ਬਿਊਰੋ ਰਿਪੋਰਟ : ਮਾਨ ਸਰਕਾਰ ਬਿਹਤਰ ਸਿਹਤ ਸਹੂਲਤਾਂ ਅਤੇ ਨੌਜਵਾਨਾਂ ਨੂੰ ਖੇਡਾਂ ਲਈ ਉਤਸ਼ਾਹਿਤ ਕਰਨ ਦਾ ਦਮ ਭਰਦੀ ਹੈ ਪਰ ਤਾਜ਼ਾ ਘਟਨਾ ਨੇ ਪੂਰੇ ਸਿਸਟਮ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਟੋਕਿਆ ਓਲੰਪਿਕ ਵਿੱਚ ਮਹਿਲਾ ਹਾਕੀ ਵਿੱਚ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੀ ਖਿਡਾਰਨ ਗੁਰਜੀਤ ਕੌਰ (GURJEET KAUR) ਦੀ ਮਾਂ ਨੂੰ ਇਲਾਜ ਦੇ ਲਈ ਇੱਕ ਬੈੱਡ (BED) ਤੱਕ ਨਸੀਬ ਨਹੀਂ ਹੋਇਆ । 4 ਦਿਨ ਤੱਕ ਬੈੱਡ ਲਈ ਤਰਸਦੀ ਰਹੀ ਮਾਂ ਦਾ ਹੁਣ PGI ਚੰਡੀਗੜ੍ਹ ਵਿੱਚ ਦੇਹਾਂਤ ਹੋ ਗਿਆ ਹੈ। ਇਨਫੈਕਸ਼ਨ ਦੀ ਵਜ੍ਹਾ ਕਰਕੇ ਗੁਰਜੀਤ ਕੌਰ ਦੀ ਮਾਂ ਇਸ ਦੁਨੀਆ ਵਿੱਚ ਨਹੀਂ ਰਹੀ। ਸਿਰਫ ਇੰਨਾਂ ਹੀ ਨਹੀਂ ਇਲਜ਼ਾਮ ਹੈ ਕਿ ਕਿਸੇ ਵੀ ਮੰਤਰੀ ਅਤੇ ਸੰਤਰੀ ਨੇ ਗੁਰਜੀਤ ਕੌਰ ਦੇ ਪਰਿਵਾਰ ਦੀ ਮਦਦ ਲਈ ਫੋਨ ਨਹੀਂ ਚੁੱਕਿਆ ।
ਬਠਿੰਡਾ AIIMS ਨੇ ਰੈਫਰ ਕੀਤਾ ਸੀ
ਗੁਰਜੀਤ ਕੌਰ ਦੀ ਮਾਂ ਕਿਡਨੀ ਦੀ ਬਿਮਾਰੀ ਤੋਂ ਪੀੜਤ ਸੀ । ਉਨ੍ਹਾਂ ਦਾ ਇਲਾਜ ਬਠਿੰਡਾ AIIMS ਵਿੱਚ ਪਹਿਲਾਂ ਚੱਲ ਰਿਹਾ ਸੀ ਪਰ ਡਾਕਟਰਾਂ ਦੀ ਸਲਾਹ ‘ਤੇ ਉਨ੍ਹਾਂ ਨੂੰ PGI ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਪਰਿਵਾਰ 22 ਅਕਤੂਬਰ ਨੂੰ ਉਨ੍ਹਾਂ ਨੂੰ ਚੰਡੀਗੜ੍ਹ ਲੈਕੇ ਆਇਆ ਸੀ । ਪਰ ਚਾਰ ਦਿਨ ਤੱਕ ਬੈੱਡ ਨਹੀਂ ਮਿਲਿਆ । ਡਾਕਟਰਾਂ ਨੇ ਗੁਰਜੀਤ ਦੀ ਮਾਂ ਦਾ ਡਾਇਲਸਿਸ ਕਰਕੇ ਉਨ੍ਹਾਂ ਨੂੰ ਸਟਰੈਚਰ ‘ਤੇ ਹੀ ਰੱਖ ਦਿੱਤਾ । ਇਨਫੈਕਸ਼ਨ ਦੀ ਵਜ੍ਹਾ ਕਰਕੇ ਉਨ੍ਹਾਂ ਦੀ ਮੌਤ ਹੋ ਗਈ ਹੈ। ਜਦਕਿ ਕਿਡਨੀ ਪੀੜਤ ਨੂੰ ਭੀੜ ਤੋਂ ਵਖਰਾ ਰੱਖਿਆ ਜਾਂਦਾ ਹੈ। ਗੁਰਜੀਤ ਦੇ ਪਰਿਵਾਰ ਦਾ ਕਹਿਣਾ ਹੈ ਕਿ ਮਾਂ ਨੂੰ ਬੈੱਡ ਦਿਵਾਉਣ ਦੇ ਲਈ ਉਨ੍ਹਾਂ ਨੇ ਕਈ ਮੰਤਰੀਆਂ ਨੂੰ ਫੋਨ ਕੀਤਾ ਪਰ ਕਿਸੇ ਨਹੀਂ ਚੁੱਕਿਆ । ਸਾਫ਼ ਹੈ ਕਿ ਜੇਕਰ ਪੰਜਾਬ ਦੀ ਮੰਨੀ-ਪਰਮੰਨੀ ਖਿਡਾਰਨ ਨੂੰ ਆਪਣੀ ਮਾਂ ਦੇ ਇਲਾਜ ਲਈ ਇੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਤਾਂ ਆਮ ਇਨਸਾਨ ਦਾ ਕੀ ਹਾਲ ਹੋਵੇਗਾ ਇਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਗੁਰਜੀਤ ਕੌਰ ਬੰਗਲੁਰੂ ਕੈਂਪ ਵਿੱਚ ਸੀ
ਗੁਰਜੀਤ ਕੌਰ ਬੰਗਲੁਰੂ ਵਿੱਚ ਹਾਕੀ ਕੈਂਪ ਵਿੱਚ ਸੀ ਜਿਸ ਵੇਲੇ ਉਨ੍ਹਾਂ ਨੂੰ ਮਾਂ ਦੀ ਮੌਤ ਦੀ ਖ਼ਬਰ ਮਿਲੀ ਅਤੇ ਹੁਣ ਉਹ ਵਾਪਸ ਘਰ ਪਰਤ ਰਹੀ ਹੈ । ਅਜਨਾਲੇ ਦੇ ਨੇੜਲੇ ਪਿੰਡ ਮਿਆਦੀ ਕਲਾਂ ਦੀ ਰਹਿਣ ਵਾਲੀ ਗੁਰਜੀਤ ਕੌਰ ਦਾ ਜੀਵਨ ਸੰਘਰਸ਼ ਨਾਲ ਭਰਿਆ ਹੋਇਆ ਹੈ। ਹਾਕੀ ਦੇ ਲਈ ਉਨ੍ਹਾਂ ਨੇ 11 ਸਾਲ ਦੀ ਉਮਰ ਵਿੱਚ ਘਰ ਛੱਡ ਦਿੱਤਾ ਸੀ। ਤਰਨਤਾਰਨ ਦੇ ਪਿੰਡ ਕੈਰੋਂ ਦੀ ਸਰਕਾਰੀ ਸਪੋਰਟਸ ਅਕੈਡਮੀ ਵਿੱਚ ਗੁਰਜੀਤ ਕੌਰ ਨੇ ਦਾਖਲਾ ਲੈ ਲਿਆ ਸੀ। ਗੁਰਜੀਤ ਦੀ ਵੱਡੀ ਭੈਣ ਪ੍ਰਦੀਪ ਕੌਰ ਵੀ ਹਾਕੀ ਦੀ ਖਿਡਾਰਨ ਅਤੇ ਕੋਚ ਹੈ ਜਦਕਿ ਭਰਾ ਕਬੱਡੀ ਖਿਡਾਰੀ ਹੈ। ਗੁਰਜੀਤ ਕੌਰ 2012 ਵਿੱਚ 17 ਸਾਲ ਦੀ ਉਮਰ ਵਿੱਚ ਭਾਰਤੀ ਮਹਿਲਾ ਜੂਨੀਅਰ ਹਾਕੀ ਲਈ ਚੁਣੀ ਗਈ ਸੀ । 2014 ਵਿੱਚ ਉਸ ਦੀ ਸੀਨੀਅਰ ਮਹਿਲਾ ਹਾਕੀ ਟੀਮ ਵਿੱਚ ਚੋਣ ਹੋਈ । 2017 ਤੋਂ ਗੁਰਜੀਤ ਇਕੱਲੀ ਅਜਿਹੀ ਖਿਡਾਰੀ ਹੈ ਜੋ ਭਾਰਤੀ ਹਾਕੀ ਟੀਮ ਨਾਲ ਜੁੜੀ ਹੋਈ ਹੈ । ਇਸ ਦੌਰਾਨ ਕਈ ਹਾਕੀ ਖਿਡਾਰਨਾ ਆਇਆ ਪਰ ਉਹ ਹੁਣ ਵੀ ਆਪਣੀ ਥਾਂ ‘ਤੇ ਬਣੀ ਹੋਈ ਹੈ। 2021 ਦੀਆਂ ਓਲੰਪਿਕ ਖੇਡਾਂ ਵਿੱਚ ਭਾਰਤ ਵੱਲੋਂ ਉਨ੍ਹਾਂ ਨੇ ਸਭ ਤੋਂ ਵਧ ਗੋਲ ਕੀਤੇ ਸਨ ।