ਬਿਊਰੋ ਰਿਪੋਰਟ (ਚੰਡੀਗੜ੍ਹ, 1 ਸਤੰਬਰ 2025): ਉੱਤਰੀ ਭਾਰਤ ਦੇ ਹਿਮਾਚਲ, ਪੰਜਾਬ, ਹਰਿਆਣਾ, ਉੱਤਰਾਖੰਡ ਅਤੇ ਜੰਮੂ-ਕਸ਼ਮੀਰ ਵਿੱਚ ਭਾਰੀ ਮੀਂਹ ਕਾਰਨ ਹਾਲਾਤ ਗੰਭੀਰ ਹੋ ਗਏ ਹਨ। ਪੰਜਾਬ ਦੇ 9 ਜ਼ਿਲ੍ਹਿਆਂ ਵਿੱਚ ਹੜ੍ਹ ਦੀ ਸਥਿਤੀ ਹੈ। ਹੁਣ ਤੱਕ 1312 ਪਿੰਡ ਹੜ੍ਹ ਨਾਲ ਪ੍ਰਭਾਵਿਤ ਹੋ ਚੁੱਕੇ ਹਨ। ਭਾਖੜਾ ਡੈਮ ਦੇ ਫਲੱਡ ਗੇਟ 4-4 ਫੁੱਟ ਤੱਕ ਖੋਲ੍ਹੇ ਗਏ ਹਨ।
ਹਿਮਾਚਲ ਵਿੱਚ ਐਤਵਾਰ ਤੋਂ ਤੇਜ਼ ਮੀਂਹ ਜਾਰੀ ਹੈ। ਸ਼ਿਮਲਾ ਦੇ ਕੋਟਖਾਈ, ਜੁਬਲ ਅਤੇ ਜੁੰਗਾ ਵਿੱਚ ਰਾਤ ਨੂੰ ਢਿੱਗਾਂ ਡਿੱਗਣ ਨਾਲ 4 ਲੋਕਾਂ ਦੀ ਮੌਤ ਹੋ ਗਈ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਵਿਧਾਨ ਸਭਾ ਵਿੱਚ ਹਿਮਾਚਲ ਨੂੰ ਆਫ਼ਤ ਪ੍ਰਭਾਵਿਤ ਸੂਬਾ ਘੋਸ਼ਿਤ ਕਰ ਦਿੱਤਾ ਹੈ।
ਚੰਡੀਗੜ੍ਹ-ਮਨਾਲੀ ਫੋਰ ਲੇਨ ਸਮੇਤ 5 ਰਾਸ਼ਟਰੀ ਹਾਈਵੇਅ ਅਤੇ ਕਰੀਬ 800 ਸੜਕਾਂ ਬੰਦ ਹਨ। ਕੁੱਲੂ ਸਮੇਤ 10 ਜ਼ਿਲ੍ਹਿਆਂ ਵਿੱਚ ਸੋਮਵਾਰ ਨੂੰ ਸਕੂਲ-ਕਾਲਜ ਬੰਦ ਕੀਤੇ ਗਏ ਹਨ।
ਹਰਿਆਣਾ ਦੇ 6 ਜ਼ਿਲ੍ਹਿਆਂ ਵਿੱਚ ਵੀ ਹੜ੍ਹ ਵਰਗੇ ਹਾਲਾਤ ਹਨ। ਸਿਰਸਾ ਵਿੱਚ ਇਕ ਨਹਿਰ ਟੁੱਟਣ ਨਾਲ 50 ਏਕੜ ਖੜ੍ਹੀ ਫਸਲ ਪਾਣੀ ਵਿੱਚ ਡੁੱਬ ਗਈ। ਸਰਕਾਰੀ ਅੰਕੜਿਆਂ ਮੁਤਾਬਕ ਸੂਬੇ ਵਿੱਚ ਹੁਣ ਤੱਕ 2.50 ਲੱਖ ਏਕੜ ਫਸਲ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਕਰੀਬ 40 ਹਜ਼ਾਰ ਕਿਸਾਨ ਪ੍ਰਭਾਵਿਤ ਹੋਏ ਹਨ।