ਬਟਾਲਾ : ਆਏ ਦਿਨ ਸੜਕ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾ ਨਾਂ ਗਵਾ ਚੁੱਕੇ ਹਨ। ਇਸੇ ਦੌਰਾਨ ਪੰਜਾਬ ਦੇ ਜਿਲ੍ਹਾ ਬਟਾਲਾ ਤੋਂ ਇੱਕ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਸੜਕ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਇੱਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ ਹੈ।
ਜਾਣਕਾਰੀ ਅਨੁਸਾਰ ਬਟਾਲਾ ਤੋਂ ਕਲਾਨੌਰ ਰੋਡ ‘ਤੇ ਅੱਡਾ ਖੁਸ਼ੀਪੁਰ ਨੇੜੇ ਸਵਿਫਟ ਕਾਰ ਸੜਕ ਕਿਨਾਰੇ ਦਰੱਖਤ ਨਾਲ ਟਕਰਾ ਗਈ। ਹਾਦਸੇ ਤੋਂ ਬਾਅਦ ਆਸ-ਪਾਸ ਦੇ ਪਿੰਡਾਂ ਦੇ ਲੋਕ ਮੌਕੇ ‘ਤੇ ਇਕੱਠੇ ਹੋ ਗਏ। ਜਦੋਂ ਲੋਕਾਂ ਨੇ ਕਾਰ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਿਆ ਤਾਂ ਪਤਾ ਲੱਗਾ ਕਿ ਆੜ੍ਹਤੀ ਪ੍ਰਗਟ ਸਿੰਘ ਗੁਰਾਇਆ ਦੀ ਮੌਤ ਹੋ ਚੁੱਕੀ ਸੀ।
ਪ੍ਰਗਟ ਸਿੰਘ ਪਿੰਡ ਖਾਨਫੱਤਾ ਦੇ ਸਾਬਕਾ ਸਰਪੰਚ ਵੀ ਰਹਿ ਚੁੱਕੇ ਹਨ। ਜ਼ਖਮੀ ਨੌਜਵਾਨ ਦੀ ਪਛਾਣ ਮਨਦੀਪ ਸਿੰਘ ਵਜੋਂ ਹੋਈ ਹੈ। ਦੋਵੇਂ ਕਿਸੇ ਜ਼ਰੂਰੀ ਕੰਮ ਲਈ ਕਾਰ ਵਿੱਚ ਜਾ ਰਹੇ ਸਨ ਕਿ ਅਚਾਨਕ ਕਾਰ ਸੜਕ ਕਿਨਾਰੇ ਲੱਗੇ ਦਰੱਖਤ ਨਾਲ ਟਕਰਾ ਗਈ।
ਕਾਰ ਦੀ ਰਫ਼ਤਾਰ ਜ਼ਿਆਦਾ ਸੀ
ਦੱਸਿਆ ਜਾ ਰਿਹਾ ਹੈ ਕਿ ਕਾਰ ਦੀ ਰਫ਼ਤਾਰ ਜ਼ਿਆਦਾ ਸੀ। ਅਜਿਹੇ ‘ਚ ਗੱਡੀ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ ਅਤੇ ਹਾਦਸਾ ਵਾਪਰ ਗਿਆ। ਪੁਲਿਸ ਥਾਣਾ ਕਲਾਨੌਰ ਮੌਕੇ ‘ਤੇ ਪਹੁੰਚ ਗਈ। ਪੁਲਿਸ ਅਨੁਸਾਰ ਮ੍ਰਿਤਕ ਪ੍ਰਗਟ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਰਖਵਾਇਆ ਗਿਆ ਹੈ।