ਬਿਊਰੋ ਰਿਪੋਰਟ : ਪੰਜਾਬ ਪੁਲਿਸ ਦੇ AIG ਆਸ਼ੀਸ਼ ਕਪੂਰਾ ਦਾ ਇੱਕ ਮਹਿਲਾ ਨਾਲ ਕੁੱਟਮਾਰ ਦਾ ਵੀਡੀਓ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਕਰੋੜਾਂ ਦੀ ਰਿਸ਼ਵਤ ਮਾਮਲੇ ਵਿੱਚ ਸਸਪੈਂਡ ਚੱਲ ਰਹੇ AIG ਦੀ ਜ਼ਮਾਨਤ ਰੱਦ ਕਰ ਦਿੱਤਾ ਗਈ । ਵੀਡੀਓ 2018 ਦਾ ਜੀਰਖਪੁਰ ਥਾਣੇ ਦਾ ਹੈ ਜਿੱਥੇ AIG ਆਸ਼ੀਸ਼ ਕਪੂਰ ਨੇ ਮਹਿਲਾ ਤੋਂ 1 ਕਰੋੜ ਦੀ ਰਿਸ਼ਵਤ ਮੰਗੀ ਸੀ । ਮਹਿਲਾ ਦਾ ਇਲਜ਼ਾਮ ਸੀ ਕਿ ਆਸ਼ੀਸ਼ ਕਪੂਰ ਨੇ ਉਸ ਨੂੰ ਗਲਤ ਕੇਸ ਵਿੱਚ ਫਸਾਇਆ ਸੀ ਜਦੋਂ ਉਹ ਆਪਣੀ ਸ਼ਿਕਾਇਤ ਲੈਕੇ ਆਈ ਤਾਂ ਆਸ਼ੀਸ਼ ਕਪੂਰ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ, ਲਗਾਤਾਰ ਥੱਪੜ ਮਾਰਦਾ ਰਿਹਾ । ਰਿਸ਼ਵਤ ਦੇ ਮਾਮਲੇ ਵਿੱਚ ਆਸ਼ੀਸ਼ ਕਪੂਰ ਨੇ ਹਾਈਕੋਰਟ ਵਿੱਚ ਜ਼ਮਾਨਤ ਪਟੀਸ਼ਨ ਪਾਈ ਸੀ । ਜਦੋਂ ਜੱਜ ਨੇ ਇਹ ਵੀਡੀਓ ਵੇਖਿਆ ਤਾਂ ਫੌਰਨ ਜ਼ਮਾਨਤ ਰੱਦ ਕਰ ਦਿੱਤੀ । ਅਦਾਲਤ ਨੇ ਵਿਜੀਲੈਂਸ ਤੋਂ ਵੀ ਸਖ਼ਤ ਸਵਾਲ ਪੁੱਛੇ।
ਪੰਜਾਬ ਸਰਕਾਰ ਤੋਂ ਮੰਗਿਆ ਜਵਾਬ
ਅਦਾਲਤ ਨੇ ਵਿਜੀਲੈਂਸ ਤੋਂ ਪੁੱਛਿਆ ਕਿ ਤੁਸੀਂ ਆਸ਼ੀਸ਼ ਕਪੂਰ ਖਿਲਾਫ਼ ਰਿਸ਼ਵਤ ਦਾ ਕੇਸ ਲੈਕੇ ਆਏ ਸੀ ਤੁਹਾਨੂੰ ਇਸ ਵੀਡੀਓ ਬਾਰੇ ਨਹੀਂ ਪਤਾ ਤਾਂ ਵਿਭਾਗ ਦੇ ਅਧਿਕਾਰੀਆਂ ਨੇ ਨਾ ਕਰ ਦਿੱਤੀ । ਜੱਜ ਨੇ ਕਿਹਾ ਇਹ ਬੜੀ ਹੀ ਹੈਰਾਨੀ ਦੀ ਗੱਲ ਇਹ ਕਿ ਤੁਸੀਂ ਆਸ਼ੀਸ਼ ਕਪੂਰ ਮਾਮਲੇ ਦੀ ਜਾਂਚ ਕਰ ਰਹੇ ਹੋ ਤੁਹਾਨੂੰ ਇਸ ਵੀਡੀਓ ਬਾਰੇ ਨਹੀਂ ਪਤਾ। ਫਿਰ ਅਦਾਲਤ ਨੇ ਸਰਕਾਰ ਨੂੰ ਇਸ ਮਾਮਲੇ ਵਿੱਚ ਜਵਾਬ ਦੇਣ ਨੂੰ ਕਿਹਾ ਹੈ । ਅਦਾਲਤ ਨੇ ਪੀੜਤ ਮਹਿਲਾ ਦੇ ਵਕੀਲ ਨੂੰ ਪੁੱਛਿਆ ਕਿ ਤੁਹਾਨੂੰ ਇਹ ਵੀਡੀਓ ਕਿੱਥੋ ਮਿਲਿਆ ਤਾਂ ਵਕੀਲ ਨੇ ਕਿਹਾ ਕਿਸੇ ਨੇ ਸੀਡੀ ਦੇ ਰੂਪ ਵਿੱਚ ਉਨ੍ਹਾਂ ਤੱਕ ਪਹੁੰਚਾਇਆ ਹੈ। ਆਸ਼ੀਸ਼ ਕਪੂਰ ਖਿਲਾਫ਼ ਇੱਕ ਮਹਿਲਾ ਨੇ ਅੰਮ੍ਰਿਤਸਰ ਜੇਲ੍ਹ ਵਿੱਚ ਜ਼ਬਰ ਜਨਾਹ ਦਾ ਮਾਮਲਾ ਵੀ ਦਰਜ ਕਰਵਾਇਆ ਸੀ ਜਿਸ ਦੀ ਜਾਂਚ SIT ਕਰ ਰਹੀ ਹੈ । 