‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਖ਼ਾਲਸੇ ਦੇ ਜਨਮ ਅਸਥਾਨ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਅੱਜ ਸਮੁੱਚੀ ਸਿੱਖ ਕੌਮ ਵੱਲੋਂ ਖ਼ਾਲਸੇ ਦਾ ਕੌਮੀ ਤਿਉਹਾਰ ਹੋਲਾ-ਮਹੱਲਾ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਣ ਲਈ ਪਹੁੰਚੀਆਂ, ਹਾਲਾਂਕਿ, ਕਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਸੰਗਤਾਂ ਦੀ ਗਿਣਤੀ ਪਹਿਲਾਂ ਜਿੰਨੀ ਨਹੀਂ ਸੀ। ਇੱਕ ਹੋਰ ਕਾਰਨ ਕਰਕੇ ਵੀ ਸੰਗਤ ਦੀ ਗਿਣਤੀ ਇਸ ਵਾਰ ਘੱਟ ਰਹੀ ਕਿਉਂਕਿ ਸਾਡੇ ਸਾਰੇ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਆਪਣੇ ਹੱਕਾਂ ਦੀ ਰਾਖੀ ਲਈ ਲਗਾਤਾਰ ਲੜਾਈ ਲੜ ਰਹੇ ਹਨ।
ਨਿਹੰਗ ਸਿੰਘਾਂ ਦੇ ਕਈ ਖ਼ਾਲਸਾਈ ਰੰਗ ਇਸ ਮੌਕੇ ਵੇਖਣ ਨੂੰ ਮਿਲੇ। ਗੁਰੂ ਸਾਹਿਬ ਜੀ ਦੀਆਂ ਲਾਡਲੀਆਂ ਨਿਹੰਗ ਫੌਜਾਂ ਰਵਾਇਤੀ ਸ਼ਸਤਰਾਂ ਨਾਲ ਸੱਜ ਕੇ ਹੋਲਾ-ਮਹੱਲਾ ਵਿੱਚ ਸ਼ਾਮਿਲ ਹੁੰਦੀਆਂ ਹਨ। ਨਿਹੰਗ ਸਿੰਘਾਂ ਵੱਲੋਂ ਗਤਕਾ, ਘੋੜ-ਸਵਾਰੀ, ਨੇਜ਼ੇਬਾਜ਼ੀ ਅਤੇ ਮਾਰਸ਼ਲ ਆਰਟ ਦੇ ਕਈ ਜੌਹਰ ਵਿਖਾਏ ਜਾਂਦੇ ਹਨ। ਇਸ ਮੌਕੇ ਸੰਗਤਾਂ ਵੱਲੋਂ ਕਰੋਨਾ ਨਿਯਮਾਂ ਦਾ ਖ਼ਾਸ ਖਿਆਲ ਰੱਖਿਆ ਗਿਆ।
ਦੇਸ਼ ਭਰ ‘ਚੋਂ ਲੋਕ ਆਪਣੇ-ਆਪਣੇ ਵਾਹਨਾਂ ‘ਤੇ ਹੋਲਾ-ਮਹੱਲਾ ਦੇ ਤਿਉਹਾਰ ਮੌਕੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚੇ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਵਾਰ-ਵਾਰ ਕਰੋਨਾ ਨਿਯਮਾਂ ਦੀ ਪਾਲਣਾ ਕਰਨ ਦੀ ਹਦਾਇਤ ਦਿੱਤੀ ਗਈ। ਵੱਡੀ ਗਿਣਤੀ ਵਿੱਚ ਪੁਲਿਸ ਦੇ ਜਵਾਨ ਵੀ ਸੁਰੱਖਿਆ ਦੇ ਮੱਦੇਨਜ਼ਰ ਤਾਇਨਾਤ ਕੀਤੇ ਗਏ ਸਨ।