Punjab Religion

‘ਸਿੱਖ ਇਤਹਾਸ ਬਦਲਣ ਦਾ ਇੱਕ ਹੋਰ ਸ਼ਰਮਨਾਕ ਕਦਮ!’ ‘ਬੀਜੇਪੀ ਦੇ ਨਕਸ਼ੇ ਕਦਮ ’ਤੇ ਮਾਨ ਸਰਕਾਰ!’

ਬਿਉਰੋ ਰਿਪੋਰਟ: ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਵਸਾਈ ਗਈ ਨਗਰ ਸ੍ਰੀ ਅੰਮ੍ਰਿਤਸਰ ਦਾ ਇਤਿਹਾਸ 500 ਸਾਲ ਤੋਂ ਵੀ ਜ਼ਿਆਦਾ ਪੁਰਾਣਾ ਹੈ। ਇਸ ਦੀਆਂ ਗਲ਼ੀਆਂ ਅਤੇ ਚੌਕ-ਚੌਰਾਹੇ ਸਿੱਖ ਇਤਿਹਾਸ ਦੀ ਗਵਾਹੀ ਭਰਦੇ ਹਨ, ਪਰ ਹੁਣ ਇੱਕ ਇਤਿਹਾਸਿਕ ਚੌਕ ਦਾ ਨਾਂ ਮਾਨ ਸਰਕਾਰ ਵੱਲੋਂ ਵੱਲੋਂ ਬਦਲ ਦਿੱਤਾ ਗਿਆ ਹੈ ਜਿਸ ’ਤੇ ਅਕਾਲੀ ਦਲ ਅਤੇ ਕਾਂਗਰਸ ਨੇ ਆਮ ਆਦਮੀ ਪਾਰਟੀ ਸਰਕਾਰ ਨੂੰ ਘੇਰ ਲਿਆ ਹੈ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਨਵੇਂ ਬੋਰਡ ਦੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਸਿੱਖ ਇਤਿਹਾਸ ਨੂੰ ਬਦਲਣ ਦਾ ਇੱਕ ਹੋਰ ਸ਼ਰਮਨਾਕ ਕਦਮ ਚੁੱਕਿਆ ਗਿਆ ਹੈ। ਭਗਵੰਤ ਮਾਨ ਸਰਕਾਰ ਨੇ ਅੰਮ੍ਰਿਤਸਰ ਦੇ ਕੱਟਰਾ ਆਹਲੂਵਾਲੀਆ ਚੌਕ (Katra Ahluwalia Chowk) ਨੂੰ ਹੁਣ ਜਲੇਬੀਵਾਲਾ ਚੌਕ ਕਰ ਦਿੱਤਾ ਹੈ। ਇਹ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਅਪਮਾਨ ਹੈ, ਜਿਨ੍ਹਾਂ ਦਾ ਮਾਣਮੱਤੇ ਵਾਲਾ ਇਤਿਹਾਸ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲਗਾਤਾਰ ਸਿੱਖ ਇਤਿਹਾਸ ਨਾਲ ਛੇੜਖਾਨੀ ਕੀਤੀ ਜਾ ਰਹੀ ਹੈ।

ਉੱਧਰ ਕਾਂਗਰਸ ਦੇ ਸੀਨੀਅਰ ਵਿਧਾਇਕ ਪਰਗਟ ਸਿੰਘ ਨੇ ਵੀ ਮਾਨ ਸਰਕਾਰ ਦੇ ਫੈਸਲੇ ’ਤੇ ਸਵਾਲ ਚੁੱਕਦੇ ਹੋਏ ਤੰਜ ਕੱਸਿਆ। ਉਨ੍ਹਾਂ ਕਿਹਾ ਕਿ ਜਿਵੇਂ ਬੀਜੇਪੀ ਦੇਸ਼ ਦਾ ਇਤਿਹਾਸ ਬਦਲਣਾ ਚਾਹੁੰਦੀ ਹੈ, ਉਹੀ ਕੰਮ ਹੁਣ ਪੰਜਾਬ ਵਿੱਚ ਆਮ ਆਦਮੀ ਪਾਰਟੀ ਕਰ ਰਹੀ ਹੈ। ਮੈਂ ਇਹ ਵੇਖ ਕੇ ਹੈਰਾਨ ਹੋਇਆ ਹਾਂ ਕਿ ਅੰਮ੍ਰਿਤਸਰ ਪ੍ਰਸ਼ਾਸਨ ਨੇ ਹੈਰੀਟੇਜ ਚੌਕ ਕੱਟਰਾ ਆਹਲੂਵਾਲੀਆ ਦਾ ਨਾਂ ਬਦਲ ਕੇ ਜਲੇਬੀਵਾਲਾ ਚੌਕ ਕਰ ਦਿੱਤਾ। ਪਰਗਟ ਸਿੰਘ ਨੇ ਆਪਣਾ ਟਵੀਟ ਐੱਸਜੀਪੀਸੀ ਅਤੇ ਡੀਸੀ ਅੰਮ੍ਰਿਤਸਰ ਅਤੇ ਭਗਵੰਤ ਮਾਨ ਨੂੰ ਵੀ ਟੈਗ ਕੀਤਾ ਹੈ।