7 ਅਕਤੂਬਰ ਨੂੰ 1 ਕਰੋੜ ਦੀ ਰਿਸ਼ਵਤ ਦੇ ਮਾਮਲੇ ਵਿੱਚ ਆਸ਼ੀਸ਼ ਕਪੂਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ।
ਜੇਲ੍ਹ ਤੋਂ ਛੱਡਣ ਦੇ ਲਈ ਮੰਗੀ ਸੀ ਰਿਸ਼ਵਤ
7 ਅਕਤੂਬਰ 2022 ਨੂੰ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ AIG ਆਸ਼ੀਸ਼ ਕਪੂਰ ਨੂੰ 1 ਕਰੋੜ ਦੀ ਰਿਸ਼ਵਤ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ । ਉਸ ‘ਤੇ ਇਲਜ਼ਾਮ ਸੀ ਕਿ ਵੱਖ-ਵੱਖ ਚੈੱਕਾਂ ਦੇ ਜ਼ਰੀਏ ਰਿਸ਼ਵਤ ਲਈ ਗਈ ਹੈ। ਜਦੋਂ PPS ਅਫਸਰ ਆਸ਼ੀਸ਼ ਕਪੂਰ ਨੂੰ ਫੜਿਆ ਗਿਆ ਸੀ ਉਸ ਵੇਲੇ ਉਹ ਪਠਾਨਕੋਟ ਵਿੱਚ ਚੌਥੀ ਭਾਰਤੀ ਰਿਜ਼ਰਵ ਬਟਾਲੀਅਨ ਦੇ ਕਮਾਂਡੈਂਟ ਸੀ । ਵਿਜੀਲੈਂਸ ਵੱਲੋਂ ਡੀਐਸਪੀ ਇੰਟੈਲੀਜੈਂਸ ਪਵਨ ਕੁਮਾਰ ਨੂੰ ਵੀ ਨਾਮਜ਼ਦ ਕੀਤਾ ਸੀ। ਸਾਰੇ ਮੁਲਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7ਏ ਅਤੇ ਆਈਪੀਸੀ ਦੀ ਧਾਰਾ 420, 120ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ। 2016 ਵਿੱਚ ਅਸ਼ੀਸ਼ ਕਪੂਰ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚ ਸੁਪਰਡੈਂਟ ਦੇ ਅਹੁਦੇ ’ਤੇ ਸਨ ਇਸ ਦੌਰਾਨ ਉਸ ਦੀ ਮੁਲਾਕਾਤ ਪੁਲਿਸ ਹਿਰਾਸਤ ਵਿੱਚ ਬੰਦ ਕੁਰੂਕਸ਼ੇਤਰ ਦੀ ਪੂਨਮ ਰਾਜ ਨਾਲ ਹੋਈ । ਪੂਨਮ ਅਤੇ ਉਸ ਦੇ ਪਰਿਵਾਰ ਦੇ ਖਿਲਾਫ਼ ਧੋਖਾਧੜੀ ਦਾ ਕੇਸ ਜੀਰਖਪੁਰ ਥਾਣੇ ਵਿੱਚ ਚੱਲ ਰਿਹਾ ਸੀ । ਆਸ਼ੀਸ਼ ਕਪੂਰ ਨੇ ਜੀਰਖਪੁਰ ਦੇ ਤਤਕਾਲੀ SHO ਨਾਲ ਮਿਲਕੇ ਪੂਨਮ ਅਤੇ ਉਸ ਦੇ ਪਰਿਵਾਰ ਤੋਂ ਵੱਖ-ਵੱਖ ਚੈੱਕ ਦੇ ਜ਼ਰੀਏ 1 ਕਰੋੜ ਦੀ ਰਿਸ਼ਵਤ ਲਈ ਸੀ ।