‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੋਰੋਨਾ ਵਾਇਰਸ ਦੇ ਸਭ ਤੋਂ ਵੱਧ ਮਾਮਲਿਆਂ ਵਾਲੇ ਸੂਬਿਆਂ ਪੰਜਾਬ, ਦਿੱਲੀ, ਮਹਾਂਰਾਸ਼ਟਰ, ਗੁਜਰਾਤ, ਕਰਨਾਟਕ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਹੁਣ ਬਿਨਾਂ ਕੋਵਿਡ ਜਾਂਚ ਰਿਪੋਰਟ ਦਿਖਾਏ ਹਿਮਾਚਲ ਵਿੱਚ ਐਂਟਰੀ ਨਹੀਂ ਮਿਲੇਗੀ। ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੇ ਲੋਕਾਂ ਨੂੰ 72 ਘੰਟਿਆਂ ਦੇ ਅੰਦਰ-ਅੰਦਰ ਜਾਰੀ ਹੋਈ ਇਹ ਰਿਪੋਰਟ ਨਾਲ ਲੈ ਕੇ ਆਉਣ ਦੀ ਸਲਾਹ ਦਿੱਤੀ ਹੈ। 16 ਅਪ੍ਰੈਲ ਨੂੰ ਸੂਬਾ ਸਰਕਾਰ ਹੋਰ ਨਿਰਦੇਸ਼ ਜਾਰੀ ਕਰੇਗੀ।
ਸੀਐੱਮ ਜੈਰਾਮ ਠਾਕੁਰ ਨੇ ਕਿਹਾ ਕਿ ਕੋਰੋਨਾ ਫੈਲਣਾ ਚਿੰਤਾ ਦਾ ਵਿਸ਼ਾ ਹੈ। ਬੀਤੇ 45 ਦਿਨਾਂ ਵਿੱਚ 10,690 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 120 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਘੁੰਮਣ ਫਿਰਨ ਆ ਰਹੇ ਲੋਕਾਂ ਨੂੰ ਕੋਈ ਮਨਾਹੀ ਨਹੀਂ ਹੈ, ਪਰ ਸਾਰੇ ਜਰੂਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਵੀ ਲਾਜ਼ਮੀ ਹੈ। ਹੋਟਲ ਮਾਲਕਾਂ ਨੂੰ ਵੀ ਕੜਾਈ ਕਰਨ ਲਈ ਕਿਹਾ ਗਿਆ ਹੈ। ਬੱਸਾਂ ਤੇ ਨਿੱਜੀ ਥਾਵਾਂ ‘ਤੇ ਲੋੜ ਤੋਂ ਵੱਧ ਲੋਕਾਂ ਦੇ ਬੈਠਣ ਦੀ ਵੀ ਮਨਾਹੀ ਹੈ।
ਸੀਐੱਮ ਦੀ ਪ੍ਰਧਾਨਗੀ ਵਿੱਚ ਹੋਈ ਬੈਠਕ ਦੌਰਾਨ ਸਿਹਤ ਵਿਭਾਗ ਨੂੰ ਹਸਪਤਾਲਾਂ ਵਿੱਚ ਬਿਸਰਿਆਂ ਦੀ ਸੰਖਿਆਂ ਵਧਾਉਣ ਲਈ ਵੀ ਕਿਹਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਨਵਰਾਤਰਿਆਂ ਦੇ ਮੱਦੇਨਜਰ ਹਿਮਾਚਲ ਦੇ ਮੰਦਿਰਾਂ ਵਿੱਚ ਆਉਣ ਵਾਲੇ ਸ਼ਰਧਾਲੂਆਂ ਨੂੰ ਵੀ ਕੋਈ ਰੋਕ ਨਹੀਂ ਹੈ ਪਰ ਮਾਸਕ ਪਾਉਣ ਸਣੇ ਕੋਰੋਨਾ ਤੋਂ ਬਚਾਅ ਦੇ ਹੋਰ ਨਿਯਮਾਂ ਦੀ ਪਾਲਣਾ ਵੀ ਕਰਨੀ ਪਵੇਗੀ।