India

ਹਿਮਾਚਲ ਜਿੱਤ ਕੇ ਵੀ ਕਾਂਗਰਸ 2 ਵਜ੍ਹਾ ਨਾਲ ਟੈਨਸ਼ਨ ‘ਚ !CM ਜੈਰਾਮ ਹਾਰ ਕੇ ਵੀ ਜਿੱਤੇ,ਅਨੁਰਾਗ ਠਾਕੁਰ ਨਾਲ ਹੋਈ ਬੁਰੀ

Himachal election result 2022

ਬਿਊਰੋ ਰਿਪੋਰਟ : 4 ਸਾਲ ਬਾਅਦ ਕਾਂਗਰਸ ਨੂੰ ਪੂਰੇ ਦੇਸ਼ ਤੋਂ ਪਹਿਲੀ ਸਿਆਸੀ ਖੁਸ਼ੀ ਨਸੀਬ ਹੋਈ ਹੈ । ਅਖੀਰਲੀ ਵਾਰ ਕਾਂਗਰਸ ਨੇ 2018 ਵਿੱਚ ਮੱਧ ਪ੍ਰਦੇਸ਼,ਛੱਤੀਸਗੜ੍ਹ ਅਤੇ ਰਾਜਸਥਾਨ ਜਿੱਤ ਕੇ ਖੁਸ਼ੀ ਮਨਾਈ ਸੀ । ਹੁਣ 4 ਸਾਲ ਬਾਅਦ ਹਿਮਾਚਲ ਵਿੱਚ ਕਾਂਗਰਸ ਰਿਵਾਜ ਮੁਤਾਬਿਕ ਸੱਤਾ ਵਿੱਚ ਵਾਪਸੀ ਕਰਕੇ ਖੁਸ਼ੀ ਮਨਾ ਰਹੀ ਹੈ । ਪਰ ਕਾਂਗਰਸ ਦੇ ਲਈ ਇਹ ਖੁਸ਼ੀ ਵੀ ਟੈਨਸ਼ਨ ਵਾਲੀ ਹੈ । ਪਾਰਟੀ ਵਿੱਚ ਸੀਐੱਮ ਦੇ ਚਿਹਰੇ ਨੂੰ ਲੈਕੇ ਪ੍ਰਤਿਭਾ ਸਿੰਘ ਅਤੇ ਸੁਖਵਿੰਦਰ ਸਿੰਘ ਸੁੱਖੂ ਖੇਮਾ ਆਪੋ ਆਪਣੇ ਤਰੀਕੇ ਨਾਲ ਦਾਅਵੇ ਕਰ ਰਿਹਾ ਹੈ । ਹਾਲਾਂਕਿ ਦੀ ਦੋਵੇ ਆਗੂ ਫੈਸਲਾ ਫਿਲਹਾਲ ਦੀ ਘੜੀ ਹਾਈਕਮਾਨ ‘ਤੇ ਛੱਡ ਰਹੇ ਹਨ । ਪਰ ਪਾਰਟੀ ਹਾਈਕਮਾਨ ਨੂੰ ਵੀ ਪਤਾ ਹੈ ਕਿ ਜਦੋਂ ਵਿਧਾਇਕ ਦਲ ਦੀ ਮੀਟਿੰਗ ਵਿੱਚ CM ਦਾ ਨਾਂ ਚੁਣਨ ਦੀ ਵਾਰੀ ਸਾਹਮਣੇ ਆਵੇਗੀ ਤਾਂ ਉਨ੍ਹਾਂ ਲਈ ਇਹ ਅਸਾਨ ਨਹੀਂ ਹੋਵੇਗਾ । ਸਿਰਫ਼ ਇੰਨਾਂ ਹੀ ਨਹੀਂ ਕਾਂਗਰਸ ਲਈ ਚੋਣ ਜਿੱਤਣ ਤੋਂ ਬਾਅਦ ਬਗ਼ਾਵਤ ਨੂੰ ਰੋਕਣ ਦੀ ਚੁਣੌਤੀ ਤਾਂ ਹੈ ਇੱਕ ਹੋਰ ਟੈਨਸ਼ਨ ਹੈ ਬੀਜੇਪੀ ਦੇ ਆਪਰੇਸ਼ਨ ਲੋਟਸ ਦੀ । ਹਾਲਾਂਕਿ ਜੈਰਾਮ ਠਾਕੁਰ ਨੇ ਹਾਰ ਤੋਂ ਬਾਅਦ ਸਾਫ ਕਰ ਦਿੱਤਾ ਕਿ ਬੀਜੇਪੀ ਸਰਕਾਰ ਬਣਾਉਣ ਦੀ ਕੋਈ ਪਹਿਲ ਨਹੀਂ ਕਰੇਗੀ। ਪਰ ਟੈਨਸ਼ਨ ਤਾਂ ਅਗਲੇ 5 ਸਾਲਾਂ ਤੱਕ ਬਣੀ ਰਹੇਗੀ। ਕਿਉਂਕਿ ਬੀਜੇਪੀ ਨੇ ਮਹਾਰਸ਼ਟਰ, ਕਰਨਾਟਕ ਅਤੇ ਮੱਧ ਪ੍ਰਦੇਸ਼ ਵਿੱਚ ਆਪਰੇਸ਼ਨ ਲੋਟਸ ਦੇ ਜ਼ਰੀਏ ਕਾਂਗਰਸ ਦੀ ਸਰਕਾਰ ਪਲਟ ਦਿੱਤੀ ਸੀ ।

ਜੈਰਾਮ ਠਾਕੁਰ ਚੋਣ ਹਾਰ ਕੇ ਵੀ ਜਿੱਤੇ,ਅਨੁਰਾਗ ਠਾਕੁਰ ਫਸੇ

ਹਾਲਾਂਕਿ ਬੀਜੇਪੀ ਦਾ ਹਿਮਾਚਲ ਵਿੱਚ ਸਿਆਸੀ ਰਿਵਾਜ ਬਦਲਣ ਦਾ ਨਾਅਰਾ ਫੇਲ੍ਹ ਸਾਹਿਬ ਹੋਇਆ ਹੈ ਕਾਂਗਰਸ ਨੇ 40 ਸੀਟਾਂ ਹਾਸਲ ਕਰਕੇ ਵਜ਼ਾਰਤ ਵਿੱਚ ਵਾਪਸੀ ਕੀਤੀ ਹੈ ਜਦਕਿ ਬੀਜੇਪੀ ਦੇ ਖਾਤੇ ਵਿੱਚ 25 ਸੀਟਾਂ ਹੀ ਗਈਆਂ ਹਨ । 3 ਆਜ਼ਾਦ ਉਮੀਦਵਾਰ ਜਿੱਤੇ,ਆਪ ਦੇ ਉਮੀਦਵਾਰਾਂ ਦੀ ਤਾਂ ਜ਼ਮਾਨਤ ਹੀ ਜ਼ਬਤ ਹੋ ਗਈ ਹੈ। ਪਰ ਇਸ ਸਿਆਸੀ ਹਲਚਲ ਵਿੱਚ ਜੈਰਾਮ ਠਾਕੁਰ ਦਾ ਕੱਦ ਪਾਰਟੀ ਵਿੱਚ ਉੱਚਾ ਹੋਇਆ ਹੈ ਜਦਕਿ ਅਨੁਰਾਗ ਠਾਕੁਰ ਲਈ ਚੋਣ ਨਤੀਜੇ ਵੱਡਾ ਝਟਕਾ ਲੈਕੇ ਆਏ ਹਨ। ਮੁੱਖ ਮੰਤਰੀ ਜੈਰਾਮ ਠਾਕੁਰ ਨੇ ਆਪਣੇ ਮੰਡੀ ਜ਼ਿਲ੍ਹੇ ਦੀਆਂ 10 ਵਿੱਚੋਂ 9 ਸੀਟਾਂ ਜਿੱਤਿਆਂ,ਉਹ ਆਪ 7ਵੀਂ ਵਾਰ ਰਿਕਾਰਡ ਮਾਰਜਨ ਤੋਂ ਜਿੱਤੇ। ਪਰ ਹਿਮਾਚਲ ਵਿੱਚ ਪਾਰਟੀ ਦਾ ਇੱਕ ਹੋਰ ਵੱਡਾ ਚਿਹਰਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਆਪਣੇ ਹਮੀਰਪੁਰ ਲੋਕਸਭਾ ਹਲਕੇ ਵਿੱਚੋਂ ਪੰਜੋ ਵਿਧਾਨਸਭਾ ਸੀਟਾਂ ਹਾਰ ਗਏ, ਬੀਜੇਪੀ ਦੇ ਖਾਤੇ ਵਿੱਚ ਇੱਕ ਵੀ ਸੀਟ ਨਹੀਂ ਗਈ । 