India

ਚੋਣ ਨਤੀਜਿਆਂ ਤੋਂ ਪਹਿਲਾਂ ਹਿਮਾਚਲ ’ਚ ਵੱਡੀ ਸਿਆਸੀ ਉਥਲ-ਪੁਥਲ! ਤਿੰਨ ਆਜ਼ਾਦ ਵਿਧਾਇਕਾਂ ਦੇ ਅਸਤੀਫ਼ੇ ਮਨਜ਼ੂਰ

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਕੁਲਦੀਪ ਸਿੰਘ ਪਠਾਨੀਆ ਨੇ ਤਿੰਨ ਆਜ਼ਾਦ ਵਿਧਾਇਕਾਂ ਦੇ ਅਸਤੀਫ਼ੇ ਮਨਜ਼ੂਰ ਕਰ ਲਏ ਹਨ। ਇਸ ਤੋਂ ਬਾਅਦ ਹੁਣ ਤਿੰਨ ਆਜ਼ਾਦ ਵਿਧਾਇਕ ਕ੍ਰਿਸ਼ਨ ਲਾਲ ਠਾਕੁਰ, ਹੁਸ਼ਿਆਰ ਸਿੰਘ ਅਤੇ ਆਸ਼ੀਸ਼ ਸ਼ਰਮਾ ਵਿਧਾਨ ਸਭਾ ਦੇ ਮੈਂਬਰ ਨਹੀਂ ਰਹੇ। ਅਜਿਹੇ ਵਿੱਚ ਆਉਣ ਵਾਲੇ ਛੇ ਮਹੀਨਿਆਂ ’ਚ ਹਿਮਾਚਲ ਪ੍ਰਦੇਸ਼ ਦੇ ਤਿੰਨ ਹੋਰ ਵਿਧਾਨ ਸਭਾ ਹਲਕਿਆਂ ਵਿੱਚ ਵੀ ਉਪ ਚੋਣਾਂ ਹੋਣੀਆਂ ਹਨ।

ਕ੍ਰਿਸ਼ਨ ਲਾਲ ਠਾਕੁਰ (Krishan Lal Thakur) – ਨਾਲਾਗੜ੍ਹ, ਹੁਸ਼ਿਆਰ ਸਿੰਘ (Hoshiar Singh )- ਡੇਹਰਾ ਅਤੇ ਆਸ਼ੀਸ਼ ਸ਼ਰਮਾ (Ashish Sharma)- ਹਮੀਰਪੁਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸਨ। ਇਨ੍ਹਾਂ ਤਿੰਨਾਂ ਆਜ਼ਾਦ ਵਿਧਾਇਕਾਂ ਨੇ 22 ਮਾਰਚ ਨੂੰ ਆਪਣੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ 23 ਮਾਰਚ ਨੂੰ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਇਨ੍ਹਾਂ ਤਿੰਨਾਂ ਆਜ਼ਾਦ ਵਿਧਾਇਕਾਂ ਨੇ ਆਪਣੇ ਅਸਤੀਫ਼ੇ ਮਨਜ਼ੂਰ ਹੋਣ ’ਤੇ ਖੁਸ਼ੀ ਜ਼ਾਹਰ ਕੀਤੀ ਹੈ।

