Khetibadi

ਕਿਸਾਨ ਨੇ ਪਹਿਲੀ ਵਾਰ 1 ਕਰੋੜ 10 ਲੱਖ ਰੁਪਏ ਕਮਾਏ, 53 ਸਾਲਾਂ ਤੋਂ ਕਰ ਰਿਹੈ ਟਮਾਟਰ ਦੀ ਖੇਤੀ

Tomato Price Hike, himachal news, progressive farmer

ਮੰਡੀ : ਟਮਾਟਰਾਂ ਦੇ ਵਧੇ ਭਾਅ ਨੇ ਕਈ ਕਿਸਾਨਾਂ ਦੀ ਕਿਸਮਤ ਚਮਕ ਗਈ ਹੈ। ਇਨ੍ਹਾਂ ਵਿੱਚੋਂ ਹੀ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲੇ ਦਾ 67 ਸਾਲਾ ਕਿਸਾਨ ਜੈਰਾਮ ਸੈਣੀ ਹੈ। ਉਸ ਨੂੰ 8300 ਤੋਂ ਵੱਧ ਕਰੇਟ ਵੇਚ 1 ਕਰੋੜ 10 ਲੱਖ ਰੁਪਏ ਦੀ ਆਮਦਨ ਹੋ ਚੁੱਕੀ ਹੈ। ਹਿਮਾਚਲ ਪ੍ਰਦੇਸ਼ ‘ਚ ਵੀ ਕਈ ਥਾਵਾਂ ‘ਤੇ ਟਮਾਟਰ 250 ਰੁਪਏ ਤੱਕ ਵਿਕਿਆ। ਪਿੰਡ ਬਲਘਾਟੀ ਦੇ ਢਾਬਾਂ ਵਾਸੀ ਜੈਰਾਮ ਦੀ ਟਮਾਟਰਾਂ ਦੇ ਵਧੇ ਭਾਅ ਕਾਰਨ ਲਾਟਰੀ ਲੱਗ ਗਈ ਹੈ।

ਪਿਛਲੇ 53 ਸਾਲਾਂ ਤੋਂ ਟਮਾਟਰ ਦੀ ਖੇਤੀ ਕਰ ਰਿਹੈ

ਕਿਸਾਨ ਜੈਰਾਮ ਦਾ ਕਹਿਣਾ ਹੈ ਕਿ ਉਹ ਪਿਛਲੇ 53 ਸਾਲਾਂ ਤੋਂ ਟਮਾਟਰ ਦੀ ਖੇਤੀ ਕਰ ਰਿਹਾ ਹੈ ਪਰ ਉਸਦੀ ਜ਼ਿੰਦਗੀ ਵਿੱਚ ਪਹਿਲੀ ਵਾਰ ਐਨੀ ਜਿਆਦਾ ਕਮਾਈ ਹੋਈ ਹੈ। ਉਸ ਨੇ ਡੇਢ ਕਿੱਲਾ ਟਮਾਟਰ ਦਾ ਬੀਜ ਬੀਜਿਆ ਸੀ, ਜਿਸ ਵਿੱਚੋਂ ਕੁਝ ਫ਼ਸਲ ਬਰਬਾਦ ਹੋ ਗਈ ਸੀ ਪਰ ਹੁਣ ਤੱਕ ਮੈਂ 8300 ਤੋਂ ਵੱਧ ਕਰੇਟ ਵੇਚ ਚੁੱਕਾ ਹਾਂ, ਜਿਸ ਦੇ ਬਦਲੇ 1 ਕਰੋੜ 10 ਲੱਖ ਰੁਪਏ ਦੀ ਆਮਦਨ ਹੋਈ ਹੈ। ਹੁਣ 500 ਕਰੇਟ ਟਮਾਟਰ ਵਿਕਣ ਲਈ ਤਿਆਰ ਹਨ। ਜੇਕਰ ਟਮਾਟਰ ਦੀ ਫ਼ਸਲ ਨੂੰ ਬਿਮਾਰੀ ਨਾ ਲੱਗੀ ਹੁੰਦੀ ਤਾਂ 12 ਹਜ਼ਾਰ ਗੱਟੇ ਦੀ ਫ਼ਸਲ ਤਿਆਰ ਹੋ ਜਾਣੀ ਸੀ।

60 ਵਿੱਘੇ ਜ਼ਮੀਨ ਵਿੱਚ ਟਮਾਟਰ ਦੀ ਖੇਤੀ ਕਰਦਾ

ਦਿਲਚਸਪ ਗੱਲ ਇਹ ਹੈ ਕਿ ਪਿਛਲੇ ਸਾਲ 10 ਹਜ਼ਾਰ ਕਰੇਟ ਵੇਚ ਕੇ 55 ਲੱਖ ਰੁਪਏ ਦੀ ਆਮਦਨ ਹੋਈ ਸੀ। ਪਰ ਇਸ ਵਾਰ 8300 ਕਰੇਟ ਨੇ ਕਰੋੜਪਤੀ ਬਣਾ ਦਿੱਤਾ ਹੈ। ਜੈਰਾਮ ਕਰੀਬ 60 ਵਿੱਘੇ ਜ਼ਮੀਨ ਵਿੱਚ ਟਮਾਟਰ ਦੀ ਖੇਤੀ ਕਰਦਾ ਹੈ। ਛੋਟਾ ਪੁੱਤਰ ਮਨੀਸ਼ ਸੈਣੀ ਵੀ ਆਪਣੇ ਪਿਤਾ ਦੀ ਮਦਦ ਕਰਦਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਹ ਸਿਰਫ਼ ਚੰਗੀ ਕੁਆਲਿਟੀ ਦੇ ਟਮਾਟਰ ਹੀ ਉਗਾਉਂਦੇ ਹਨ।

