ ਤੇ ਸ੍ਰੀ ਹਜ਼ੂਰ ਸਾਹਿਬ ਨੰਦੇੜ ਵਿਖੇ ਪੁੱਜ ਕੇ ਬੜੇ ਉਤਸ਼ਾਹ ਤੇ ਜੋਸ਼ ਨਾਲ ਇਹ ਪਵਿੱਤਰ ਤਿਉਹਾਰ ਮਨਾਉਂਦੀਆਂ ਹਨ। ਭਾਰੀ ਦੀਵਾਨ ਸਜਦੇ ਹਨ, ਨਿਹੰਗ ਸਿੰਘਾਂ ਦੇ ਜਥੇ ਤੇ ਖਾਲਸਾ ਪੰਥ ਦੀ ਫ਼ੌਜ ਦੇ ਹੋਰ ਦਸਤੇ ਰਲ-ਮਿਲ ਕੇ ਨਗਰ ਕੀਰਤਨ ਸਜਾਉਂਦੇ ਹਨ। ਘੋੜ ਸਵਾਰੀ ਤੇ ਗਤਕੇਬਾਜ਼ੀ ਦੇ ਜੰਗਜੂ ਕਰਤੱਵ ਦੇਖਣਯੋਗ ਹੁੰਦੇ ਹਨ। ਇਸ ਦੀ ਅਲੌਕਿਕ ਮਹਿਮਾ ਦਾ ਵਰਣਨ ‘ਕਹਿਬੇ ਕਉ ਸੋਭਾ ਨਹੀ’, ਦੇਖਾ ਹੀ ਪ੍ਰਵਾਨ’ ਅਨੁਸਾਰ ਕੇਵਲ ਕਥਨ ਕਰਨ ਨਾਲ ਹੀ ਨਹੀਂ ਸਗੋਂ ਅੱਖੀਂ ਦੇਖਣ ਨਾਲ ਪਤਾ ਲਗਦਾ ਹੈ। ਖਾਲਸਾ ਪੰਥ ਹੋਲੀ ਨਹੀਂ, ਹੋਲਾ ਖੇਡਦਾ ਹੈ ਅਤੇ ਮਹੱਲਾ ਕਢਦਾ ਹੈ। ਕਵੀ ਸੁਮੇਰ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਦੇਸ਼ਾਂ ਨੂੰ ਇਸ ਤਰ੍ਹਾਂ ਲਿਖਦੇ ਹਨ:
ਔਰਨ ਕੀ ਹੋਲੀ ਮਮ ਹੋਲਾ।
ਕਹਯੋ ਕ੍ਰਿਪਾਨਿਧ ਬਚਨ ਅਮੋਲਾ।
ਅਜੋਕੇ ਸਮੇਂ ਵਿਚ ਨਵੀਂ ਪੀੜ੍ਹੀ ਸ਼ਾਨਾਂ-ਮੱਤੇ ਸਿੱਖ ਇਤਿਹਾਸ, ਗੌਰਵਮਈ ਵਿਰਸੇ, ਜੰਗਾਂ-ਯੁੱਧਾਂ ਵਿਚ ਸ਼ਕਤੀ ਦੇ ਪ੍ਰਦਰਸ਼ਨ ਤੇ ਬੀਰ-ਰਸੀ ਰਵਾਇਤਾਂ ਨੂੰ ਭੁਲਦੀ ਜਾ ਰਹੀ ਹੈ ਅਤੇ ਸ਼ਸਤਰਾਂ ਪ੍ਰਤੀ ਪਿਆਰ ਵੀ ਘਟਦਾ ਜਾ ਰਿਹਾ ਹੈ। ਆਪਣੇ ਵਿਰਸੇ ਪ੍ਰਤੀ ਜਾਗਰੂਕ ਕਰਨ ਲਈ ਖਾਲਸਾ ਪੰਥ ਦੀ ਨਿਆਰੀ ਹੋਂਦ ਨੂੰ ਦਰਸਾਉਂਦਾ ਇਹ ਕੌਮੀ ਤਿਉਹਾਰ ਪ੍ਰੇਰਨਾ ਸਰੋਤ ਹੈ। ਆਓ! ਇਸ ਪਵਿੱਤਰ ਤਿਉਹਾਰ ਨੂੰ ਮਨਾਉਂਦੇ ਹੋਏ ਆਪਣੇ ਗੌਰਵਮਈ ਵਿਰਸੇ ਅਤੇ ਜੁਝਾਰੂ ਬਿਰਤੀ ਦੀ ਸ਼ਕਤੀ ਨਾਲ ਨਸ਼ਿਆਂ ਤੇ ਪਤਿੱਤਪੁਣੇ ਵਿਰੁੱਧ ਜੂਝੀਏ।