‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਾਰਾਗੜ੍ਹੀ ਦੀ ਲੜਾਈ ਦਾ ਨਾਮ ਸੁਣਦੇ ਹੀ ਸਾਨੂੰ ਉਹ 21 ਬਹਾਦਰ ਯੋਧੇ ਯਾਦ ਆ ਜਾਂਦੇ ਹਨ, ਜਿਨ੍ਹਾਂ ਨੇ ਕਰੀਬ 10 ਹਜ਼ਾਰ ਤੋਂ ਵੱਧ ਅਫ਼ਗਾਨ ਕਬਾਇਲੀਆਂ ਦੇ ਨਾਲ ਬਹਾਦਰੀ ਨਾਲ ਟਾਕਰਾ ਕੀਤਾ। ਸਾਰਾਗੜ੍ਹੀ ਦੀ ਲੜਾਈ ਨੂੰ ਅੱਜ 124 ਸਾਲ ਪੂਰੇ ਹੋ ਗਏ ਹਨ। ਸਿੱਖ ਸਿਪਾਹੀਆਂ ਦੀ ਇੱਕ ਛੋਟੀ ਜਿਹੀ ਟੁਕੜੀ ਵੱਲੋਂ 12 ਸਤੰਬਰ 1897 ਨੂੰ ਉੱਤਰ ਪਛਮੀ ਸਰਹੱਦ ਉੱਤੇ ਸਥਿਤ ਸਾਰਾਗੜ੍ਹੀ ਦੇ ਅਸਥਾਨ ਉੱਤੇ 21 ਸਿੱਖ ਫ਼ੌਜੀਆਂ ਅਤੇ 10 ਹਜ਼ਾਰ ਤੋਂ ਵੱਧ ਗਿਣਤੀ ਵਿੱਚ ਅਫ਼ਗ਼ਾਨ ਕਬਾਇਲੀਆਂ ਵਿਚਕਾਰ ਲੜੀ ਗਈ। ਸਾਰਾਗੜ੍ਹੀ ਦੇ ਬਹਾਦਰ ਯੋਧੇ ਗਿਣਤੀ ਵਿੱਚ ਕੇਵਲ 21 ਹੀ ਸੀ, ਜੋ 36ਵੀਂ ਸਿੱਖ ਪਲਟਨ ਨਾਲ ਸਬੰਧਿਤ ਸਨ, ਜਿਸਦਾ ਨਾਂ ਉਦੋਂ ਤੋਂ ਬਦਲ ਕੇ ਭਾਰਤੀ ਫ਼ੌਜ ਦੀ ਸਿੱਖ ਰੈਜੀਮੈਂਟ ਦੀ ਚੌਥੀ ਬਟਾਲੀਅਨ ਰੱਖ ਦਿੱਤਾ ਗਿਆ। ਯੂ.ਐੱਨ.ਓ ਦੀ ਸੱਭਿਆਚਾਰ ਅਤੇ ਵਿੱਦਿਆ ਦੇ ਪ੍ਰਸਾਰ ਲਈ ਬਣੀ ਸੰਸਥਾ ‘ਯੂਨੈਸਕੋ’ ਵੱਲੋਂ ਸਾਰਾਗੜ੍ਹੀ ਦੀ ਇਤਿਹਾਸਕ ਲੜਾਈ ਨੂੰ ਸੰਸਾਰ ਭਰ ਦੀਆਂ ਅੱਠ ਵਿਲੱਖਣ ਲੜਾਈਆਂ ਵਿੱਚ ਸ਼ਾਮਲ ਕੀਤਾ ਅਤੇ ਇਸ ਘਟਨਾ ਨੂੰ ਸੰਸਾਰ ਦੀਆਂ ਪੰਜ ਅਤਿ ਮਹੱਤਵਪੂਰਨ ਘਟਨਾਵਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ।
