ਮੁਹਾਲੀ : ਸਯੁੰਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਹਾਈਵੇਅ ਜਾਮ ਕੀਤੇ ਜਾਣਗੇ। ਉਹ ਪਰਾਲੀ ਸਾੜਨ, ਝੋਨੇ ਦੀ ਢਿੱਲੀ ਖਰੀਦ ਅਤੇ ਡੀ.ਏ.ਪੀ.ਏ. ਸਬੰਧੀ ਦਰਜ ਐਫ.ਆਈ.ਆਰ ਦੇ ਮੁੱਦੇ ‘ਤੇ ਮਾਝਾ-ਮਾਲਵਾ-ਦੋਆਬਾ ਖੇਤਰ ਵਿੱਚ ਹਾਈਵੇਅ ਜਾਮ ਕਰਨਗੇ।
ਬਟਾਲਾ, ਸੰਗਰੂਰ, ਫਗਵਾੜਾ ਅਤੇ ਮੋਗਾ ਵਿੱਚ ਹਾਈਵੇਅ ਪੂਰੀ ਤਰ੍ਹਾਂ ਜਾਮ ਕਰਨਗੇ। ਇਸ ਮੌਕੇ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਪਿੱਛੇ ਨਹੀਂ ਹਟਣਗੇ। ਧਰਨਾ ਦੁਪਹਿਰ 1 ਵਜੇ ਸ਼ੁਰੂ ਹੋਵੇਗਾ।
ਇਸ ਮੌਕੇ ਦੋਨਾਂ ਸੰਗਠਨਾਂ ਵੱਲੋਂ ਸੰਬੋਧਨ ਕਰਦਿਆਂ ਪੰਜਾਬ ਦੇ ਸੀਨੀਅਰ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜਿਸ ਕਦਰ ਸਰਕਾਰਾਂ ਵੱਲੋਂ ਝੋਨੇ ਦੀ ਖਰੀਦ ਨੂੰ ਬਹਾਨੇ ਬਣਾ ਕੇ ਉਲਝਾਇਆ ਗਿਆ ਹੈ, ਓਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਸਰਕਾਰਾਂ ਕਿਸਾਨਾਂ ਨੂੰ ਸਰਕਾਰੀ ਖਰੀਦ ਤੋਂ ਹਤਾਸ਼ ਕਰਕੇ ਪ੍ਰਾਈਵੇਟ ਘਰਾਣਿਆਂ ਦੇ ਅੱਗੇ ਸ਼ਿਕਾਰ ਵਾਂਗ ਸੁੱਟਣ ਦੀ ਨੀਤੀ ਤਹਿਤ ਕੰਮ ਕਰ ਰਹੀਆਂ ਹਨ
ਪੰਧੇਰ ਨੇ ਕਿਹਾ ਕਿ ਇਸ ਦੇ ਚਲਦੇ ਮੋਗਾ, ਸੰਗਰੂਰ, ਫਗਵਾੜਾ ਅਤੇ ਗੁਰਦਾਸਪੁਰ ਤੋਂ ਹੁਸ਼ਿਆਰਪੁਰ ਜਾਣ ਵਾਲੀ ਟਾਂਡੇ ਵਾਲੀ ਸੜਕ ਤੇ ਚੱਕਾ ਜਾਮ ਕੀਤਾ ਜਾਵੇਗਾ। ਨਾਲ ਹੀ ਬਟਾਲਾ, ਜਿੱਥੇ ਸਾਡਾ ਰੇਲਵੇ ਸਟੇਸ਼ਨ ‘ਤੇ ਪੱਕਾ ਧਰਨਾ ਚੱਲ ਰਿਹਾ ਹੈ, ਹੁਣ ਸੜਕੀ ਆਵਾਜਾਈ ਜਾਮ ਕਰਕੇ ਅਸੀਂ ਧਰਨਾ ਪ੍ਰਦਰਸ਼ਨ ਕਰਾਂਗੇ।
ਮੰਡੀਆਂ ‘ਚ ਨਹੀਂ ਹੋ ਰਹੀ ਲਿਫਟਿੰਗ
ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਇੱਕ ਅਕਤੂਬਰ ਤੋਂ ਝੋਨੇ ਦੀ ਖਰੀਦ ਮੰਡੀਆਂ ਵਿੱਚ ਸ਼ੁਰੂ ਹੋ ਜਾਂਦੀ ਸੀ, ਪਰ ਮੰਡੀਆਂ ‘ਚ 10-10 ਕਿਸਾਨ ਬੈਠੇ ਹਨ ਤੇ ਮੰਡੀਆਂ ਦੇ ਵਿੱਚ ਲਿਫਟਿੰਗ ਨਹੀਂ ਹੋ ਰਹੀ ਹੈ, ਜਿਸ ਦੇ ਚਲਦੇ ਲਿਫਟਿੰਗ ਨਾ ਹੋਣ ਕਰਕੇ ਮੰਡੀਆਂ ਭਰੀਆਂ ਪਈਆਂ ਹਨ। ਉੱਥੇ ਹੁਣ ਹੋਰ ਝੋਨਾ ਜਾਣ ਦੀ ਗੁੰਜਾਇਸ਼ ਨਹੀਂ ਹੈ, ਝੋਨਾ ਦੀ ਕਟਾਈ ਚੱਲ ਰਹੀ ਹੈ ਪਰ ਕੋਈ ਮੰਡੀ ਵਿੱਚ ਖਰੀਦ ਦਾ ਕੰਮ ਪੂਰੀ ਤਰ੍ਹਾਂ ਹੋ ਨਹੀਂ ਰਿਹਾ।
ਪੰਧੇਰ ਨੇ ਕਿਹਾ ਕਿ ਸਾਨੂੰ ਮਜਬੂਰਨ ਸੜਕਾਂ ਤੇ ਆਉਣਾ ਪੈ ਰਿਹਾ। ਅਸੀਂ ਐਮਰਜੰਸੀ ਸੇਵਾਵਾਂ ਬਹਾਲ ਰੱਖਾਂਗੇ ਚਾਹੇ ਕੋਈ ਮਰੀਜ਼ ਆ ਕੋਈ ਏਅਰਪੋਰਟ ‘ਤੇ ਜਾਣ ਲਈ ਨਿਕਲਿਆ ਜਾਂ ਕੋਈ ਵਿਆਹ ਸ਼ਾਦੀ ਦੀ ਕਾਰ ਹੋਵੇ, ਉਨ੍ਹਾਂ ਨੂੰ ਕੋਈ ਦਿੱਕਤ ਦਾ ਸਾਹਮਣਾ ਨਹੀਂ ਆਵੇਗਾ।