ਪੈਸਿਆਂ ਨਾਲ ਕਰੇਗਾ ਹੁਣ ਇਹ ਕੰਮ

ਕਿਸਾਨ ਜੈਰਾਮ ਸੈਣੀ ਦਾ ਕਹਿਣਾ ਹੈ ਕਿ ਹੁਣ ਉਹ ਆਪਣਾ ਪੁਰਾਣਾ ਟਰੈਕਟਰ ਬਦਲੇਗਾ। ਇਸ ਤੋਂ ਇਲਾਵਾ ਫਾਰਮ ਦਾ ਸਾਮਾਨ ਵੀ ਬਦਲਣਾ ਚਾਹੁੰਦਾ ਹੈ।  ਜੈਰਾਮ ਨੇ ਕਿਸਾਨਾਂ ਅਤੇ ਨੌਜਵਾਨਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਖੇਤ ਸੋਨਾ ਥੁੱਕ ਸਕਦੇ ਹਨ, ਨੌਜਵਾਨਾਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ ਪਿੱਛੇ ਭੱਜਣ ਦੀ ਬਜਾਏ ਖੇਤਾਂ ਵੱਲ ਰੁਖ ਕਰਨਾ ਚਾਹੀਦਾ ਹੈ। ਜਦੋਂ ਪੂਰੇ ਦੇਸ਼ ਵਿੱਚ ਟਮਾਟਰ ਦਾ ਸੰਕਟ ਖੜ੍ਹਾ ਹੋਇਆ ਸੀ, ਉਸ ਸਮੇਂ ਹਿਮਾਚਲ ਦੇ ਕਿਸਾਨਾਂ ਦੇ ਟਮਾਟਰ ਪੂਰੇ ਦੇਸ਼ ਵਿੱਚ ਵਿਕ ਗਏ ਸਨ। ਜੈਰਾਮ ਟਮਾਟਰ ਤੋਂ ਇਲਾਵਾ ਹੋਰ ਸਬਜ਼ੀਆਂ ਦਾ ਉਤਪਾਦਨ ਕਰਦਾ ਹੈ।

ਜੈਰਾਮ ਦੇ ਵੱਡੇ ਪੁੱਤਰ ਸਤੀਸ਼ ਨੇ ਦੱਸਿਆ ਕਿ ਫ਼ਸਲ ਸਿੱਧੀ ਦਿੱਲੀ ਦੀ ਆਜ਼ਾਦਪੁਰ ਮੰਡੀ ਵਿੱਚ ਭੇਜੀ ਜਾ ਰਹੀ ਹੈ। ਇੱਥੋਂ ਦੇ ਵਿਚੋਲੇ ਨਾਲ ਕਰੀਬ 15-20 ਸਾਲ ਪੁਰਾਣਾ ਸਬੰਧ ਹੈ। ਖੇਤੀ ਦਾ ਲੰਬਾ ਤਜ਼ਰਬਾ ਰੱਖਣ ਵਾਲੇ ਜੈਰਾਮ ਕੋਲ ਖਾਦਾਂ ਅਤੇ ਕੀਟਨਾਸ਼ਕਾਂ ਦਾ ਗਿਆਨ ਹੈ ਅਤੇ ਇਸ ਦੀ ਮਦਦ ਨਾਲ ਫ਼ਸਲ ਕੀੜਿਆਂ ਤੋਂ ਸੁਰੱਖਿਅਤ ਰਹਿੰਦੀ ਹੈ। ਕੁਝ ਮਹੀਨਿਆਂ ਦੀ ਮਿਹਨਤ ਸਦਕਾ ਇਹ ਪਰਿਵਾਰ ਕਰੋੜਪਤੀ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਵਿੱਤੀ ਪ੍ਰਬੰਧਨ ਦੀ ਜ਼ਿੰਮੇਵਾਰੀ ਉਹ ਖੁਦ ਸੰਭਾਲਦਾ ਹੈ।

ਜ਼ਿਕਰਯੋਗ ਹੈ ਕਿ ਪੂਰੇ ਦੇਸ਼ ਵਿੱਚ ਟਮਾਟਰ ਦੀ ਕੀਮਤਾਂ ਨੇ ਲੋਕਾਂ ਦੇ ਚਿਹਰੇ ਲਾਲ ਕੀਤੇ ਹੋਏ ਹਨ। ਬਰਸਾਤ ਵਿੱਚ ਫਸਲ ਖਰਾਬ ਹੋਣ ਕਾਰਨ ਮਾਰਕਿਟ ਵਿੱਚ ਟਮਾਟਰ ਦੀ ਥੁੜ੍ਹ ਹੋ ਗਈ ਹੈ। ਜਿਸ ਕਾਰਨ ਜਿੰਨਾਂ ਕਿਸਾਨਾਂ ਦੀ ਫਸਲ ਬਚ ਗਈ ਹੈ, ਉਨ੍ਹਾਂ ਦੇ ਵਾਰੇ ਨਿਆਰੇ ਹੋ ਗਏ ਹਨ।