Punjab Religion

12 ਪੋਹ ਦਾ ਇਤਿਹਾਸ, ਦੂਜੇ ਦਿਨ ਵੀ ਸੂਬੇ ਦੀ ਕਚਹਿਰੀ ਵਿੱਚ ਸਾਹਿਬਜ਼ਾਦੇ ਅਡੋਲ ਰਹੇ

ਸ੍ਰੀ ਫ਼ਤਹਿਗੜ੍ਹ ਸਾਹਿਬ : ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਿਜਦਾ ਕਰਨ ਲਈ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ’ਚ 25 ਦਸੰਬਰ ਤੋਂ ਸਾਲਾਨਾ ਸ਼ਹੀਦੀ ਸਭਾ ਸ਼ੁਰੂ ਹੋ ਗਈ ਹੈ।

12 ਪੋਹ ਦਾ ਇਤਿਹਾਸ

ਦੂਜੇ ਦਿਨ ਵੀ ਸੂਬੇ ਦੀ ਕਚਹਿਰੀ ਵਿੱਚ ਸਾਹਿਬਜ਼ਾਦੇ ਅਡੋਲ ਰਹੇ।

12 ਪੋਹ ਨੂੰ ਸਾਹਿਬਜ਼ਾਦਿਆਂ ਦੀ ਦੂਜੀ ਪੇਸ਼ੀ ਹੋਈ। ਇਸ ਪੇਸ਼ੀ ਵਿੱਚ ਵੀ ਸਾਹਿਬਜ਼ਾਦੇ ਪੂਰੇ ਅਡੋਲ ਰਹੇ ਅਤੇ ਜਾ ਕੇ ਗਰਜਵੀਂ ਫਤਿਹ ਬੁਲਾਈ। ਕਚਹਿਰੀ ਵਿੱਚ ਮਲੇਰਕੋਟਲਾ ਦਾ ਨਵਾਬ ਸ਼ੇਰ ਮੁਹੰਮਦ ਨੂੰ ਵੀ ਬੁਲਾਇਆ ਗਿਆ ਸੀ, ਨਵਾਬ ਵਜ਼ੀਰ ਖਾਨ ਨੇ ਸ਼ੇਰ ਮੁਹੰਮਦ ਨੂੰ ਕਿਹਾ ਕਿ ਅੱਜ ਤੇਰੇ ਕੋਲ ਮੌਕਾ ਹੈ ਤੂੰ ਆਪਣੇ ਭਰਾ ਅਤੇ ਭਤੀਜੇ ਦੀ ਮੌਤ ਦਾ ਬਦਲਾ ਇਹਨਾਂ ਸਾਹਿਬਜ਼ਾਦਿਆਂ ਤੋਂ ਲੈ ਸਕਦਾ ਹੈ । (ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸ਼ੇਰ ਮੁਹੰਮਦ ਦੇ ਭਰਾ ਨਾਹਰ ਖਾਨ ਨੂੰ ਯੁੱਧ ਵਿੱਚ ਮਾਰ ਦਿੱਤਾ ਸੀ।

ਹਾਅ ਦਾ ਨਾਅਰਾ (ਮਾਲੇਰਕੋਟਲਾ ਨਵਾਬ)

ਸ਼ੇਰ ਮੁਹੰਮਦ ਸਾਹਿਬਜ਼ਾਦਿਆਂ ਦੇ ਚਿਹਰੇ ਦਾ ਨੂਰ ਦੇਖਦਾ ਹੈ ਅਤੇ ਉਹ ਕਹਿੰਦਾ ਹੈ ਕਿ ਮੇਰਾ ਵੈਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੈ ਅਤੇ ਮੈਂ ਉਸ ਨੂੰ ਸਜ਼ਾ ਵੀ ਦੇਣਾ ਚਾਹੁੰਦਾ ਹਾਂ ਪਰ ਇਹਨਾਂ ਬੱਚਿਆਂ ਨੇ ਮੇਰਾ ਕੁਝ ਨਹੀਂ ਵਿਗਾੜਿਆ। ਇਹ ਮਾਸੂਮ ਹਨ। ਇਸਲਾਮ ਵੀ ਬੱਚਿਆਂ ਅਤੇ ਔਰਤਾਂ ਉੱਤੇ ਜ਼ੁਲਮ ਕਰਨ ਤੋਂ ਰੋਕਦਾ ਹੈ ਤਾਂ ਮੈਂ ਇਹ ਜ਼ੁਲਮ ਕਿਉਂ ਕਰਾਂ। ਮੈਂ ਇਹਨਾਂ ਨੂੰ ਕੋਈ ਸਜ਼ਾ ਨਹੀਂ ਦੇਣਾ ਚਾਹੁੰਦਾ। ਇਸ ਤਰ੍ਹਾਂ ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਹਾਅ ਦਾ ਨਾਅਰਾ ਮਾਰਿਆ। ਇਹ ਸੁਣ ਕੇ ਵਜ਼ੀਰ ਖਾਂ ਗੁੱਸੇ ਹੁੰਦਾ ਹੈ।