1897 ਵਿੱਚ ਤੀਰਾਹ ਦੇ ਲੜਾਕੂ ਪਠਾਨ ਕਬੀਲਿਆਂ ਵੱਲੋਂ ਕੀਤੀ ਗਈ ਬਗਾਵਤ ਸਮੇਂ ਇਸ ਬਟਾਲੀਅਨ ਨੂੰ 8 ਕਿਲੋਮੀਟਰ ਲੰਮੀ ਸਮਾਨਾ ਟੇਕਰੀ ਦੀ ਰਾਖੀ ਲਈ ਤਾਇਨਾਤ ਕੀਤਾ ਗਿਆ ਸੀ, ਜਿਹੜੀ ਕੁਰਮ ਅਤੇ ਖਾਂਕੀ ਨੂੰ ਆਪਸ ਵਿੱਚ ਵੱਖ ਕਰਦੀ ਸੀ। ਹੈੱਡ ਕੁਆਰਟਰ ਅਤੇ ਚਾਰ ਕੰਪਨੀਆਂ ਟੇਕਰੀ ਦੇ ਪੂਰਬੀ ਪਾਸੇ ਅਤੇ ਅਖ਼ੀਰ ਵਿੱਚ ਲੌਕਹਾਰਟ ਕਿਲ੍ਹੇ ਵਿੱਚ ਸੀ ਅਤੇ ਬਾਕੀ ਚਾਰ ਕੰਪਨੀਆਂ ਕਵਗਨਰੀ ਕਿਲ੍ਹੇ ਵਿੱਚ ਸਨ, ਜੋ ਗੁਲਿਸਤਾਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸਦੇ ਪੱਛਮੀ ਪਾਸੇ ਅਖ਼ੀਰ ‘ਤੇ ਕਈ ਛੋਟੀਆਂ-ਛੋਟੀਆਂ ਪਰ ਮਹੱਤਵਪੂਰਨ ਚੌਂਕੀਆਂ ਬਣੀਆਂ ਹੋਈਆਂ ਸਨ।
31 ਦਸੰਬਰ 1896 ਨੂੰ ਅੰਗਰੇਜ਼ਾਂ ਨੇ 36 ਸਿੱਖ ਬਟਾਲੀਅਨ ਨੂੰ ਬੁਲਾ ਕੇ ਸਮਾਨਾ ਘਾਟੀ ਦੀ ਉੱਪਰਲੀ ਚੋਟੀ ਉੱਤੇ ਪੱਕਾ ਕਬਜ਼ਾ ਜਮਾ ਕੇ ਬੈਠਣ ਦਾ ਹੁਕਮ ਦਿੱਤਾ। 36 ਸਿੱਖ ਬਟਾਲੀਅਨ ਦੀ ਸਥਾਪਨਾ ਜਨਰਲ ਮਿ. ਕੁੱਕ ਨੇ 1887 ਈ: ਵਿੱਚ ਜਲੰਧਰ ਵਿਖੇ ਕੀਤੀ ਸੀ। ਫ਼ੌਜ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ, ਰਾਈਟ ਵਿੰਗ ਅਤੇ ਲੈਫ਼ਟ ਵਿੰਗ। ਰਾਈਟ ਵਿੰਗ ਦੀ ਕਮਾਂਡ ਲੈਫ਼ਟੀਨੈਂਟ ਕਰਨਲ ਮਿਸਟਰ ਹਾਡਸਨ ਨੂੰ ਸੌਂਪੀ ਗਈ। ਇਸ ਦਲ ਨੇ 2 ਜਨਵਰੀ 1897 ਨੂੰ ‘ਲੌਕਹਰਟ’ ਕਿਲ੍ਹੇ ਉੱਤੇ ਅਪਣਾ ਕਬਜ਼ਾ ਜਮਾ ਲਿਆ। ਲੌਕਹਰਟ ਤੋਂ ਛੇ ਕਿਲੋਮੀਟਰ ਦੀ ਦੂਰੀ ਉੱਤੇ ਇੱਕ ਹੋਰ ਕਿਲ੍ਹਾ ਸੀ, ‘ਗੁਲਿਸਤਾਨ’।
ਦੂਜੇ ਪਾਸੇ ਲੈਫ਼ਟ ਵਿੰਗ, ਜਿਸ ਦੀ ਕਮਾਂਡ ਕੈਪਟਨ ਡਬਲਿਊ. ਵੀ. ਗਾਰਡਨ ਦੇ ਅਧੀਨ ਸੀ, ਨੇ ‘ਪਰਚਿਨਾਰ’ ਉੱਤੇ ਆਪਣੀ ਫ਼ੌਜ ਲੈ ਕੇ ਬੈਠ ਗਏ। ਥਲ ਅਤੇ ਸਾਦਾ ਨਾਮਕ ਚੌਂਕੀਆਂ ਵੀ ਇਸੇ ਵਿੰਗ ਦੀ ਨਿਗਰਾਨੀ ਅਧੀਨ ਸੀ। ਦੋਵਾਂ ਕਿਲ੍ਹਿਆਂ ਵਿਚਕਾਰ ਸਾਰਾਗੜ੍ਹੀ ਨਾਂ ਦੀ ਇੱਕ ਛੋਟੀ ਸੈਨਿਕ ਚੌਂਕੀ ਸਥਾਪਤ ਕੀਤੀ ਗਈ ਸੀ। ਇਸ ਚੌਕੀਂ ਦੀ ਰਖਵਾਲੀ ਹੌਲਦਾਰ ਈਸ਼ਰ ਸਿੰਘ ਦੀ ਅਗਵਾਈ ਵਿੱਚ 21 ਸਿੱਖ ਫ਼ੌਜੀਆਂ ਦੁਆਰਾ ਕੀਤੀ ਜਾ ਰਹੀ ਸੀ। ਇਹ ਸਾਰੇ 36 ਸਿੱਖ ਬਟਾਲੀਅਨ ਦੇ ਸਿਪਾਹੀ ਸਨ। ਇਸ ਚੌਂਕੀ ਦੇ ਤਿੰਨ ਪਾਸੇ ਡੂੰਘੀਆਂ ਢਲਾਣਾਂ ਸਨ ਅਤੇ ਇੱਕ ਪਾਸੇ ਕੁਦਰਤੀ ਪਾਣੀ ਦਾ ਇੱਕ ਚਸ਼ਮਾ ਵੀ ਸੀ, ਜੋ ਕਿ ਗੜ੍ਹੀ ਦੀ ਸੁਰੱਖਿਆ ਕਰਦਾ ਸੀ।
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਅਪਣੇ ਸ਼ਾਸਨ ਕਾਲ ਵਿੱਚ ਪਿਸ਼ਾਵਰ ਅਤੇ ਕਾਬੁਲ ਦੇ ਇਲਾਕੇ ਵਿੱਚ ਕਈ ਕਿਲ੍ਹਿਆਂ ਦੀ ਉਸਾਰੀ ਕਰਵਾਈ ਸੀ। 1841-42 ਵਿੱਚ ਸਿੱਖ ਅਤੇ ਅੰਗਰੇਜ਼ ਫ਼ੌਜਾਂ ਨੇ ਅਫ਼ਗ਼ਾਨੀਆਂ ਨਾਲ ਅਨੇਕਾਂ ਯੁੱਧ ਲੜੇ ਸਨ। ਉਸ ਸਮੇਂ ਇਨ੍ਹਾਂ ਦੋ ਵੱਡੇ ਕਿਲ੍ਹਿਆਂ ਲੌਕਹਰਟ ਅਤੇ ਗੁਲਿਸਤਾਨ ਦੀ ਉਸਾਰੀ ਹੋਈ ਸੀ। ਸਾਰਾਗੜ੍ਹੀ ਦੀ ਚੌਂਕੀ, ਜੋ ਕਿ ਲੌਕਹਰਟ ਅਤੇ ਗੁਲਿਸਤਾਨ ਕਿਲ੍ਹਿਆਂ ਵਿਚਕਾਰ ਨੀਵੀਂ ਜਿਹੀ ਥਾਂ ਉੱਤੇ ਸਥਿਤ ਸੀ। ਇਥੋਂ ਸਿਪਾਹੀਆਂ ਵੱਲੋਂ ਝੰਡੇ, ਸੂਰਜ ਅਤੇ ਸ਼ੀਸ਼ੇ ਰਾਹੀਂ ਸਿਗਨਲ ਭੇਜ ਕੇ ਦੋਵਾਂ ਕਿਲ੍ਹਿਆਂ ਵਿਚਕਾਰ ਸਬੰਧ ਸਥਾਪਤ ਕੀਤਾ ਜਾਂਦਾ ਸੀ, ਜਿਸ ਨੂੰ ‘ਹੈਲਿਓਗ੍ਰਾਫ਼ੀ’ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਕਿਲ੍ਹਿਆਂ ਦੇ ਆਲੇ-ਦੁਆਲੇ ਦਾਰ, ਸੰਗਰ, ਕੁਰੈਗ ਅਤੇ ਸਰਟਰੋਪ ਨਾਮੀ ਹੋਰ ਵੀ ਚੌਕੀਆਂ ਸਨ ਪਰ ‘ਸਾਰਾਗੜ੍ਹੀ’ ਇਨ੍ਹਾਂ ਵਿੱਚੋਂ ਸਭ ਤੋਂ ਅਹਿਮ ਸੀ।