ਵਿਧਾਨ ਸਭਾ ਦੇ ਸਪੀਕਰ ਕੁਲਦੀਪ ਸਿੰਘ ਪਠਾਨੀਆ ਨੇ ਦੱਸਿਆ ਕਿ 22 ਮਾਰਚ ਨੂੰ ਤਿੰਨ ਆਜ਼ਾਦ ਵਿਧਾਇਕਾਂ ਨੇ ਅਸਤੀਫ਼ਾ ਦੇ ਦਿੱਤਾ ਸੀ। 23 ਮਾਰਚ ਨੂੰ ਦਿੱਲੀ ਵਿੱਚ ਤਿੰਨੋਂ ਆਜ਼ਾਦ ਵਿਧਾਇਕ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਹੋਣ ਕਾਰਨ ਫੈਸਲਾ ਕਰਨ ਵਿੱਚ ਕੁਝ ਸਮਾਂ ਲੱਗਾ ਹੈ। ਕੁਲਦੀਪ ਸਿੰਘ ਪਠਾਨੀਆ ਨੇ ਦੱਸਿਆ ਕਿ ਸੱਤਾਧਾਰੀ ਪਾਰਟੀ ਦੇ ਮੈਂਬਰ ਜਗਤ ਸਿੰਘ ਨੇਗੀ ਵੱਲੋਂ ਦਲ-ਬਦਲ ਵਿਰੋਧੀ ਕਾਨੂੰਨ ਤਹਿਤ ਤਿੰਨ ਆਜ਼ਾਦ ਵਿਧਾਇਕਾਂ ਦੀ ਮੈਂਬਰਸ਼ਿਪ ਰੱਦ ਕਰਨ ਲਈ ਪਟੀਸ਼ਨ ਵੀ ਦਾਇਰ ਕੀਤੀ ਗਈ ਹੈ।

ਕੁਲਦੀਪ ਸਿੰਘ ਪਠਾਨੀਆ ਨੇ ਕਿਹਾ ਕਿ ਉਨ੍ਹਾਂ ਇਸ ਮਾਮਲੇ ਵਿੱਚ ਸਖ਼ਤੀ ਵਰਤੀ, ਤੇ ਕਠੋਰ ਫੈਸਲਾ ਨਹੀਂ ਦਿੱਤਾ। ਵਿਧਾਨ ਸਭਾ ਦੇ ਸਪੀਕਰ ਕੁਲਦੀਪ ਸਿੰਘ ਪਠਾਨੀਆ ਕੋਲ ਵੀ ਤਿੰਨ ਆਜ਼ਾਦ ਵਿਧਾਇਕਾਂ ਦੀ ਮੈਂਬਰਸ਼ਿਪ ਰੱਦ ਕਰਨ ਦਾ ਵਿਕਲਪ ਵੀ ਸੀ ਕਿਉਂਕਿ ਇਸ ਸਬੰਧੀ ਸੱਤਾਧਾਰੀ ਪਾਰਟੀ ਦੇ ਮੈਂਬਰ ਅਤੇ ਸਰਕਾਰ ਦੇ ਮੰਤਰੀ ਕੁਲਦੀਪ ਜਗਤ ਸਿੰਘ ਨੇਗੀ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ।

ਇਹ ਤਿੰਨੇ ਵਿਧਾਇਕ ਆਪਣੇ ਅਸਤੀਫ਼ੇ ਮੰਨੇ ਜਾਣ ’ਤੇ ਬੇਹੱਦ ਖ਼ੁਸ਼ ਹਨ। ਕ੍ਰਿਸ਼ਨ ਲਾਲ ਠਾਕੁਰ ਨੇ ਕਿਹਾ ਕਿ ਹੁਣ ਜੇ ਉਨ੍ਹਾਂ ਨੂੰ ਵਿਧਾਨ ਸਭਾ ਜ਼ਿਮਨੀ ਚੋਣ ’ਚ ਭਾਜਪਾ ਤੋਂ ਟਿਕਟ ਮਿਲਦੀ ਹੈ ਤਾਂ ਉਹ ਜ਼ਿਮਨੀ ਚੋਣ ਲੜਨਗੇ। ਦੱਸ ਦਈਏ ਕਿ ਤਿੰਨ ਆਜ਼ਾਦ ਵਿਧਾਇਕਾਂ ਨੇ ਵੀ ਆਪਣੇ ਅਸਤੀਫ਼ੇ ਪ੍ਰਵਾਨ ਨਾ ਕੀਤੇ ਜਾਣ ਨੂੰ ਲੈ ਕੇ ਹਿਮਾਚਲ ਪ੍ਰਦੇਸ਼ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਸੰਭਵ ਹੈ ਕਿ ਤਿੰਨੇ ਆਜ਼ਾਦ ਵਿਧਾਇਕ ਜਲਦੀ ਹੀ ਹਿਮਾਚਲ ਪ੍ਰਦੇਸ਼ ਹਾਈ ਕੋਰਟ ਤੋਂ ਇਹ ਪਟੀਸ਼ਨ ਵਾਪਸ ਲੈ ਸਕਦੇ ਹਨ।

ਕੀ ਹੈ ਪੂਰਾ ਮਾਮਲਾ?