2017 ਵਿੱਚ ਅਨੁਰਾਗ ਠਾਕੁਰ ਦੇ ਪਿਤਾ ਪ੍ਰੇਮ ਕੁਮਾਰ ਧੂਮਲ ਮੁੱਖ ਮੰਤਰੀ ਦਾ ਚਿਹਰਾ ਹੋਣ ਦੇ ਬਾਵਜੂਦ ਆਪ ਚੋਣ ਹਾਰ ਗਏ ਸਨ । ਅਨੁਰਾਗ ਠਾਕੁਰ ਅਤੇ ਜੈਰਾਮ ਠਾਕੁਰ ਦੇ ਆਪੋ ਆਪਣੇ ਖੇਮੇ ਹਨ। ਜੈਰਾਮ ਠਾਕੁਰ ਬੀਜੇਪੀ ਦੇ ਕੌਮੀ ਪ੍ਰਧਾਨ ਜੇ.ਪੀ ਨੱਡਾ ਦੇ ਨਜ਼ਦੀਕੀ ਹੋਣ ਦੀ ਵਜ੍ਹਾ ਕਰਕੇ ਸੀਐੱਮ ਬਣੇ ਸਨ । ਬੀਜੇਪੀ ਜਦੋਂ ਹਾਰ ਦੀ ਪਰਚੌਲ ਕਰੇਗੀ ਤਾਂ ਅਨੁਰਾਗ ਠਾਕੁਰ ‘ਤੇ ਵੀ ਉਂਗਲਾ ਉਠਣਗੀਆਂ ਕਿਉਂਕਿ ਨਾ ਉਹ ਆਪਣੇ ਹਲਕੇ ਵਿੱਚ ਪਾਰਟੀ ਨੂੰ ਜਿੱਤ ਦਿਵਾ ਸਕੇ ਨਾ ਹੀ ਬਾਗ਼ੀਆਂ ਨੂੰ ਸ਼ਾਂਤ ਕਰਵਾ ਸਕੇ। ਬੀਜੇਪੀ ਨੂੰ ਚੋਣਾਂ ਵਿੱਚ ਸ਼ੁਰੂ ਤੋਂ ਬਾਗ਼ੀਆਂ ਤੋਂ ਡਰ ਲੱਗ ਰਿਹਾ ਸੀ ਉਹ ਸੱਚ ਵੀ ਸਾਬਿਤ ਹੋਇਆ ਜਿਹੜੀਆਂ 3 ਸੀਟਾਂ ‘ਤੇ ਆਜ਼ਾਦ ਉਮੀਦਵਾਰ ਜਿੱਤੇ ਹਨ ਉਹ ਤਿੰਨੋ ਬੀਜੇਪੀ ਦੇ ਹੀ ਬਾਗ਼ੀ ਹਨ। ਜੈਰਾਮ ਠਾਕੁਰ ਇਸ ਲਈ ਬਚ ਸਕਦੇ ਹਨ ਕਿਉਂਕਿ ਉਹ ਬੀਜੇਪੀ ਦੇ ਕੌਮੀ ਪ੍ਰਧਾਨ ਜੇ.ਪੀ ਨੱਡਾ ਦੇ ਨਜ਼ਦੀਕੀ ਹਨ ਅਤੇ ਉਨ੍ਹਾਂ ਨੇ ਆਪਣੇ ਗ੍ਰਹਿ ਜ਼ਿਲ੍ਹੇ ਵਿੱਚ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ।

