ਬਿਊਰੋ ਰਿਪੋਰਟ (3 ਫਰਵਰੀ, 2026): ਸੰਸਦ ਦੇ ਬਜਟ ਸੈਸ਼ਨ ਦੌਰਾਨ ਲੋਕ ਸਭਾ ਵਿੱਚ ਹੋਏ ਜ਼ੋਰਦਾਰ ਹੰਗਾਮੇ ਅਤੇ ਸਪੀਕਰ ਦੀ ਕੁਰਸੀ ਵੱਲ ਕਾਗਜ਼ ਸੁੱਟਣ ਦੀ ਘਟਨਾ ਤੋਂ ਬਾਅਦ ਵੱਡੀ ਕਾਰਵਾਈ ਕੀਤੀ ਗਈ ਹੈ। ਵਿਰੋਧੀ ਧਿਰ ਦੇ 8 ਸੰਸਦ ਮੈਂਬਰਾਂ ਨੂੰ ਬਾਕੀ ਰਹਿੰਦੇ ਸੈਸ਼ਨ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲ ਕੀਤੇ ਗਏ ਮੈਂਬਰਾਂ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੀ ਸ਼ਾਮਲ ਹਨ।
ਕਿਉਂ ਹੋਈ ਕਾਰਵਾਈ?
ਸਦਨ ਦੀ ਕਾਰਵਾਈ ਦੌਰਾਨ ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਵੱਖ-ਵੱਖ ਮੁੱਦਿਆਂ ’ਤੇ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ। ਹੰਗਾਮਾ ਇੰਨਾ ਵਧ ਗਿਆ ਕਿ ਕੁਝ ਮੈਂਬਰਾਂ ਵੱਲੋਂ ਕਾਗਜ਼ ਪਾੜ ਕੇ ਸਪੀਕਰ ਦੀ ਕੁਰਸੀ (ਚੇਅਰ) ਵੱਲ ਉਛਾਲੇ ਗਏ। ਸਦਨ ਦੀ ਮਰਿਆਦਾ ਨੂੰ ਭੰਗ ਕਰਨ ਦੇ ਇਲਜ਼ਾਮ ਹੇਠ ਇਨ੍ਹਾਂ ਮੈਂਬਰਾਂ ਵਿਰੁੱਧ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਸੈਸ਼ਨ ਤੋਂ ਬਾਹਰ ਕਰ ਦਿੱਤਾ ਗਿਆ। ਇਸ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਵੀ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ।
ਮੁਅੱਤਲ ਕੀਤੇ ਗਏ ਸੰਸਦ ਮੈਂਬਰਾਂ ਦੇ ਨਾਮ:
- ਹਿਬੀ ਈਡਨ
- ਅਮਰਿੰਦਰ ਸਿੰਘ ਰਾਜਾ ਵੜਿੰਗ
- ਮਾਣਿਕਮ ਟੈਗੋਰ
- ਗੁਰਜੀਤ ਸਿੰਘ ਔਜਲਾ
- ਕਿਰਨ ਕੁਮਾਰ ਰੈਡੀ
- ਪ੍ਰਸ਼ਾਂਤ ਯਾਦਵਰਾਓ ਪਡੋਲੇ
- ਐਸ. ਵੈਂਕਟੇਸ਼ਨ
- ਡੀਨ ਕੁਰੀਆਕੋਸ

