India

ਹਿਮਾਚਲ ਬੱਸ ਹਾਦਸੇ ’ਚ ਮੌਤਾਂ ਦੀ ਗਿਣਤੀ ਵਧੀ, ਮਲਬੇ ’ਚੋਂ ਮਿਲੀ ਬੱਚੇ ਦੀ ਲਾਸ਼

ਬਿਊਰੋ ਰਿਪੋਰਟ (8 ਅਕਤੂਬਰ, 2025): ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਬਿਲਾਸਪੁਰ ‘ਚ ਮੰਗਲਵਾਰ ਸ਼ਾਮ ਇਕ ਬੱਸ ‘ਤੇ ਪਹਾੜ ਤੋਂ ਮਲਬਾ ਆ ਡਿੱਗਿਆ। ਇਸ ਦੁਰਘਟਨਾ ਵਿੱਚ ਹੁਣ ਤੱਕ 16 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਦਸੇ ਵੇਲੇ ਬੱਸ ‘ਚ ਬੱਚੇ ਵੀ ਸਵਾਰ ਸਨ।

NDRF ਦੀ ਟੀਮ ਨੇ ਬੁੱਧਵਾਰ ਸਵੇਰੇ 6:40 ਵਜੇ ਸ਼ੁਰੂ ਕੀਤੇ ਬਚਾਅ ਕਾਰਜ ਦੌਰਾਨ ਮਲਬੇ ਵਿੱਚੋਂ ਇਕ ਬੱਚੇ ਦੀ ਲਾਸ਼ ਬਰਾਮਦ ਕੀਤੀ। ਇਸ ਤੋਂ ਪਹਿਲਾਂ ਦੋ ਬੱਚਿਆਂ ਨੂੰ ਮਲਬੇ ਵਿਚੋਂ ਸੁਰੱਖਿਅਤ ਕੱਢ ਲਿਆ ਗਿਆ ਸੀ।

ਇਸ ਘਟਨਾ ਨੂੰ ਲੈ ਕੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸੂਬਾ ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।

ਬਿਲਾਸਪੁਰ ਦੇ ਐਸਪੀ ਸੰਦੀਪ ਧਵਲ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ 9 ਮਰਦ, 4 ਔਰਤਾਂ ਅਤੇ 2 ਲੜਕੇ ਸ਼ਾਮਲ ਹਨ। ਇੱਕ ਲੜਕਾ ਅਤੇ ਇੱਕ ਲੜਕੀ ਜ਼ਖ਼ਮੀ ਹਨ। ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਬੁੱਧਵਾਰ ਸਵੇਰੇ 7 ਵਜੇ ਬਰਠੀ ਹਸਪਤਾਲ ਵਿੱਚ ਸ਼ੁਰੂ ਹੋਇਆ ਅਤੇ ਜ਼ਿਆਦਾਤਰ ਮ੍ਰਿਤਕ ਦੇਹਾਂ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ।

ਹਾਦਸੇ ਦੌਰਾਨ ਬੱਸ ਦੀ ਛਤ ਟੁੱਟ ਕੇ ਖੱਡ ਵਿੱਚ ਜਾ ਗਿਰੀ ਅਤੇ ਫਿਰ ਪੂਰੀ ਬੱਸ ਮਲਬੇ ਹੇਠਾਂ ਦੱਬ ਗਈ। ਇਹ ਬੱਸ ਮਰੋਤਨ ਤੋਂ ਘੁਮਾਰਵੀ ਜਾ ਰਹੀ ਸੀ। ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਦੀ ਸੂਚਨਾ ‘ਤੇ ਪੁਲਿਸ ਅਤੇ ਪ੍ਰਸ਼ਾਸਨ ਤੁਰੰਤ ਮੌਕੇ ‘ਤੇ ਪਹੁੰਚੇ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਇਸ ਦੁਰਘਟਨਾ ‘ਤੇ ਦੁੱਖ ਪ੍ਰਗਟਾਇਆ ਹੈ ਅਤੇ ਐਲਾਨ ਕੀਤਾ ਹੈ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਕੋਸ਼ ਵੱਲੋਂ 2-2 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ, ਜਦਕਿ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਮਿਲਣਗੇ।