ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਇੱਕ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ। ਇੱਥੇ ਬੀਐਸਐਫ ਦਾ ਇੱਕ ਜਵਾਨ ਜ਼ਿੰਦਾ ਸੜ ਗਿਆ। ਘਟਨਾ ਦੀ ਸੂਚਨਾ ਕਾਫ਼ੀ ਸਮੇਂ ਬਾਅਦ ਮਿਲੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਚੱਲਦੀ ਕਾਰ ‘ਚ ਅਚਾਨਕ ਅੱਗ ਲੱਗ ਗਈ ਅਤੇ ਬੀਐੱਸਐੱਫ ਜਵਾਨ ਜ਼ਿੰਦਾ ਸੜ ਗਿਆ। ਇਹ ਘਟਨਾ ਬੁੱਧਵਾਰ ਦੇਰ ਰਾਤ ਹਿਮਾਚਲ ਪ੍ਰਦੇਸ਼ ਦੇ ਚੰਬਾ-ਜੋਤ ਰੋਡ ‘ਤੇ ਸਾਹਮਣੇ ਆਈ ਹੈ। ਇਸ ਮਾਰਗ ’ਤੇ ਵਾਹਨਾਂ ਦੀ ਆਵਾਜਾਈ ਬਹੁਤ ਘੱਟ ਹੈ ਅਤੇ ਸੁੰਨਸਾਨ ਥਾਂ ਹੋਣ ਕਾਰਨ ਕਿਸੇ ਨੂੰ ਵੀ ਹਾਦਸੇ ਬਾਰੇ ਪਤਾ ਨਹੀਂ ਲੱਗ ਸਕਿਆ। ਘਟਨਾ ਤੋਂ ਬਾਅਦ ਕਾਰ ‘ਚ ਜਵਾਨ ਦੀ ਲਾਸ਼ ਦੇ ਕੁਝ ਹਿੱਸੇ ਹੀ ਬਚੇ ਸਨ। ਫ਼ਿਲਹਾਲ ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਹੈ।
ਕਾਰ ਵਿੱਚ ਜ਼ਿੰਦਾ ਸੜ ਗਏ ਬੀਐਸਐਫ ਜਵਾਨ ਦੀ ਪਛਾਣ ਅਮਿਤ ਰਾਣਾ (33) ਪੁੱਤਰ ਰਘਵੀਰ ਸਿੰਘ ਨੂਰਪੁਰ (ਕਾਂਗੜਾ) ਪਿੰਡ ਗੇਹੀਆਂ ਲਾਗੌੜ ਵਜੋਂ ਹੋਈ ਹੈ। ਅਮਿਤ ਬੁੱਧਵਾਰ ਦੇਰ ਰਾਤ ਨੂਰਪੁਰ ਤੋਂ ਚੰਬਾ ਵੱਲ ਜਾ ਰਿਹਾ ਸੀ। ਦੇਰ ਰਾਤ ਜਦੋਂ ਉਹ ਜੋਤ ਕੋਲੋਂ ਲੰਘ ਰਿਹਾ ਸੀ ਤਾਂ ਕਾਰ ਨੂੰ ਅੱਗ ਲੱਗ ਗਈ ਅਤੇ ਉਸ ਨੂੰ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ।
ਦੱਸਿਆ ਜਾ ਰਿਹਾ ਹੈ ਕਿ ਸੁਲਤਾਨਪੁਰ ਦਾ ਇਕ ਡਰਾਈਵਰ ਪਿਕਅਪ ਗੱਡੀ ਲੈ ਕੇ ਵਾਇਆ ਜੋਤ ਨੂੰ ਜਾ ਰਿਹਾ ਸੀ, ਜਦੋਂ ਉਸ ਨੇ ਸੜੀ ਹੋਈ ਗੱਡੀ ਨੂੰ ਦੇਖਿਆ ਅਤੇ ਹਾਦਸੇ ਦੀ ਸੂਚਨਾ ਫਾਇਰ ਬ੍ਰਿਗੇਡ ਅਤੇ ਪੁਲਿਸ ਨੂੰ ਦਿੱਤੀ।
ਫ਼ਿਲਹਾਲ ਮੰਨਿਆ ਜਾ ਰਿਹਾ ਹੈ ਕਿ ਕਾਰ ਦੇ ਇੰਜਣ ‘ਚ ਅੱਗ ਲੱਗ ਗਈ ਅਤੇ ਇਸ ਕਾਰਨ ਇਹ ਘਟਨਾ ਵਾਪਰੀ। ਚੰਬਾ ਪੁਲਿਸ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਰਿਸ਼ਤੇਦਾਰਾਂ ਦੇ ਬਿਆਨ ਵੀ ਦਰਜ ਕਰ ਲਏ ਗਏ ਹਨ। ਮ੍ਰਿਤਕ ਦੀਆਂ ਬਾਕੀ ਲਾਸ਼ਾਂ ਦਾ ਵੀਰਵਾਰ ਨੂੰ ਚੰਬਾ ਮੈਡੀਕਲ ਕਾਲਜ ਵਿੱਚ ਪੋਸਟਮਾਰਟਮ ਕੀਤਾ ਗਿਆ ਹੈ। ਹਾਲਾਂਕਿ ਪੁਲਿਸ ਨੂੰ ਕੁਝ ਸਵਾਲਾਂ ਦੇ ਜਵਾਬ ਵੀ ਲੱਭਣੇ ਪੈਣਗੇ। ਆਖ਼ਿਰ ਜਵਾਨ ਕਿੱਥੇ ਜਾ ਰਿਹਾ ਸੀ ਅਤੇ ਕੀ ਇਸ ਘਟਨਾ ਦਾ ਕੋਈ ਹੋਰ ਪਹਿਲੂ ਹੈ।