ਅੰਗਰੇਜ਼ੀ ਸਾਮਰਾਜ ਦੀਆਂ ਕਾਰਵਾਈਆਂ ਤੋਂ ਨਾਰਾਜ਼ ਪਠਾਣਾਂ ਅਤੇ ਕਬਾਇਲੀਆਂ ਨੇ ਅੰਗਰੇਜ਼ਾਂ ਵਿਰੁੱਧ ਬਗ਼ਾਵਤ ਦਾ ਝੰਡਾ ਬੁਲੰਦ ਕਰ ਦਿਤਾ। ਉਨ੍ਹਾਂ ਨੇ ਆਪਣੇ ਸਰਦਾਰ ਗੁਲ ਬਾਦਸ਼ਾਹ ਖ਼ਾਨ ਦੀ ਅਗਵਾਈ ਵਿੱਚ ਅੰਗਰੇਜ਼ਾਂ ਦੇ ਕਬਜ਼ੇ ਹੇਠਲੇ ਇਲਾਕਿਆਂ ਉੱਤੇ ਜ਼ੋਰਦਾਰ ਹਮਲੇ ਕੀਤੇ। 27 ਅਗਸਤ ਤੋਂ ਲੈ ਕੇ 8 ਸਤੰਬਰ 1897 ਤੱਕ ਕਬਾਇਲੀਆਂ ਨੇ ਲੈਫ਼ਟ ਵਿੰਗ ਵਾਲੇ ਪਾਸੇ ਅੰਗਰੇਜ਼ ਫ਼ੌਜ ਉੱਤੇ ਹਮਲੇ ਕੀਤੇ। ਇਨ੍ਹਾਂ ਹਮਲਿਆਂ ਵਿੱਚ ਪਠਾਣਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ। ਅੰਗਰੇਜ਼ੀ ਫ਼ੌਜ ਨੇ ਕਰਾਰਾ ਜਵਾਬ ਦਿੰਦਿਆਂ ਉਨ੍ਹਾਂ ਨੂੰ ਖ਼ਾਕੀ ਘਾਟੀ ਵੱਲ ਪਿੱਛੇ ਨੂੰ ਧੱਕ ਦਿੱਤਾ। ਇਹ 10 ਸਤੰਬਰ ਦੀ ਘਟਨਾ ਹੈ।
ਫਿਰ ਕਬਾਇਲੀ ਸਮਾਨਾ ਚੌਂਕੀ ਵੱਲ ਵਧੇ ਪਰ ਇੱਥੇ ਵੀ ਕਬਾਇਲੀਆਂ ਦੇ ਹਮਲੇ ਨੂੰ ਕਾਮਯਾਬੀ ਨਾ ਮਿਲੀ। ਇਸ ਤੋਂ ਬਾਅਦ ਕੁੱਝ ਸੋਚ ਵਿਚਾਰ ਕਰ ਕੇ ਕਬਾਇਲੀਆਂ ਅਤੇ ਅਫ਼ਰੀਦੀਆਂ ਨੇ ਸਾਰਾਗੜ੍ਹੀ ਚੌਂਕੀ ਉੱਤੇ ਹਮਲਾ ਕਰਨ ਦੀ ਯੋਜਨਾ ਬਣਾਈ। ਉਨ੍ਹਾਂ ਨੂੰ ਇਸ ਗੱਲ ਦਾ ਪਹਿਲਾਂ ਹੀ ਪਤਾ ਸੀ ਕਿ ਇਸ ਚੌਂਕੀ ਉੱਤੇ ਸਿਪਾਹੀਆਂ ਦੀ ਗਿਣਤੀ ਬਹੁਤ ਘੱਟ ਹੈ ਅਤੇ ਉਹ ਬੜੀ ਅਸਾਨੀ ਨਾਲ ਸਾਰਾਗੜ੍ਹੀ ਉੱਤੇ ਕਬਜ਼ਾ ਕਰ ਲੈਣਗੇ। ਹਮਲਾਵਰਾਂ ਨੇ ਚੌਂਕੀ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ, ਜਿਸ ਨਾਲ ਚੌਂਕੀ ਦਾ ਸੰਪਰਕ ਆਪਣੀ ਬਾਕੀ ਅੰਗਰੇਜ਼ ਫ਼ੌਜ ਨਾਲੋਂ ਬਿਲਕੁਲ ਟੁੱਟ ਗਿਆ। ਕਬਾਇਲੀਆਂ ਨੇ ਸਿੱਖ ਸਿਪਾਹੀਆਂ ਨੂੰ ਚਿਤਾਵਨੀ ਦਿਤੀ ਕਿ ਉਹ ਬਿਨਾਂ ਮੁਕਾਬਲਾ ਕਰਨ ਦੇ ਆਤਮ-ਸਮਰਪਣ ਕਰ ਕੇ ਅਪਣੀ ਜਾਨ ਬਚਾ ਸਕਦੇ ਹਨ। ਫਿਰ ਉਨ੍ਹਾਂ ਨੇ ਹੌਲਦਾਰ ਈਸ਼ਰ ਸਿੰਘ ਨੂੰ ਕਈ ਪ੍ਰਕਾਰ ਦੇ ਲਾਲਚ ਵੀ ਦਿਤੇ ਕਿ ਚੌਂਕੀ ਵਿੱਚ ਮੌਜੂਦ ਸਿਪਾਹੀਆਂ ਨੂੰ ਬਿਨਾਂ ਕੋਈ ਨੁਕਸਾਨ ਪਹੁੰਚਾਏ ਬਾਹਰ ਨਿਕਲਣ ਲਈ ਸੁਰੱਖਿਅਤ ਰਸਤਾ ਦਿਤਾ ਜਾਵੇਗਾ ਪਰ ਸਾਰਾਗੜ੍ਹੀ ਵਿੱਚ ਰਹਿ ਰਹੇ ਸਿੱਖ ਸੈਨਿਕਾਂ ਨੇ ਆਪਣੀ ਜਾਨ ਬਚਾਉਣ ਲਈ ਕੋਈ ਪੇਸ਼ਕਸ਼ ਸਵੀਕਾਰ ਕਰਨ ਦੀ ਬਜਾਏ ਦੁਸ਼ਮਣ ਨੂੰ ਮੂੰਹ ਤੋੜ ਜਵਾਬ ਦਿਤਾ ਅਤੇ ਇੱਕੋ ਹੱਲੇ ਵਿੱਚ ਅਫ਼ਰੀਦੀ, ਕਬਾਇਲੀ ਸੈਨਿਕਾਂ ਦੇ ਪੈਰ ਉਖਾੜ ਦਿੱਤੇ।
ਇਹ ਲੜਾਈ ਸਵੇਰੇ 9.30 ਦੇ ਕਰੀਬ ਸ਼ੁਰੂ ਹੋਈ ਸੀ। ਅਫ਼ਰੀਦੀ ਹਮਲਾਵਰ 10 ਹਜ਼ਾਰ ਦੇ ਕਰੀਬ ਸਨ। ਦੁਪਹਿਰ ਤੱਕ ਭਾਰੀ ਗਿਣਤੀ ਵਿੱਚ ਦੁਸ਼ਮਣ ਮਾਰਿਆ ਗਿਆ। 12 ਸਿੱਖ ਸੈਨਿਕ ਵੀ ਹੁਣ ਤੱਕ ਸ਼ਹੀਦ ਹੋ ਚੁੱਕੇ ਸਨ। ਬਾਕੀ ਬਚੇ ਸਿੱਖ ਸੈਨਿਕਾਂ ਕੋਲ ਗੋਲੀ ਬਾਰੂਦ ਵੀ ਬਹੁਤ ਘੱਟ ਰਹਿ ਗਿਆ ਸੀ। ਅਫ਼ਰੀਦੀਆਂ ਦੀ ਇੱਕ ਟੋਲੀ ਕਿਸੇ ਤਰ੍ਹਾਂ ਚੌਂਕੀ ਦੀ ਇੱਕ ਪਾਸੇ ਦੀ ਕੰਧ ਨੂੰ ਤੋੜਨ ਵਿੱਚ ਸਫ਼ਲ ਹੋ ਜਾਂਦੀ ਹੈ ਪਰ ਅਣਖੀਲੇ ਅਤੇ ਜਾਂਬਾਜ਼ ਸਿੱਖ ਫ਼ੌਜੀਆਂ ਨੇ ਬਹਾਦਰੀ ਨਾਲ ਇਨ੍ਹਾਂ ਨੂੰ ਚੌਂਕੀ ਦੇ ਅੰਦਰ ਆਉਣ ਤੋਂ ਰੋਕੀ ਰੱਖਿਆ। ਅਫ਼ਰੀਦੀ ਹਮਲਾਵਰਾਂ ਨੇ ਗੜ੍ਹੀ ਦੇ ਬਾਹਰ ਘਾਹ-ਫੂਸ ਨੂੰ ਅੱਗ ਲਾ ਦਿਤੀ। ਚਾਰੇ ਪਾਸੇ ਧੂੰਆਂ ਹੀ ਧੂੰਆਂ ਫੈਲ ਗਿਆ।
ਦੁਸ਼ਮਣ ਫ਼ੌਜ ਦੇ ਕੁੱਝ ਸਿਪਾਹੀ ਇਸ ਮੌਕੇ ਦਾ ਫ਼ਾਇਦਾ ਉਠਾ ਕੇ ਗੜ੍ਹੀ ਦੇ ਅੰਦਰ ਦਾਖ਼ਲ ਹੋਣ ਵਿੱਚ ਕਾਮਯਾਬ ਹੋ ਗਏ। ਇਸ ਸਮੇਂ ਤੱਕ ਸਿੱਖ ਫ਼ੌਜੀਆਂ ਕੋਲ ਗੋਲੀ ਸਿੱਕਾ ਖ਼ਤਮ ਹੋ ਚੁੱਕਿਆ ਸੀ ਪਰ ਹੌਂਸਲਾ ਉਸੇ ਤਰ੍ਹਾਂ ਕਾਇਮ ਸੀ। ਉਹ ਬੰਦੂਕਾਂ ਦੇ ਅੱਗੇ ਲੱਗੇ ਬੋਨਟਾਂ ਨਾਲ ਹੀ ਮੁਕਾਬਲਾ ਕਰ ਰਹੇ ਸਨ। ਹੁਣ ਤੱਕ ਸੈਂਕੜੇ ਕਬਾਇਲੀ ਅਤੇ ਅਫ਼ਰੀਦੀਆਂ ਨੂੰ ਸਿੱਖ ਫ਼ੌਜੀਆਂ ਨੇ ਆਪਣੀ ਬੇਮਿਸਾਲ ਬਹਾਦਰੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਸੀ। 20 ਸਿੱਖ ਫ਼ੌਜੀ ਇਸ ਗਹਿਗੱਚ ਲੜਾਈ ਵਿੱਚ ਸ਼ਾਮ ਤੱਕ ਸ਼ਹੀਦੀ ਜਾਮ ਪੀ ਚੁੱਕੇ ਸਨ। ਸਿਰਫ਼ ਸਿਗਨਲਮੈਨ ਗੁਰਮੁਖ ਸਿੰਘ ਹੁਣ ਤੱਕ ਜਿਊਂਦਾ ਸੀ। ਗੁਰਮੁਖ ਸਿੰਘ ਨੇ ਕਰਨਲ ‘ਹਾਰਟਨ’ ਨੂੰ ਆਖ਼ਰੀ ਸੰਦੇਸ਼ ਭੇਜਿਆ ਕਿ ਮੇਰੇ ਸਾਰੇ ਸਾਥੀ ਦੁਸ਼ਮਣ ਦਾ ਮੁਕਾਬਲਾ ਕਰਦਿਆਂ ਸ਼ਹੀਦ ਹੋ ਚੁੱਕੇ ਹਨ ਅਤੇ ਹੁਣ ਮੈਂ ਵੀ ਸਿਗਨਲ ਬੰਦ ਕਰ ਕੇ ਦੁਸ਼ਮਣ ਦਾ ਮੁਕਾਬਲਾ ਕਰਨ ਜਾ ਰਿਹਾ ਹਾਂ। ਮੈਨੂੰ ਆਗਿਆ ਦਿੱਤੀ ਜਾਵੇ। ਇਸ ਨਾਲ ਹੀ ਉਸ ਨੇ ਸਿਗਨਲ ਬੰਦ ਕੀਤਾ ਅਤੇ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਲਾਉਂਦਾ ਅੱਗੇ ਵੱਧ ਕੇ 15-20 ਦੁਸ਼ਮਣ ਸੈਨਿਕਾਂ ਨੂੰ ਬੋਨਟ ਨਾਲ ਥਾਏਂ ਢੇਰ ਕਰ ਦਿੱਤਾ।
ਕਬਾਇਲੀ ਅਤੇ ਅਫ਼ਰੀਦੀਆਂ ਦੁਆਰਾ ਸਾਰੇ ਸਿੱਖ ਫ਼ੌਜੀਆਂ ਨੂੰ ਸ਼ਹੀਦ ਕਰਨ ਤੋਂ ਬਾਅਦ ਗੜ੍ਹੀ ਨੂੰ ਅੱਗ ਲਾ ਦਿਤੀ ਗਈ। ਇਸ ਤਰ੍ਹਾਂ 36 ਸਿੱਖ ਰੈਜੀਮੈਂਟ (ਅੱਜਕਲ ਭਾਰਤੀ ਫ਼ੌਜ ਦੀ ਚੌਥੀ ਸਿੱਖ ਬਟਾਲੀਅਨ) ਦੇ ਇਹ 21 ਬਹਾਦਰ ਜਾਂਬਾਜ਼ ਸਿਪਾਹੀ ਆਪਣੇ ਕਮਾਂਡਰ ਹੌਲਦਾਰ ਈਸ਼ਰ ਸਿੰਘ, ਜੋ ਕਿ ਲੁਧਿਆਣੇ ਦੇ ਕੋਲ ਝੋਰੜਾ ਪਿੰਡ ਦੇ ਰਹਿਣ ਵਾਲੇ ਸਨ, ਦੀ ਅਗਵਾਈ ਵਿੱਚ ਅਦੁੱਤੀ ਬਹਾਦਰੀ ਰਾਹੀਂਆ ਜਾਨਾਂ ਕੁਰਬਾਨ ਕਰ ਗਏ। ਘੱਟ ਗਿਣਤੀ ਹੋਣ ਦੇ ਬਾਵਜੂਦ ਇਨ੍ਹਾਂ ਨੇ ਦੁਸ਼ਮਣ ਦੀ ਈਨ ਨਹੀਂ ਮੰਨੀ। ਦੁਸ਼ਮਣ ਵੀ ਸਿੱਖ ਸੈਨਿਕਾਂ ਦੇ ਇਸ ਜਜ਼ਬੇ ਉੱਤੇ ਹੈਰਾਨ ਹੋਏ ਬਿਨਾਂ ਨਾ ਰਹਿ ਸਕਿਆ।
