Punjab

ਰਾਣਾ ਬਲਾਚੌਰੀਆ ਕਤਲਕਾਂਡ ਦਾ ਹਾਈਕੋਰਟ ਨੇ ਲਿਆ ਨੋਟਿਸ

ਰਾਣਾ ਬਲਾਚੌਰੀਆ ਕਤਲਕਾਂਡ ਨੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਸੀ, ਜਿਸ ਤੋਂ ਬਾਅਦ ਪੰਜਾਬ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਉਠਣੇ ਸ਼ੁਰੂ ਹੋ ਗਏ ਸਨ। ਹੁਣ ਇਸ ਮਾਮਲੇ ਨੂੰ ਲੈ ਕੇ ਪੰਜਾਬ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ।

ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੁਆ ਮੋਟੋ ਨੋਟਿਸ ਲਿਆ ਹੈ। ਅਦਾਲਤ ਨੇ ਪੰਜਾਬ ਸਰਕਾਰ ਤੋਂ ਜਵਾਬ ਤਲਬ ਕੀਤਾ ਹੈ ਅਤੇ ਟੂਰਨਾਮੈਂਟ ਵਿੱਚ ਪੁਲਿਸ ਸੁਰੱਖਿਆ ਬਾਰੇ ਜਾਣਕਾਰੀ ਮੰਗੀ ਹੈ। ਅਗਲੀ ਸੁਣਵਾਈ 23 ਦਸੰਬਰ ਨੂੰ ਹੋਵੇਗੀ।

15 ਦਸੰਬਰ 2025 ਨੂੰ ਮੋਹਾਲੀ ਦੇ ਸੋਹਾਣਾ ਵਿੱਚ ਚੱਲ ਰਹੇ ਕਬੱਡੀ ਟੂਰਨਾਮੈਂਟ ਦੌਰਾਨ ਕਬੱਡੀ ਖਿਡਾਰੀ ਅਤੇ ਪ੍ਰਮੋਟਰ ਕੰਵਰ ਦਿਗਵਿਜੇ ਸਿੰਘ ਉਰਫ਼ ਰਾਣਾ ਬਲਾਚੌਰੀਆ ਨੂੰ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਰਾਣਾ ਨੂੰ ਸੈਲਫੀ ਲੈਣ ਦੇ ਬਹਾਨੇ ਰੋਕ ਕੇ ਨੇੜੇ ਤੋਂ ਗੋਲੀਆਂ ਮਾਰੀਆਂ ਗਈਆਂ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਏ ਅਤੇ ਹਸਪਤਾਲ ਵਿੱਚ ਦਾਖਲ ਕਰਵਾਉਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਗਈ। ਇਹ ਘਟਨਾ ਟੂਰਨਾਮੈਂਟ ਦੇ ਆਖਰੀ ਦਿਨ ਵਾਪਰੀ, ਜਿੱਥੇ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ।

ਰਾਣਾ ਬਲਾਚੌਰੀਆ ਮੂਲ ਰੂਪ ਵਿੱਚ ਬਲਾਚੌਰ ਦੇ ਚਣਕੋਆ ਪਿੰਡ ਦੇ ਰਹਿਣ ਵਾਲੇ ਸਨ ਅਤੇ ਹਿਮਾਚਲ ਪ੍ਰਦੇਸ਼ ਦੇ ਇੱਕ ਸ਼ਾਹੀ ਪਰਿਵਾਰ ਨਾਲ ਸਬੰਧਿਤ ਸਨ। ਉਹ ਕਬੱਡੀ ਦੇ ਮਸ਼ਹੂਰ ਪ੍ਰਮੋਟਰ ਸਨ, ਜੋ ਆਪਣੀਆਂ ਟੀਮਾਂ ਬਣਾ ਕੇ ਟੂਰਨਾਮੈਂਟਾਂ ਵਿੱਚ ਹਿੱਸਾ ਲੈਂਦੇ ਸਨ। ਉਨ੍ਹਾਂ ਨੇ ਪਹਿਲਾਂ ਕੁਸ਼ਤੀ ਖੇਡੀ ਅਤੇ ਫਿਰ ਕਬੱਡੀ ਵੱਲ ਰੁਖ਼ ਕੀਤਾ। ਰਾਣਾ ਨੇ ਮੋਹਾਲੀ ਵਿੱਚ ਇੱਕ ਜਿਮ ਵੀ ਚਲਾਇਆ ਅਤੇ ਕਈ ਪੰਜਾਬੀ ਗੀਤਾਂ ਵਿੱਚ ਵੀ ਨਜ਼ਰ ਆਏ। ਸਭ ਤੋਂ ਦੁਖਦਾਈ ਗੱਲ ਇਹ ਹੈ ਕਿ ਉਨ੍ਹਾਂ ਦਾ ਵਿਆਹ ਸਿਰਫ਼ 11 ਦਿਨ ਪਹਿਲਾਂ, 4 ਦਸੰਬਰ ਨੂੰ ਹੋਇਆ ਸੀ ਅਤੇ ਰਿਸੈਪਸ਼ਨ 6 ਦਸੰਬਰ ਨੂੰ ਹੋਈ ਸੀ। 16 ਦਸੰਬਰ ਨੂੰ ਉਨ੍ਹਾਂ ਦਾ ਅੰਤਿਮ ਸੰਸਕਾਰ ਚਣਕੋਆ ਪਿੰਡ ਵਿੱਚ ਕੀਤਾ ਗਿਆ, ਜਿੱਥੇ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ।

ਕਤਲ ਤੋਂ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ। ਕਤਲ ਤੋਂ ਬਾਅਦ ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ ‘ਤੇ ਜ਼ਿੰਮੇਵਾਰੀ ਲੈਂਦਿਆਂ ਇਸ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਦੱਸਿਆ, ਪਰ ਪੁਲਿਸ ਨੇ ਇਸ ਲਿੰਕ ਨੂੰ ਰੱਦ ਕਰਦਿਆਂ ਕਿਹਾ ਕਿ ਰਾਣਾ ਦਾ ਮੂਸੇਵਾਲਾ ਕੇਸ ਨਾਲ ਕੋਈ ਸਬੰਧ ਨਹੀਂ।

ਪੁਲਿਸ ਮੁਤਾਬਕ ਮੁੱਖ ਮਕਸਦ ਕਬੱਡੀ ਟੂਰਨਾਮੈਂਟਾਂ ‘ਤੇ ਕੰਟਰੋਲ ਹਾਸਲ ਕਰਨਾ ਸੀ ਅਤੇ ਰਾਣਾ ਦੇ ਜੱਗੂ ਭਗਵਾਨਪੁਰੀਆ ਨਾਲ ਸਬੰਧਾਂ ਕਾਰਨ ਉਹ ਟਾਰਗੇਟ ਸਨ। ਪੁਲਿਸ ਨੇ ਸ਼ੂਟਰਾਂ ਦੀ ਪਛਾਣ ਆਦਿਤਿਆ ਕਪੂਰ ਅਤੇ ਕਰਨ ਪਾਠਕ ਵਜੋਂ ਕੀਤੀ, ਜੋ ਅੰਮ੍ਰਿਤਸਰ ਤੋਂ ਸਨ। ਪਲਾਨਿੰਗ ਪੁਰਤਗਾਲ ਵਿੱਚ ਬੈਠੇ ਗੈਂਗਸਟਰ ਡੋਨੀ ਬਲ ਨੇ ਕੀਤੀ।