ਬਿਉਰੋ ਰਿਪੋਰਟ – ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਮੁਲਜ਼ਮਾਂ ਨੂੰ ਫ਼ਰਾਰ ਕਰਵਾਉਣ ਵਾਲੇ ਬਰਖ਼ਾਸਤ ਸਬ ਇੰਸਪੈਕਟਰ ਪ੍ਰਿਤਪਾਲ ਸਿੰਘ ਦੀ ਜ਼ਮਾਨਤ ਪਟੀਸ਼ਨ ਪੰਜਾਬ ਹਰਿਆਣਾ ਹਾਈਕੋਰਟ ਨੇ ਰੱਦ ਕਰ ਦਿੱਤੀ ਹੈ। ਉਸ ਨੇ ਗੈਂਗਸਟਰ ਦੀਪਕ ਉਰਫ਼ ਟੀਨੂੰ ਨੂੰ ਹਿਰਾਸਤ ਤੋਂ ਭੱਜਣ ਵਿੱਚ ਮਦਦ ਕੀਤੀ ਸੀ।
ਮਾਮਲੇ ਦੀ ਸੁਣਵਾਈ ਕਰ ਰਹੇ ਜੱਜ ਹਰਸਿਮਰਨ ਸਿੰਘ ਸੇਠੀ ਨੇ ਕਿਹਾ ਜੇ ਜ਼ਮਾਨਤ ਕਿਸੇ ਹੋਰ ਮਾਮਲੇ ਵਿੱਚ ਹੁੰਦੀ ਤਾਂ ਵਿਚਾਰ ਕੀਤਾ ਜਾ ਸਕਦਾ ਸੀ ਪਰ ਪ੍ਰਿਤਪਾਲ ਸਿੰਘ ਨੇ ਵਰਦੀ ਪਾਕੇ ਕਾਨੂੰਨ ਦੀ ਉਲੰਘਣਾ ਕੀਤੀ ਹੈ। ਜਾਂਚ ਸੰਸਥਾ ਦੇ ਰੂਪ ਵਿੱਚ ਪੁਲਿਸ ’ਤੇ ਲੋਕਾਂ ਦਾ ਭਰੋਸਾ ਕਾਇਮ ਰਹੇ ਇਸ ਲਈ ਪ੍ਰਿਤਪਾਲ ਸਿੰਘ ਨੂੰ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ ਹੈ।
2 ਅਕਤੂਬਰ 2022 ਨੂੰ ਗ੍ਰਿਫ਼ਤਾਰ ਪ੍ਰਿਤਪਾਲ ਸਿੰਘ IPC ਦੀ ਧਾਰਾ 222, 224, 225-ਏ, 212, 216 ਅਤੇ 120-ਬੀ ਅਤੇ ਹਥਿਆਰਾਂ ਦੀਆਂ ਧਾਰਾਵਾਂ ਤਹਿਤ ਕਿਸੇ ਨੂੰ ਫੜਨ ਲਈ ਜਾਣਬੁੱਝ ਕੇ ਅਤੇ ਹੋਰ ਅਪਰਾਧ ਕਰਨ ਲਈ ਦਰਜ ਐਫਆਈਆਰ ਵਿੱਚ ਨਿਯਮਤ ਜ਼ਮਾਨਤ ਦੀ ਮੰਗ ਕਰ ਰਿਹਾ ਸੀ। ਬਰਖਾਸਤ ਇੰਸਪੈਕਟਰ ਦੇ ਵਕੀਲ ਨੇ ਕਿਹਾ ਉਹ ਇੱਕ ਸਾਲ ਤੋਂ ਵੱਧ ਸਮੇਂ ਤੋਂ ਜੇਲ੍ਹ ਵਿੱਚ ਰਿਹਾ ਹੈ।
ਦੂਜੇ ਪਾਸੇ ਪੰਜਾਬ ਦੇ ਐਡੀਸ਼ਨਲ ਐਡਵੋਕੇਟ-ਜਨਰਲ ਗਗਨੇਸ਼ਵਰ ਵਾਲੀਆ ਨੇ ਦਲੀਲ ਦਿੱਤੀ ਕਿ ਪਟੀਸ਼ਨਰ ਇੱਕ ਪੁਲਿਸ ਅਧਿਕਾਰੀ ਸੀ ਜਿਸ ਨੂੰ ਪੁੱਛ-ਪੜਤਾਲ ਲਈ ਇੱਕ ਗੈਂਗਸਟਰ ਦੀਪਕ ਉਰਫ਼ ਟੀਨੂੰ ਦੀ ਹਿਰਾਸਤ ਵਿੱਚ ਸੌਂਪਿਆ ਗਿਆ ਸੀ, ਪਰ ਉਸ ਨੇ ਉਸ ਨੂੰ ਭੱਜਣ ਵਿੱਚ ਮਦਦ ਕੀਤੀ। ਜਸਟਿਸ ਸੇਠੀ ਨੇ ਕਿਹਾ ਜਿਹੜੇ ਰਿਕਾਰਡ ਦੇ ਤੌਰ ’ਤੇ CCTV ਪੇਸ਼ ਕੀਤੇ ਗਏ ਹਨ ਉਸ ਵਿੱਚ ਸਾਫ਼ ਵਿਖਾਈ ਦੇ ਰਿਹਾ ਹੈ ਕਿ ਕਿ ਪ੍ਰਿਤਪਾਲ ਸਿੰਘ ਨੇ ਆਪਣੀ ਨਿੱਜੀ ਕਾਰ ਵਿੱਚ ਅੰਡਰ ਟਰਾਇਲ ਗੈਂਗਸਟਰ ਨੂੰ ਥਾਣੇ ਤੋਂ ਬਿਠਾਇਆ ਅਤੇ ਫਿਰ ਉਸ ਨੂੰ ਰਿਹਾਇਸ਼ੀ ਕੁਆਰਟਰ ਵਿੱਚ ਲਿਜਾਂਦਾ ਗਿਆ। ਜਿੱਥੋਂ ਉਸ ਨੂੰ ਪੁਲਿਸ ਹਿਰਾਸਤ ਤੋਂ ਭਜਾ ਦਿੱਤਾ ਗਿਆ।
ਸਿਰਫ਼ ਇੰਨਾਂ ਹੀ ਨਹੀਂ ਅਦਾਲਤ ਨੇ ਕਿਹਾ ਪ੍ਰਿਤਪਾਲ ਸਿੰਘ ਦੇ ਘਰ ਤੋਂ ਗੈਰ ਕਾਨੂੰਨੀ ਹਥਿਆਰ ਵੀ ਪੁਲਿਸ ਨੇ ਬਰਾਮਦ ਕੀਤੇ ਹਨ ਜੋ ਕਿ ਉਹ ਨਹੀਂ ਰੱਖ ਸਕਦਾ ਸੀ। ਇਸ ਤੋਂ ਸਾਫ਼ ਹੈ ਕਿ ਪ੍ਰਿਤਪਾਲ ਸਿੰਘ ਕਿਸ ਤਰ੍ਹਾਂ ਦਾ ਵਿਅਕਤੀ ਹੈ ਅਤੇ ਉਸ ਦਾ ਆਪਣੇ ਸਾਥੀ ਮੁਲਾਜ਼ਮਾਂ ਨਾਲ ਕਿਸ ਤਰ੍ਹਾਂ ਦਾ ਸਬੰਧ ਸੀ।