ਇਸ ਸਾਕੇ ਦੀ ਗੂੰਜ ਜਦੋਂ ਬਰਤਾਨੀਆਂ ਦੀ ਪਾਰਲੀਮੈਂਟ ਵਿੱਚ ਪਹੁੰਚੀ ਤਾਂ ਪਾਰਲੀਮੈਂਟ ਦੇ ਦੋਵਾਂ ਸਦਨਾਂ ਦੇ ਮੈਂਬਰਾਂ ਨੇ ਆਪਣੀਆਂ ਕੁਰਸੀਆਂ ‘ਤੇ ਖੜੇ ਹੋ ਕੇ ਸ਼ਹੀਦ ਸਿੱਖ ਫ਼ੌਜੀਆਂ ਨੂੰ ਸ਼ਰਧਾਜਲੀ ਦਿੱਤੀ। ਵਿਸ਼ਵ ਭਰ ਵਿੱਚ ਇਸ ਬੇਮਿਸਾਲ ਲੜਾਈ ਦੀ ਚਰਚਾ ਕੀਤੀ ਗਈ। ਸੰਸਾਰ ਭਰ ਦੀਆਂ ਅਖ਼ਬਾਰਾਂ ਵਿੱਚ ਇਸ ਲੜਾਈ ਦਾ ਜ਼ਿਕਰ ਕੀਤਾ ਗਿਆ। ਇਨ੍ਹਾਂ ਬਹਾਦਰਾਂ ਨੂੰ ਇੰਗਲੈਂਡ ਸਰਕਾਰ ਵੱਲੋਂ ਭਾਰਤੀ ਫ਼ੌਜੀਆਂ ਨੂੰ ਦਿੱਤਾ ਜਾਣ ਵਾਲਾ ਸਭ ਤੋਂ ਵੱਡਾ ਸਨਮਾਨ ‘ਇੰਡਿਅਨ ਆਰਡਰ ਆਫ਼ ਮੈਰਿਟ’ ਜੋ ਕਿ ਅੱਜ ਦੇ ‘ਪਰਮਵੀਰ ਚੱਕਰ’ ਦੇ ਬਰਾਬਰ ਹੈ, ਦਾ ਸਨਮਾਨ ਪ੍ਰਦਾਨ ਕੀਤਾ ਗਿਆ। ਇਸ ਤੋਂ ਇਲਾਵਾ ਹਰ ਸ਼ਹੀਦ ਫ਼ੌਜੀ ਦੇ ਪਰਿਵਾਰ ਨੂੰ ਦੋ ਮੁਰੱਬੇ ਜ਼ਮੀਨ ਅਤੇ 500 ਰੁਪਏ ਦੀ ਨਕਦ ਰਾਸ਼ੀ ਵੀ ਦਿੱਤੀ ਗਈ। ਭਾਰਤੀ ਯੋਧਿਆਂ ਦੇ ਇਤਿਹਾਸ ਵਿੱਚ ਅੱਜ ਤੱਕ ਇੰਨਾ ਵੱਡਾ ਸਨਮਾਨ ਇਕੱਠਿਆਂ ਇੰਨੀ ਵੱਡੀ ਗਿਣਤੀ ਵਿੱਚ ਸੈਨਿਕਾਂ ਨੂੰ ਨਹੀਂ ਮਿਲਿਆ।
ਪੰਜਾਬ ਅੰਦਰ ਸਾਰਾਗੜ੍ਹੀ ਸਾਕੇ ਦੀ ਯਾਦਗਾਰ ਦੋ ਸ਼ਹਿਰਾਂ ਵਿੱਚ ਬਣੀ ਹੋਈ ਹੈ, ਅੰਮ੍ਰਿਤਸਰ ਅਤੇ ਫ਼ਿਰੋਜ਼ਪੁਰ। ਦੋਵਾਂ ਥਾਂਵਾਂ ਉੱਤੇ ਉਨ੍ਹਾਂ 21 ਸ਼ਹੀਦ ਸਿੱਖ ਸੈਨਿਕਾਂ ਦੇ ਨਾਂ ਬੜੇ ਅਦਬ ਸਤਿਕਾਰ ਨਾਲ ਲਿਖੇ ਹੋਏ ਹਨ। ਸਾਰਾਗੜ੍ਹੀ ਦੀ ਲੜਾਈ ਵਿੱਚ ਸ਼ਹੀਦ ਹੋਣ ਵਾਲੇ ਸਿੱਖਾਂ ਦੇ ਨਾਂ :