ਆਮ ਆਦਮੀ ਪਾਰਟੀ ਦੀ ਜ਼ਮਾਨਤ ਜ਼ਬਤ

ਪੰਜਾਬ ਜਿੱਤਣ ਤੋਂ ਬਾਅਦ ਹੀ ਆਮ ਆਦਮੀ ਪਾਰਟੀ ਹਿਮਾਚਲ ਵਿੱਚ ਜ਼ੋਰਾ-ਸ਼ੋਰਾ ਨਾਲ ਪ੍ਰਚਾਰ ਕਰ ਰਹੀ ਸੀ। ਕੇਜਰੀਵਾਲ ਨੂੰ ਉਮੀਦ ਸੀ ਗੁਆਂਢੀ ਸੂਬਾ ਹੋਣ ਦੀ ਵਜ੍ਹਾ ਕਰਕੇ ਹਿਮਾਚਲ ਵਿੱਚ ਵੀ ਉਹ ਜਿੱਤ ਹਾਸਲ ਕਰ ਸਕਦੇ ਹਨ। ਭਗਵੰਤ ਮਾਨ ਨੂੰ ਲੈਕੇ ਆਮ ਸੁਪਰੀਮੋ ਨੇ ਕਈ ਵਾਰ ਰੋਡ ਸ਼ੋਅ ਕੀਤੇ ਅਤੇ ਰੈਲੀਆਂ ਕੀਤੀਆਂ ਪਰ ਚੋਣਾਂ ਤੋਂ 2 ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਨੂੰ ਸਮਝ ਆ ਗਿਆ ਸੀ ਕਿ ਹਿਮਾਚਲ ਵਿੱਚ ਸਿਆਸੀ ਦਾਲ ਗਲਨ ਵਾਲੀ ਨਹੀਂ ਹੈ। ਪਾਰਟੀ ਨੇ ਹੋਲੀ-ਹੋਲੀ ਆਪਣਾ ਸਿਆਸੀ ਬੋਰਿਆਂ ਬਿਸਤਰਾਂ ਸਾਂਭਣਾ ਸ਼ੁਰੂ ਕਰ ਦਿੱਤਾ ਸੀ ਨਤੀਜਿਆਂ ਵਿੱਚ ਇਹ ਨਜ਼ਰ ਵੀ ਆਇਆ ਹੈ ਪਾਰਟੀ ਨੂੰ 1 ਵੀ ਸੀਟ ਹਾਸਲ ਨਹੀਂ ਹੋਈ,ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ,ਆਪ ਦੇ ਖਾਤੇ ਵਿੱਚ ਸਿਰਫ਼ 1.10 ਫੀਸਦੀ ਵੋਟ ਆਏ। ਜਦਕਿ ਬੀਜੇਪੀ ਨੂੰ 42.99 ਫੀਸਦੀ ਅਤੇ ਕਾਂਗਰਸ ਨੂੰ 43.87 ਫੀਸਦੀ ਵੋਟ ਮਿਲੇ । ਹਿਮਾਚਲ ਵਿੱਚ ਕਾਂਗਰਸ ਨੇ 12 ਜ਼ਿਲ੍ਹਿਆਂ ਵਿੱਚੋਂ 6 ਜ਼ਿਲ੍ਹਿਆਂ ਵਿੱਚ ਬੀਜੇਪੀ ਨੂੰ ਬੁਰੀ ਤਰ੍ਹਾਂ ਹਰਾਇਆ,ਹਿਮਾਚਲ ਦੀ ਵਜ਼ਾਰਤ ਦਾ ਫੈਸਲਾ ਕਰਨ ਵਾਲੇ ਕਾਂਗੜਾ ਜ਼ਿਲ੍ਹੇ ਦੀਆਂ 15 ਸੀਟਾਂ ਵਿੱਚੋਂ ਕਾਂਗਰਸ ਨੇ 10 ਜਿੱਤਿਆਂ,ਬੀਜੇਪੀ ਸਿਰਫ਼ 4 ਹੀ ਜਿੱਤ ਸਕੀ ਜਦਕਿ 1 ਸੀਟ ਆਜ਼ਾਦ ਉਮੀਦਵਾਰ ਦੇ ਖਾਤੇ ਵਿੱਚ ਗਈ ।