ਹਰਿਆਣਾ : ਹਿੰਦੂ ਸੰਗਠਨਾਂ ਨੇ ਇਕ ਵਾਰ ਫਿਰ ਹਰਿਆਣਾ ਦੇ ਨੂਹ ‘ਚ ਸ਼ੋਭਾ ਯਾਤਰਾ ਕੱਢਣ ਦਾ ਐਲਾਨ ਕੀਤਾ ਹੈ। ਇਹ ਜਲੂਸ 28 ਅਗਸਤ ਨੂੰ ਕੱਢਣ ਦਾ ਐਲਾਨ ਕੀਤਾ ਗਿਆ ਹੈ ਪਰ ਪ੍ਰਸ਼ਾਸਨ ਨੇ ਇਹ ਜਲੂਸ ਕੱਢਣ ਤੋਂ ਪੂਰੀ ਤਰ੍ਹਾਂ ਇਨਕਾਰ ਕਰ ਦਿੱਤਾ ਹੈ। ਇਸ ਤੋਂ ਬਾਅਦ ਪੂਰਾ ਪ੍ਰਸ਼ਾਸਨ ਚੌਕਸ ਹੈ। ਹਿੰਦੂਵਾਦੀ ਸੰਗਠਨਾਂ ਨੇ 28 ਅਗਸਤ ਨੂੰ ਨੂਹ ਦੇ ਨਲਹਨ ਮਹਾਦੇਵ ਮੰਦਰ ਤੋਂ ਜਲੂਸ ਕੱਢਣ ਦਾ ਸੱਦਾ ਦਿੱਤਾ ਹੈ।ਇਸ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਨੇ ਜ਼ਿਲ੍ਹੇ ਵਿੱਚ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਹੈ ਅਤੇ ਧਾਰਾ 144 ਵੀ ਲਗਾ ਦਿੱਤੀ ਗਈ ਹੈ।
ਜ਼ਿਲ੍ਹੇ ਦੇ ਸਾਰੇ ਗਜ਼ਟਿਡ ਅਧਿਕਾਰੀਆਂ ਨੂੰ ਆਪਣੇ ਸਟੇਸ਼ਨ ਨਾ ਛੱਡਣ ਦੇ ਹੁਕਮ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰ ਧੀਰੇਂਦਰ ਖੜਗਟਾ ਨੇ ਸਮੂਹ ਅਧਿਕਾਰੀਆਂ ਦੀ ਮੀਟਿੰਗ ਕੀਤੀ ਅਤੇ ਵੱਖ-ਵੱਖ ਖੇਤਰਾਂ ਵਿੱਚ ਡਿਊਟੀ ਮੈਜਿਸਟ੍ਰੇਟ ਤਾਇਨਾਤ ਕੀਤੇ ਗਏ ਤਾਂ ਜੋ ਇਲਾਕੇ ਦੀ ਹਰ ਗਤੀਵਿਧੀ ‘ਤੇ ਨਜ਼ਰ ਰੱਖੀ ਜਾ ਸਕੇ।
ਹਰਿਆਣਾ ਸਰਕਾਰ ਨੇ ਸ਼ਨੀਵਾਰ ਨੂੰ ਜਾਰੀ ਇਕ ਹੁਕਮ ਵਿਚ ਕਿਹਾ ਹੈ ਕਿ ਸੋਸ਼ਲ ਮੀਡੀਆ ਰਾਹੀਂ ਅਫਵਾਹਾਂ ਫੈਲਣ ਤੋਂ ਰੋਕਣ ਲਈ ਅਜਿਹਾ ਕੀਤਾ ਗਿਆ ਹੈ। ਹੁਕਮਾਂ ਮੁਤਾਬਕ 26 ਤੋਂ 28 ਅਗਸਤ ਤੱਕ ਇੰਟਰਨੈੱਟ ਬੰਦ ਰਹੇਗਾ। 31 ਜੁਲਾਈ ਨੂੰ ਜਲਾਭਿਸ਼ੇਕ ਯਾਤਰਾ ਦੌਰਾਨ ਹੋਈ ਹਿੰਸਾ ਅਤੇ ਉਸ ਤੋਂ ਬਾਅਦ ਹੋਏ ਫਿਰਕੂ ਦੰਗਿਆਂ ਵਿੱਚ ਘੱਟੋ-ਘੱਟ ਛੇ ਲੋਕ ਮਾਰੇ ਗਏ ਸਨ। ਟੱਕਰ ਤੋਂ ਬਾਅਦ ਇਹ ਯਾਤਰਾ ਪੂਰੀ ਨਹੀਂ ਹੋ ਸਕੀ। ਹਿੰਦੂਵਾਦੀ ਸੰਗਠਨਾਂ ਨੇ 28 ਅਗਸਤ ਨੂੰ ਫਿਰ ਤੋਂ ਇਹ ਯਾਤਰਾ ਕੱਢਣ ਦਾ ਐਲਾਨ ਕੀਤਾ ਹੈ, ਜਿਸ ਤੋਂ ਬਾਅਦ ਨੂਹ ‘ਚ ਪ੍ਰਸ਼ਾਸਨ ਅਲਰਟ ਹੈ।
ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, “ਬ੍ਰਜ ਮੰਡਲ ਧਾਰਮਿਕ ਯਾਤਰਾ ਇੱਕ ਇਤਿਹਾਸਕ ਯਾਤਰਾ ਹੈ ਜੋ 31 ਜੁਲਾਈ ਨੂੰ ਹੋਏ ਹਿੰਸਕ ਹਮਲਿਆਂ ਕਾਰਨ ਅਧੂਰੀ ਰਹਿ ਗਈ ਸੀ। ਹੁਣ 28 ਅਗਸਤ ਨੂੰ ਮੇਵਾਤ ਦੇ ਸਰਵ ਹਿੰਦੂ ਸਮਾਜ ਵੱਲੋਂ ਇਹ ਯਾਤਰਾ ਕੱਢੀ ਜਾਵੇਗੀ।
ਦੱਸ ਦਈਏ ਕਿ 31 ਜੁਲਾਈ ਨੂੰ ਹਰਿਆਣਾ ਦੇ ਨੂਹ ਵਿੱਚ ਦੋ ਭਾਈਚਾਰਿਆਂ ਦਰਮਿਆਨ ਹੋਈ ਹਿੰਸਾ ਦੇ ਮਾਮਲੇ ਵਿੱਚ ਹੁਣ ਤੱਕ 93 ਐਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ 176 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਨੂਹ ਜ਼ਿਲ੍ਹੇ ਵਿੱਚ 46, ਫ਼ਰੀਦਾਬਾਦ ਜ਼ਿਲ੍ਹੇ ਵਿੱਚ 3, ਗੁਰੂਗ੍ਰਾਮ ਜ਼ਿਲ੍ਹੇ ਵਿੱਚ 23, ਰੇਵਾੜੀ ਜ਼ਿਲ੍ਹੇ ਵਿੱਚ 3 ਅਤੇ ਪਲਵਲ ਜ਼ਿਲ੍ਹੇ ਵਿੱਚ 18 ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਨੂਹ ਹਿੰਸਾ ‘ਚ ਹੁਣ ਤੱਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ।