ਮਾਨਸਾ ਵਿੱਚ ਵੀ ਗਣਤੰਤਰ ਦਿਹਾੜਾ ਮਨਾਇਆ ਗਿਆ ਹੈ। ਮਾਨਸਾ ਵਿਖੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਤਿਰੰਗਾ ਲਹਿਰਾਇਆ। ਇਸ ਮੌਕੇ ਬੱਚਿਆਂ ਨੇ ਉਨ੍ਹਾਂ ਨੂੰ ਗੁਲਦਸਤੇ ਵੀ ਭੇਂਟ ਕੀਤੇ। ਪੰਜਾਬ ਪੁਲਿਸ ਵੱਲੋਂ ਬਲਬੀਰ ਸਿੰਘ ਨੂੰ ਗਾਰਡ ਆਫ਼ ਆਨਰ ਵੀ ਦਿੱਤਾ ਗਿਆ।
ਇਸ ਮੌਕੇ ਪੰਜਾਬ ਸਰਕਾਰ ਦੇ ਕੰਮਾਂ ਦੀਆਂ ਵੱਖ-ਵੱਖ ਝਾਕੀਆਂ ਵੀ ਵਿਖਾਈਆਂ ਜਾਣਗੀਆਂ। ਪੰਜਾਬੀ ਸੱਭਿਆਚਾਰ ਦੀ ਝਾਕੀ ਵੀ ਪੇਸ਼ ਕੀਤੀ ਗਈ।
ਇਸ ਮੌਕੇ ਸਿਹਤ ਮੰਤਰੀ ਡਾ ਬਲਬੀਰ ਸਿੰਘ ਨੇ ਲੋਕਾਂ ਨੂੰ 74ਵੇਂ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਪੰਜਾਬ ਸਰਕਾਰ ਦੇ ਸੋਹਲੇ ਗਾਏ। ਉਨ੍ਹਾਂ ਨੇ ਸਰਹੱਦਾਂ ਉੱਤੇ ਡਿਊਟੀ ਦੇ ਰਹੇ ਫ਼ੌਜੀਆਂ ਨੂੰ ਵੀ ਸਲਾਮ ਕੀਤਾ। ਉਨ੍ਹਾਂ ਨੇ ਸਾਰਿਆਂ ਨੂੰ ਆਪਣੇ ਆਪਣੇ ਖੇਤਰ ਵਿੱਚ ਯੋਗਦਾਨ ਪਾਉਣ ਲਈ ਕਿਹਾ ਹੈ।
ਮੰਤਰੀ ਨੇ ਸਿਹਤ ਖੇਤਰ ਵਿੱਚ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਕੰਮ ਅਤੇ ਹੋ ਚੁੱਕੇ ਕੰਮਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸਕੂਲ ਆਫ਼ ਐਮੀਨੈਂਸ ਦੀ ਵੀ ਤਾਰੀਫ਼ ਕੀਤੀ। ਭ੍ਰਿਸ਼ਟਾਚਾਰ ਬਾਰੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਖ਼ਿਲਾਫ਼ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਜਾਵੇਗੀ।
ਸਿੱਧੂ ਮੂਸੇਵਾਲਾ ਦੇ ਮਾਪਿਆਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਉਨ੍ਹਾਂ ਨੇ ਗੈਂਗਸਟਰਾਂ ਖਿਲਾਫ਼ ਸਖ਼ਤ ਐਕਸ਼ਨ ਲਏ ਜਾਣ ਬਾਰੇ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਮੂਸੇਵਾਲਾ ਦੀ ਮਾਤਾ ਵੱਲੋਂ ਜੋ ਵੀ ਮੰਗਾਂ ਕੀਤੀਆਂ ਗਈਆਂ ਹਨ, ਉਸ ਉੱਤੇ ਵਿਚਾਰ ਕੀਤੇ ਜਾਣ ਬਾਰੇ ਵੀ ਦੱਸਿਆ। ਬਿਕਰਮ ਸਿੰਘ ਮਜੀਠੀਆ ਬਾਰੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਪਿਛਲੇ 15 ਸਾਲਾਂ ਤੋਂ ਇਨ੍ਹਾਂ ਦੀਆਂ ਸਰਕਾਰਾਂ ਰਹੀਆਂ ਹਨ, ਉਨ੍ਹਾਂ ਸਾਲਾਂ ਵਿੱਚ ਪੰਜਾਬ ਵਿੱਚ ਸ਼ਰਾਬ ਦੀਆਂ ਫੈਕਟਰੀਆਂ ਲੱਗੀਆਂ, ਚਿੱਟੀ ਸੁੰਡੀ ਦਾ ਕਹਿਰ ਵਰਤਿਆ, ਨਕਲੀ ਸ਼ਰਾਬ ਵੰਡੀ ਗਈ, ਜਿਸ ਕਰਕੇ ਕਿੰਨੇ ਹੀ ਲੋਕਾਂ ਦੀਆਂ ਜਾਨਾਂ ਗਈਆਂ ਹਨ।
ਉਨ੍ਹਾਂ ਨੇ ਸੂਬੇ ਵਿੱਚ ਹੋਰ ਵੀ ਮੈਡੀਕਲ ਖੋਲਣ ਦਾ ਦਾਅਵਾ ਕੀਤਾ। ਮੁਹੱਲਾ ਕਲੀਨਿਕਾਂ ਬਾਰੇ ਬੋਲਦਿਆਂ ਕਿਹਾ ਕਿ ਪ੍ਰਾਇਮਰੀ ਹੈਲਥ ਸੈਂਟਰ ਉਹੀ ਰਹੇਗਾ, ਉਸਦੀ ਸਰਵਿਸ ਉਹੀ ਹੋਵੇਗੀ, ਬਸ ਸਾਰੀਆਂ ਸਹੂਲਤਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ।