ਬਿਉਰੋ ਰਿਪੋਰਟ: ਪੰਜਾਬ ਹਰਿਆਣਾ ਹਾਈਕੋਰਟ (Punjab Haryana High Court) ਨੇ ਗੈਂਗਸਟਰ ਲਾਰੈਂਸ ਬਿਸ਼ਨੋਈ (Gangster Lawrence Bishnoi Jail Interview) ਦੇ ਜੇਲ੍ਹ ਇੰਟਰਵਿਊ ਨੂੰ ਲੈ ਕੇ ਮੁੜ ਤੋਂ ਪੰਜਾਬ ਪੁਲਿਸ ਨੂੰ ਕਰੜੀ ਫਟਕਾਰ ਲਗਾਈ ਹੈ। ਅਦਾਲਤ ਨੇ ਕਿਹਾ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਇੰਟਰਵਿਊ ਦੀ ਇਜਾਜ਼ਤ ਦਿੱਤੀ, ਉਨ੍ਹਾਂ ਦੇ ਕਮਰੇ ਨੂੰ ਸਟੂਡੀਓ ਦੇ ਰੂਪ ਵਿੱਚ ਵਰਤਿਆ ਗਿਆ। ਹਾਈਕੋਰਟ ਨੇ ਕਿਹਾ ਪੁਲਿਸ ਵਾਲਿਆਂ ਨੇ ਗੈਂਗਸਟਰ ਦੇ ਇੰਟਰਵਿਊ ਲਈ ਵਾਈਫਾਈ ਦਾ ਇੰਤਜ਼ਾਮ ਕੀਤਾ ਜੋ ਅਪਰਾਧ ਨੂੰ ਵਧ-ਚੜ੍ਹ ਕੇ ਦੱਸ ਰਿਹਾ ਸੀ। ਇਸ ਮਾਮਲੇ ਵਿੱਚ ਅੱਗੇ ਦੀ ਜਾਂਚ ਕਰਵਾਈ ਜਾਵੇ। ਇਸ ਨੂੰ ਲੈਕੇ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਮਾਨ ਸਰਕਾਰ ਨੂੰ ਘੇਰਿਆ ਹੈ।
ਮਜੀਠੀਆ ਨੇ ਆਪਣੇ ਸੋਸ਼ਲ ਮੀਡੀਆ ਤੇ ਲਿਖਿਆ ਸੀ ਕਿ ਹੈਰਾਨੀਜਨਕ! ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਇੱਕ ਸੀਨੀਅਰ ਅਧਿਕਾਰੀ ਦੇ ਦਫ਼ਤਰ ਨੂੰ ‘ਟੀਵੀ ਸਟੂਡੀਓ’ ਵਜੋਂ ਵਰਤਣ ਅਤੇ ਇੰਟਰਵਿਊ ਲਈ Wi-Fi ਦੀ ਸੁਵਿਧਾ ਦੇਣ ਦੀ ਆਗਿਆ ਦਿੱਤੀ! ਇਹ ਸੱਤਾ ਦਾ ਦੁਰਉਪਯੋਗ ਹੈ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਅਪਰਾਧੀਆਂ ਦੇ ਵਿਚਕਾਰ ਇੱਕ ਖ਼ਤਰਨਾਕ ਗਠਜੋੜ ਬਾਰੇ ਗੰਭੀਰ ਚਿੰਤਾਵਾਂ ਪੈਦਾ ਕਰਦਾ ਹੈ। ਜਦੋਂ ਉਹ ਲੋਕ ਜੋ ਸਾਡੀ ਸੁਰੱਖਿਆ ਲਈ ਹਨ, ਅਪਰਾਧੀਆਂ ਨੂੰ ਸਹੂਲਤਾਂ ਦੇਣ ਤਾਂ ਜਨਤਾ ਦੀ ਸੁਰੱਖਿਆ ਕਿਵੇਂ ਯਕੀਨੀ ਬਣਾਈ ਜਾ ਸਕਦੀ ਹੈ? ਹਾਲਾਤਾਂ ਨੂੰ ਹੋਰ ਬਦਤਰ ਬਣਾਉਂਦੇ ਹੋਏ, ਪੰਜਾਬ ਸਰਕਾਰ ਪੁਲਿਸ ਅਧਿਕਾਰੀ ਵਿਵੇਕਸ਼ੀਲ ਸੋਨੀ ਦੀ ਰੱਖਿਆ ਕਰ ਰਹੀ ਹੈ, ਜੋ ਖਰੜ ਵਿੱਚ CIA ਦਫ਼ਤਰ ’ਚ ਇਸ ਇੰਟਰਵਿਊ ਦੀ ਵਿਆਵਸਥਾ ਕਰਨ ਲਈ ਜ਼ਿੰਮੇਵਾਰ ਸੀ। ਜਵਾਬਦੇਹੀ ਕਿੱਥੇ ਹੈ?