ਦਰਅਸਲ ਹਿਮਾਚਲ ਪ੍ਰਦੇਸ਼ ਵਿੱਚ 27 ਫਰਵਰੀ ਨੂੰ ਰਾਜ ਸਭਾ ਸੀਟਾਂ ਲਈ ਚੋਣਾਂ ਹੋਈਆਂ ਸਨ। ਇਸ ਰਾਜ ਸਭਾ ਚੋਣ ਵਿੱਚ ਘੱਟ ਗਿਣਤੀ ਦੇ ਬਾਵਜੂਦ ਭਾਜਪਾ ਦੇ ਹਰਸ਼ ਮਹਾਜਨ ਨੇ ਜਿੱਤ ਦਰਜ ਕਰ ਲਈ ਸੀ। ਕਾਂਗਰਸ ਦੇ ਛੇ ਵਿਧਾਇਕਾਂ ਨੇ ਆਪਣੇ ਉਮੀਦਵਾਰ ਡਾਕਟਰ ਅਭਿਸ਼ੇਕ ਮਨੂ ਸਿੰਘਵੀ ਦੀ ਥਾਂ ਹਰਸ਼ ਮਹਾਜਨ ਨੂੰ ਵੋਟ ਪਾ ਕੇ ਬਗ਼ਾਵਤ ਕਰ ਦਿੱਤੀ ਸੀ। ਕਾਂਗਰਸ ਦੇ ਛੇ ਵਿਧਾਇਕਾਂ ਦੇ ਨਾਲ ਤਿੰਨ ਆਜ਼ਾਦ ਵਿਧਾਇਕਾਂ ਨੇ ਵੀ ਹਰਸ਼ ਮਹਾਜਨ ਨੂੰ ਵੋਟ ਪਾਈ। ਉਦੋਂ ਤੋਂ ਕਾਂਗਰਸ ਦੇ ਛੇ ਅਤੇ ਤਿੰਨ ਆਜ਼ਾਦ ਵਿਧਾਇਕ ਹਿਮਾਚਲ ਪ੍ਰਦੇਸ਼ ਤੋਂ ਬਾਹਰ ਚਲੇ ਗਏ ਸਨ।

ਬਜਟ ’ਤੇ ਵੋਟਿੰਗ ਲਈ ਜਾਰੀ ਵ੍ਹਿਪ ਦੀ ਉਲੰਘਣਾ ਕਰਕੇ ਕਾਂਗਰਸ ਦੇ 6 ਵਿਧਾਇਕਾਂ ਦੀ ਮੈਂਬਰਸ਼ਿਪ ਨੂੰ ਵਿਧਾਨ ਸਭਾ ’ਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਸੀ ਪਰ ਤਿੰਨ ਆਜ਼ਾਦ ਵਿਧਾਇਕਾਂ ਨੇ 22 ਮਾਰਚ ਨੂੰ ਵੱਖਰੇ ਤੌਰ ’ਤੇ ਅਸਤੀਫ਼ਾ ਦੇ ਦਿੱਤਾ ਸੀ | ਹੁਣ ਸੰਭਾਵਨਾ ਹੈ ਕਿ ਇਨ੍ਹਾਂ ਤਿੰਨਾਂ ਆਜ਼ਾਦ ਵਿਧਾਇਕਾਂ ਨੂੰ ਭਾਜਪਾ ਵੱਲੋਂ ਚੋਣਾਂ ਵਿੱਚ ਉਮੀਦਵਾਰ ਬਣਾਇਆ ਜਾਵੇਗਾ। ਇਸ ਤੋਂ ਪਹਿਲਾਂ ਭਾਜਪਾ ਨੇ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਸਾਰੇ ਛੇ ਸਾਬਕਾ ਵਿਧਾਇਕਾਂ ਨੂੰ ਵੀ ਉਪ ਚੋਣ ਵਿੱਚ ਉਮੀਦਵਾਰ ਬਣਾਇਆ ਸੀ।