- ਹਵਾਲਦਾਰ ਈਸ਼ਰ ਸਿੰਘ ਝੋਰੜਾ
- ਲਾਲ ਸਿੰਘ
- ਚੰਦਾ ਸਿੰਘ ਲਾਸ ਨਾਇਕ
- ਸੁੰਦਰ ਸਿੰਘ
- ਉੱਤਮ ਸਿੰਘ
- ਹੀਰਾ ਸਿੰਘ
- ਰਾਮ ਸਿੰਘ
- ਜੀਵਾ ਸਿੰਘ
- ਜੀਵਨ ਸਿੰਘ
- ਗੁਰਮੁਖ ਸਿੰਘ ਸਿਗਨਲਮੈਨ
- ਭੋਲਾ ਸਿੰਘ
- ਬੂਟਾ ਸਿੰਘ
- ਨੰਦ ਸਿੰਘ
- ਸਾਹਿਬ ਸਿੰਘ
- ਦਿਆ ਸਿੰਘ
- ਭਗਵਾਨ ਸਿੰਘ
- ਨਰਾਇਣ ਸਿੰਘ
- ਗੁਰਮੁਖ ਸਿੰਘ
- ਸਿੰਦਰ ਸਿੰਘ
- ਸੇਵਾਦਾਰ ਦਾਉ ਸਿੰਘ
- ਦਾਦ ਸਿੰਘ
ਅੱਜ ਫ਼ਰਾਂਸ ਦੇ ਸਕੂਲਾਂ ਵਿੱਚ ਸਾਰਾਗੜ੍ਹੀ ਦੀ ਲੜਾਈ ਨੂੰ ਬੜੇ ਸ਼ੌਂਕ ਨਾਲ ਵਿਦਿਆਰਥੀਆਂ ਨੂੰ ਪੜ੍ਹਾਇਆਂ ਜਾਂਦਾ ਹੈ। ਪਿੱਛੇ ਜਿਹੇ ਬਰਤਾਨੀਆ ਦੇ ਪ੍ਰਧਾਨ ਮੰਤਰੀ ‘ਟੋਨੀ ਬਲੇਅਰ’ ਨੇ ਇੱਕ ਪੱਤਰ ਰਾਹੀਂ ਭਾਰਤੀ ਸਰਕਾਰ ਕੋਲ ਇਸ ਅਦੁੱਤੀ ਸਾਕੇ ਦੀ ਭਰਪੂਰ ਸ਼ਲਾਘਾ ਕੀਤੀ ਹੈ। ਇਸ ਸਾਕੇ ਨੂੰ ਯਾਦ ਕਰਕੇ ਜਿੱਥੇ ਭਾਰਤੀ ਦੇਸ਼ ਵਾਸੀਆਂ ਦਾ ਸੀਨਾ ਫ਼ਖ਼ਰ ਨਾਲ ਚੌੜਾ ਹੋ ਜਾਂਦਾ ਹੈ, ਉੱਥੇ ਪਠਾਣਾਂ ਅਤੇ ਅਫ਼ਰੀਦੀਆਂ ਦੀਆਂ ਨਸਲਾਂ ਦੇ ਅੱਜ ਵੀ ਇਸ ਲੜਾਈ ਨੂੰ ਯਾਦ ਕਰ ਕੇ ਲੂੰ-ਕੰਡੇ ਖੜੇ ਹੋ ਜਾਂਦੇ ਹਨ। ਇਸ ਲੜਾਈ ਦੇ ਹੌਲਦਾਰ ਕਮਾਂਡਰ ਈਸ਼ਰ ਸਿੰਘ ਸਿੰਘ ਦੇ ਪਰਿਵਾਰਕ ਮੈਂਬਰਾਂ ਬਿੱਕਰ ਸਿੰਘ ਅਤੇ ਸੰਤੋਖ ਸਿੰਘ ਵੱਲੋਂ ਹਰ ਸਾਲ ਅਪਣੇ ਪਿੰਡ ਝੋਰੜਾ, ਜ਼ਿਲ੍ਹਾ ਲੁਧਿਆਣਾ ਵਿੱਚ ਬਣੀ ਈਸ਼ਰ ਸਿੰਘ ਦੀ ਯਾਦ ਨੂੰ ਸਮਰਪਿਤ ਅਖੰਡ ਪਾਠ ਕਰਵਾਏ ਜਾਂਦੇ ਹਨ ਅਤੇ ਇਸ ਮੌਕੇ ਉੱਤੇ ਇਲਾਕਾ ਨਿਵਾਸੀਆਂ ਅਤੇ ਭਾਰਤੀ ਫ਼ੌਜ ਵੱਲੋਂ ਇਸ ਮਹਾਨ ਯੋਧੇ ਦੀ ਯਾਦਗਾਰ ਉੱਪਰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਂਦੇ ਹਨ।