India Lok Sabha Election 2024

ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਮਿਲਿਆ ਸਪੈਸ਼ਲ ਟ੍ਰੀਟਮੈਂਟ’! ‘ਜ਼ਮਾਨਤ ਦੀ ਸ਼ਰਤ ਨੂੰ ਤੋੜ ਰਹੇ ਹਨ ‘ਆਪ’ ਸੁਪਰੀਮੋ’!

ਬਿਉਰੋ ਰਿਪੋਰਟ – ਕਥਿਤ ਸ਼ਰਾਬ ਘੁਟਾਲੇ ਵਿੱਚ ਕੇਜਰੀਵਾਲ ਨੂੰ ਸੁਪਰੀਮ ਕੋਰਟ ਵੱਲੋਂ ਮਿਲੀ ਅੰਤਰਿਮ ਜ਼ਮਾਨਤ ਨੂੰ ਲੈਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਇਹ ਕੋਈ ਰੂਟੀਨ ਜਜਮੈਂਟ ਨਹੀਂ ਹੈ, ਵੱਡੀ ਗਿਣਤੀ ਵਿੱਚ ਲੋਕ ਇਸ ਨੂੰ ਸਪੈਸ਼ਲ ਟ੍ਰੀਟਮੈਂਟ ਮੰਨ ਰਹੇ ਹਨ। ਅਮਿਤ ਸ਼ਾਹ ਦਾ ਇਹ ਬਿਆਨ ਸਿੱਧਾ-ਸਿੱਧਾ ਸੁਪਰੀਮ ਕੋਰਟ ਦੇ ਫੈਸਲੇ ‘ਤੇ ਸਵਾਲ ਹੈ, ਹਾਲਾਂਕਿ ਉਨ੍ਹਾਂ ਨੇ ਸਾਰੀ ਗੱਲ ਲੋਕਾਂ ਦੇ ਸਿਰ ‘ਤੇ ਪਾ ਦਿੱਤੀ। ਸੁਪਰੀਮ ਕੋਰਟ ਦੀ ਜਸਟਿਸ ਸੰਜੀਵ ਖੰਨਾ ਦੀ ਬੈਂਚ ਨੇ ਵੀ ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਦਿੱਤੀ ਸੀ। ਇਸੇ ਸਾਲ ਨਵੰਬਰ ਵਿੱਚ ਚੀਫ਼ ਜਸਟਿਸ ਡੀ ਵਾਈ ਚੰਦਰਚੂੜ ਰਿਟਾਇਡ ਹੋ ਰਹੇ ਹਨ। ਉਨ੍ਹਾਂ ਤੋਂ ਬਾਅਦ ਜਸਟਿਸ ਸੰਜੀਵ ਖੰਨਾ ਹੀ ਚੀਫ ਜਸਟਿਸ ਦੀ ਕੁਰਸੀ ਸੰਭਾਲਣਗੇ, ਜੇਕਰ ਕੇਂਦਰ ਸਰਕਾਰ ਨੇ ਜੱਜਾਂ ਦੀ ਨਿਯੁਕਤੀ ਨੂੰ ਲੈਕੇ ਕੋਈ ਨਵਾਂ ਕਾਨੂੰਨ ਨਹੀਂ ਬਣਾਇਆ। ਖ਼ਬਰ ਏਜੰਸੀ ANI ਨੂੰ ਦਿੱਤੇ ਗਏ ਇੰਟਰਵਿਊ ਦੌਰਾਨ ਅਮਿਤ ਸ਼ਾਹ ਨੇ ਕੇਜਰੀਵਾਲ ‘ਤੇ ਜ਼ਮਾਨਤ ਦੀ ਸ਼ਰਤ ਤੋੜਨ ਦਾ ਵੀ ਇਲਜ਼ਾਮ ਲਗਾਇਆ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕੇਜਰੀਵਾਲ ਕਹਿੰਦੇ ਹਨ ਕਿ ਜੇਕਰ ਝਾੜੂ ਨੂੰ ਵੋਟ ਦਿੱਤਾ ਤਾਂ ਉਹ ਜੇਲ੍ਹ ਨਹੀਂ ਜਾਣਗੇ। ਇਹ ਸੁਪਰੀਮ ਕੋਰਟ ਦੇ ਹੁਕਮਾਂ ਦੇ ਉਲਟ ਹੈ, ਯਾਨੀ ਜੇਕਰ ਕੋਈ ਜੇਤੂ ਹੋਵੇਗਾ ਤਾਂ ਸੁਪਰੀਮ ਕੋਰਟ ਦੋਸ਼ੀ ਹੋਣ ‘ਤੇ ਵੀ ਉਨ੍ਹਾਂ ਨੂੰ ਜੇਲ੍ਹ ਨਹੀਂ ਭੇਜੇਗਾ। ਅਮਿਤ ਸ਼ਾਹ ਨੇ ਕਿਹਾ ਜਿੰਨਾਂ ਜੱਜ ਸਾਹਿਬਾਨਾ ਨੇ ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਦਿੱਤੀ ਹੈ, ਉਨ੍ਹਾਂ ਨੂੰ ਵੇਖਣਾ ਹੈ ਕਿ ਉਨ੍ਹਾਂ ਦੇ ਫੈਸਲੇ ਦੀ ਸਹੀ ਵਰਤੋਂ ਹੋਈ ਹੈ ਜਾਂ ਨਹੀਂ। ਕੇਜਰੀਵਾਲ ਨੂੰ 1 ਜੂਨ ਤੱਕ ਸੁਪਰੀਮ ਕੋਰਟ ਨੇ ਚੋਣ ਪ੍ਰਚਾਰ ਦੇ ਲਈ ਅੰਤਰਿਮ ਜ਼ਮਾਨਤ ਦਿੱਤੀ ਹੈ ਅਤੇ 2 ਜੂਨ ਨੂੰ ਕੇਜਰੀਵਾਲ ਨੂੰ ਸਰੰਡਰ ਕਰਨਾ ਹੋਵੇਗਾ ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲੋ ਜਦੋਂ ‘ਆਪ’ ਐੱਮਪੀ ਸਵਾਤੀ ਮਾਲੀਵਾਲ ਦੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰਦੇ ਹੋਏ ਕਿਹਾ ਜਦੋਂ ਪੁਲਿਸ ਨੂੰ ਕੋਈ ਸ਼ਿਕਾਇਤ ਮਿਲੇਗੀ ਤਾਂ ਕਾਰਵਾਈ ਹੋਵੇਗੀ।

ਇਹ ਵੀ ਪੜ੍ਹੋ  – ਸੇਵਾਮੁਕਤ ਕਰਮਚਾਰੀ ਬਣਦੀ ਰਕਮ ‘ਤੇ ਵਿਆਜ ਦਾ ਹੱਕਦਾਰ – ਹਾਈ ਕੋਰਟ