ਸਾਹਿਬਜ਼ਾਦੇ ਸ਼ੇਰ ਮੁਹੰਮਦ ਖਾਨ ਵੱਲ ਦੇਖ ਕੇ ਮੁਸਕਰਾਉਂਦੇ ਹਨ ਅਤੇ ਕਹਿੰਦੇ ਹਨ ਕਿ ਤੁਸੀਂ ਸੱਚੇ ਮੁਸਲਮਾਨ ਹੋਣ ਦਾ ਸਬੂਤ ਦਿੱਤਾ ਹੈ ਅਤੇ ਤੁਹਾਡੇ ਇਸ ਹਾਅ ਦੇ ਨਾਅਰੇ ਨੂੰ ਪੂਰੀ ਦੁਨੀਆ ਯਾਦ ਰੱਖੇਗੀ।

ਵਜ਼ੀਰ ਖਾਂ ਇਹ ਗੱਲ ਸੁਣ ਕੇ ਗੁੱਸੇ ਹੋ ਜਾਂਦਾ ਹੈ ਅਤੇ ਸੁੱਚਾ ਨੰਦ ਉਸਦੇ ਹੋਰ ਕੰਨ ਭਰਨ ਲੱਗ ਜਾਂਦਾ ਹੈ । ਸਾਹਿਬਜ਼ਾਦਿਆਂ ਨੂੰ ਇਸਲਾਮ ਕਬੂਲ ਕਰਨ ਲਈ ਕਿਹਾ ਜਾਂਦਾ ਹੈ ਅਤੇ ਉਹ ਇਨਕਾਰ ਕਰ ਦਿੰਦੇ ਹਨ।

ਸੁੱਚਾ ਨੰਦ ਕਹਿੰਦਾ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਵਾਂਗ ਤੁਹਾਡੇ ਨਾਲ ਬਗਾਵਤ ਕਰਨਗੇ ਅਤੇ ਸੱਪ ਦੇ ਬੱਚੇ ਸੱਪ ਹੀ ਹੁੰਦੇ ਹਨ ਇਹਨਾਂ ਨੂੰ ਹੁਣ ਹੀ ਖਤਮ ਕਰ ਦੇਣਾ ਚਾਹੀਦਾ ਹੈ ਤਾਂ ਇਹ ਗੱਲ ਸੁਣ ਕੇ ਸੂਬਾ ਗੁੱਸੇ ਵਿੱਚ ਆ ਜਾਂਦਾ ਹੈ।

ਇਹ ਗੱਲਾਂ ਸੁਣ ਕੇ ਨਵਾਬ ਵਜ਼ੀਰ ਖਾਂ ਫਤਵਾ ਸੁਣਾਉਣ ਲਈ ਕਹਿੰਦਾ ਹੈ। ਸੂਬੇ ਦੇ ਚਾਪਲੂਸ ਸੁੱਚਾ ਨੰਦ ਨੇ ਸਾਹਿਬਜ਼ਾਦਿਆਂ ਦੇ ਲਈ ਨੀਹਾਂ ਵਿੱਚ ਚਿਣੇ ਜਾਣ ਦਾ ਫਤਵਾ ਕਾਜੀ ਤੋਂ ਜਾਰੀ ਕਰਵਾ ਦਿੱਤਾ। ਜਿਸਨੂੰ ਸਾਹਿਬਜ਼ਾਦੇ ਖਿੜੇ ਮੱਥੇ ਪ੍ਰਵਾਨ ਕਰਦੇ ਹਨ।

ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਭੇਜ ਦਿੱਤਾ ਗਿਆ। ਸਾਹਿਬਜ਼ਾਦਿਆਂ ਦੁਆਰਾ ਇਹ ਸਾਰੀ ਗੱਲਬਾਤ ਮਾਤਾ ਗੁਜਰੀ ਜੀ ਨੂੰ ਸੁਣਾਈ ਜਾਂਦੀ ਹੈ। ਇਸ ਤੋਂ ਬਾਅਦ ਮਾਤਾ ਗੁਜਰੀ ਜੀ ਦੁਆਰਾ ਸਾਹਿਬਜ਼ਾਦਿਆਂ ਨੂੰ ਗੁਰਬਾਣੀ ਰਾਹੀਂ ਹੋਰ ਪ੍ਰੇਰਿਆ ਅਤੇ ਦ੍ਰਿੜਤਾ ਦਾ ਪਾਠ ਪੜਾਇਆ। ਇਹ ਰਾਤ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਠੰਡੇ ਬੁਰਜ ‘ਚ ਆਖ਼ਰੀ ਰਾਤ ਸੀ।

ਮੋਤੀ ਰਾਮ ਮਹਿਰਾ ਆਪਣੀ ਜਾਨ ਤੇ ਖੇਡ ਕੇ ਮਾਂ ਗੁਜਰੀ ਤੇ ਸਾਹਿਬਜ਼ਾਦਿਆਂ ਲਈ ਗਰਮ ਦੁੱਧ ਲੈ ਕੇ ਆਇਆ ਜਿਸ ਦੇ ਬਦਲੇ ਮੋਤੀ ਰਾਮ ਮਹਿਰਾ ਜੀ ਦੇ ਸਾਰੇ ਪਰਿਵਾਰ ਨੂੰ ਕੋਹਲੂ ਵਿੱਚ ਪੀੜ ਦਿੱਤਾ ਗਿਆ ਸੀ।